ਗੁਰਦਾਸਪੁਰ 19 ਜਨਵਰੀ (ਸਰਬਜੀਤ ਸਿੰਘ)—ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨਾਲ ਸੰਬੰਧਿਤ, ਕੁਝ ਸਥਾਨਿਕ ਮਸਲੇ ਅਤੇ ਕੇਂਦਰ ਸਰਕਾਰ ਵੱਲੋਂ ਪਿਛਲੇ ਸੰਘਰਸ਼ ਦੌਰਾਨ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਦੇ ਸਾਂਝੇ ਫੋਰਮ ਵੱਲੋਂ 13 ਫਰਵਰੀ ਨੂੰ ਮੁੜ ਦਿੱਲੀ ਨੂੰ ਕੂਚ ਕੀਤਾ ਜਾ ਰਿਹਾ ਹੈ ਜਿਸ ਦੀ ਲਾਮਬੰਧੀ ਲਈ 30 ਜਨਵਰੀ ਨੂੰ ਦਾਣਾਂ ਮੰਡੀ ਕਲਾਨੌਰ ਵਿੱਚ ਕਿਸਾਨ ਪੰਚਾਇਤ ਰੱਖੀ ਗਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸੰਘਰਸ਼ ਦੀਆਂ ਮੁੱਖ ਮੰਗਾਂ ਸਾਰੀਆਂ ਫ਼ਸਲਾਂ ਤੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਲਾਗੂ ਕਰਵਾਉਣ ਅਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਮੁਤਾਬਿਕ ਫਸਲਾਂ ਦੇ ਭਾਅ ਤਹਿ ਕਰਨੇ, ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲੇ ਬਿਜਲੀ ਸੋਧ ਬਿਲ 2020 ਨੂੰ ਰੱਦ ਕਰਨਾ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ ਮੁਕਤ ਕਰਨਾ, ਲਖੀਮਪੁਰ ਖੀਰੀ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ, ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਅਤੇ ਮੁਆਵਜਾ ਰਾਸ਼ੀ ਦਵਾਉਣ ਲਈ, ਕਿਸਾਨੀ ਅੰਦੋਲਨ ਦੌਰਾਨ ਸਾਰੇ ਸੂਬਿਆਂ ਵਿੱਚ ਕਿਸਾਨਾਂ ਮਜ਼ਦੂਰਾਂ ਉੱਤੇ ਦਰਜ ਹੋਏ ਪਰਚੇ ਰੱਦ ਕਰਵਾਉਣ ਲਈ, ਖੇਤੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਵਿੱਚੋਂ ਬਾਹਰ ਕਰਵਾਉਣ ਲਈ, ਭਾਰਤ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਸੰਸਥਾ ਵਿੱਚੋਂ ਬਾਹਰ ਆਵੇ,ਵਿਦੇਸ਼ਾਂ ਤੋਂ ਆਉਣ ਵਾਲੀਆਂ ਖੇਤੀ ਜਿਣਸਾਂ ਉੱਪਰ ਆਯਾਤ ਡਿਊਟੀ ਘਟਾਉਣ ਦੀ ਬਜਾਏ ਵਧਾਈ ਜਾਵੇ, 58 ਸਾਲ ਤੋਂ ਵਧੇਰੇ ਉਮਰ ਦੇ ਕਿਸਾਨ ਅਤੇ ਮਜ਼ਦੂਰਾਂ ਲਈ ਪੈਨਸ਼ਨ ਯੋਜਨਾ ਲਾਗੂ ਕਰਕੇ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਖੇਤ ਨੂੰ ਇਕਾਈ ਮੰਨ ਕੇ ਸਰਕਾਰ ਖੁਦ ਪ੍ਰੀਮੀਅਮ ਭਰ ਕੇ ਫਸਲ ਬੀਮਾ ਯੋਜਨਾ ਲਾਗੂ ਕਰੇ, ਜਮੀਨ ਐਕਵਾਇਰ ਕਰਨ ਸਬੰਧੀ 2013 ਦੇ ਐਕਟ ਨੂੰ ਉਸੇ ਰੂਪ ਵਿੱਚ ਲਾਗੂ ਕਰਵਾਉਣਾ ਆਦਿ ਮੰਗਾਂ ਮੁੱਖ ਚਰਚਾ ਵਿੱਚ ਰਹਿਣਗੀਆਂ।
ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਇਸ ਕਿਸਾਨ ਪੰਚਾਇਤ ਵਿੱਚ ਪੰਜਾਬ ਸਰਕਾਰ ਨਾਲ ਸੰਬੰਧਿਤ ਅਤੇ ਸਥਾਨਕ ਮਸਲੇ ਜਿਨਾਂ ਵਿੱਚ ਚਿੱਪ ਵਾਲੇ ਮੀਟਰ ਬੰਦ ਕਰਵਾਉਣੇ, ਕਾਰਪੋਰੇਟ ਘਰਾਣਿਆਂ ਦੇ ਸਾਈਲੋਜ ਨੂੰ ਦਿੱਤੀ ਗਈ ਮੰਡੀਆਂ ਵਜੋਂ ਮਾਨਤਾ ਰੱਦ ਕਰਵਾਉਣੀ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀਆਂ ਦਵਾਉਣੀਆਂ, ਤਹਿਸੀਲ ਧਰ ਕਲਾਂ ਦੀ 27,550 ਏਕੜ ਜਮੀਨ ਦਾ ਜੰਗਲਾਤ ਮਹਿਕਮੇ ਦੇ ਨਾਂ ਗੈਰ ਕਾਨੂੰਨੀ ਇੰਤਕਾਲ ਰੱਦ ਕਰਵਾਉਣਾ, ਨਿਕਾਸੀ, ਪ੍ਰਦੇਸ਼ ਸਰਕਾਰ ਅਤੇ 2007 ਦੀ ਪੋਲਸੀ ਵਾਲੀਆਂ ਜਮੀਨਾਂ ਦੇ ਆਬਾਦਕਾਰਾਂ ਨੂੰ ਮਾਲਕਾਂ ਨਾਲ ਹੱਕ ਦਵਾਉਣੇ, ਲੰਪੀ ਸਕਿਨ ਬਿਮਾਰੀ ਨਾਲ ਮਾਰੇ ਗਏ ਪਸ਼ੂ ਧਨ, ਝੋਨੇ ਦੀ ਫਸਲ, ਗੜੇਮਾਰੀ ਨਾਲ ਖਰਾਬ ਹੋਈਆਂ ਫਸਲਾਂ ਅਤੇ ਹੜਾਂ ਦੌਰਾਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣਾਂ, ਕਲਾਨੌਰ ਡਿਸਟਰੀਬਿਊਟਰੀ ਨੂੰ ਸੰਪੂਰਨ ਨਹਿਰ ਦੀ ਸ਼ਕਲ ਦੇਣ, ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਰੋਕਣੀ ਆਦਿ ਮਸਲੇ ਵੀ ਗੰਭੀਰਤਾ ਨਾਲ ਉਠਾਏ ਜਾਣਗੇ।
ਇਸ ਮੌਕੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਬੀਰ ਸਿੰਘ ਰੰਧਾਵਾ ਵੀ ਮੌਜੂਦ ਰਹੇ ਅਤੇ ਉਹਨਾਂ ਨੇ ਇਸ ਕਿਸਾਨ ਪੰਚਾਇਤ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਸਮੂਹ ਕਿਰਤੀਆਂ, ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ, ਵਿਦਿਆਰਥੀਆਂ, ਕੱਚੇ ਪੱਕੇ ਮੁਲਾਜ਼ਮਾਂ,ਆੜਤੀਆਂ, ਪੱਤਰਕਾਰਾਂ ਨੂੰ ਇਸ ਕਿਸਾਨ ਪੰਚਾਇਤ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ।