ਗੁਰਦਾਸਪੁਰ, 30 ਦਸੰਬਰ (ਸਰਬਜੀਤ ਸਿੰਘ)– ਗੁਰਦਾਸਪੁਰ ਵਿਖੇ ਖੱਬੇ ਪੱਖੀ ਧਿਰਾਂ ਸੀ ਪੀ ਆਈ,ਸੀ ਪੀ ਆਈ ਐਮ ਐਲ ਲਿਬਰੇਸ਼ਨ,ਸੀ ਪੀ ਆਈ ਐਮ ਐਲ ਨਿਊਡੈਮੋਕਰੇਸੀ ਅਤੇ ਆਰ ਐਮ ਪੀ ਆਈ ਦੇ ਆਗੂਆਂ ਮੀਟਿੰਗ ਕਰਕੇ ਨਵੇਂ ਸਾਲ ਦੇ ਪਹਿਲੇ ਦਿਨ ਅਮਰੀਕਾ ਵਲੋਂ ਇਜ਼ਰਾਈਲ ਦੁਆਰਾ ਫਲੀਸਤੀਨੀਆ ਦੀ ਕਾਰਵਾਈ ਜਾ ਰਹੀ ਨਸਲਕੁਸ਼ੀ ਵਿਰੁੱਧ ਸਾਰੇ ਪੰਜਾਬ ਵਿੱਚ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਮੀਟਿੰਗ ਵਿੱਚ ਗੁਲਜ਼ਾਰ ਸਿੰਘ ਬਸੰਤ ਕੋਟ, ਜਸਬੀਰ ਸਿੰਘ ਕਤੋਵਾਲ, ਸ਼ਿਵ ਕੁਮਾਰ,ਗੁਰਚਰਨ ਗਾਂਧੀ, ਸੁਖਦੇਵ ਸਿੰਘ ਭਾਗੋਕਾਵਾਂ, ਸਤਿਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬ੍ਹਰਾਮਪੁਰ ਅਤੇ ਗੁਰਮੀਤ ਸਿੰਘ ਬੱਖਤਪੁਰਾ ਸ਼ਾਮਲ ਹੋਏ, ਬੱਖਤਪੁਰਾ ਨੇ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਦਸਦਿਆਂ ਕਿਹਾ ਕਿ ਅਮਰੀਕਾ ਸਾਮਰਾਜ ਆਪਣੇ ਹਥਿਆਰਾ ਦੇ ਕਾਰਖਾਨੇ ਚਲਦੇ ਰਖਣ ਅਤੇ ਆਪਣੀ ਸੰਸਾਰ ਦਾਦਾਗਿਰੀ ਕਾਇਮ ਰੱਖਣ ਲਈ ਪਹਿਲਾਂ ਯੂਕਰੇਨ ਰਸੀਆ ਯੁਧ ਅਤੇ ਹੁਣ ਆਪਣੇ ਏਸ਼ੀਆ ਦੇ ਸੂਬੇਦਾਰ ਇਜ਼ਰਾਈਲ ਦੁਆਰਾ ਫਲੀਸਤੀਨੀਆ ਦੀ ਤਬਾਹੀ ਕਰਵਾ ਰਿਹਾ ਹੈ ਜਿਸ ਜੰਗ ਵਿੱਚ ਹੁਣ ਤੱਕ ਦੋ ਤਿਹਾਈ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਸਮੇਤ 21ਹਜਾਰ ਫ਼ਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ। ਜਦੋਂ ਕਿ ਫ਼ਲਸਤੀਨੀ ਆਪਣੀ ਧਰਤੀ ਅਤੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਜਦੋਂ ਦੂਸਰੀ ਸੰਸਾਰ ਜੰਗ ਤੋਂ ਪਿਛੋਂ ਯਹੂਦੀਆਂ ਨੂੰ ਵਸਾਉਣ ਲਈ ਬਰਤਾਨੀਆ ਨੇ ਫਲਸਤੀਨ ਦੀ ਧਰਤੀ ਦੀ ਚੋਣ ਕੀਤੀ ਤਾਂ ਉਸ ਸਮੇਂ ਵੀ ਯੂ ਐਨ ਓ ਨੇ ਇਜ਼ਰਾਈਲ ਅਤੇ ਫਲਸਤੀਨ ਦੋ ਦੇਸ਼ ਸਥਾਪਤ ਕਰਨ ਦਾ ਫੈਸਲਾ ਲਿਆ ਸੀ ਪਰ ਆਸਤੇ ਆਸਤੇ ਇਜ਼ਰਾਈਲ ਨੇ ਫ਼ਲਸਤੀਨੀਆਂ ਦੀ ਧਰਤੀ ਦੇ ਵੱਡੇ ਹਿੱਸੇ ਉਂਪਰ ਆਪਣਾਂ ਕਬਜ਼ਾ ਜਮਾ ਲਿਆ ਅਤੇ ਗਾਜਾ ਪੱਟੀ ਅਤੇ ਵੇਸਟ ਬੈਂਕ ਦਾ ਕੁਝ ਟੋਟਾ ਹੀ ਫ਼ਲਸਤੀਨੀਆਂ ਕੋਲ ਬਚਿਆ ਹੈ ਜਿਥੋਂ ਵੀ ਉਨ੍ਹਾਂ ਨੂੰ ਫਾਸੀ ਕਿਸਮ ਦੀ ਜੰਗ ਰਾਹੀਂ ਭਜਾਇਆ ਜਾ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਯਹੂਦੀਆਂ ਨੂੰ ਯੂਰਪ ਨੇ ਉਜਾੜਿਆ ਸੀ ਅਤੇ ਉਨ੍ਹਾਂ ਨੂੰ ਯੂਰਪ ਦੀ ਧਰਤੀ ਤੇ ਵਸਾਇਆ ਜਾਂਦਾ ਪਰ ਸਾਮਰਾਜੀਆਂ ਦੀ ਮਾਰ ਹੇਠ ਗਰੀਬ ਹਮੇਸ਼ਾ ਗਰੀਬ ਦੇਸ਼ ਅਤੇ ਲੋਕ ਹੀ ਆਉਂਦੇ ਹਨ। ਅਫਸੋਸ ਹੈ ਕਿ ਇਸ ਅਸਾਵੀਂ ਜੰਗ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਹੁਕਮਾਂ ਨੂੰ ਛਿੱਕੇ ਟੰਗ ਰਹੇ ਹਨ। ਆਗੂਆਂ ਕਿਹਾ ਕਿ ਇਸ ਜੰਗ ਨੂੰ ਬੰਦ ਕਰਾਉਣ ਦੀ ਮੰਗ ਸਮੇਤ ਯੂ ਐਨ ਓ ਦੇ ਫੈਸਲੇ ਅਨੁਸਾਰ ਫ਼ਲਸਤੀਨੀਆਂ ਨੂੰ ਵੱਖਰਾ ਦੇਸ਼ ਬਨਾਉਣ ਲਈ ਉਨ੍ਹਾਂ ਦੀ ਧਰਤੀ ਦੇਣ ਅਤੇ ਅੰਤਰਰਾਸ਼ਟਰੀ ਅਦਾਲਤ ਦੁਆਰਾ ਇਜ਼ਰਾਈਲ ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈਕੇ ਇਕ ਜਨਵਰੀ ਨੂੰ ਪੁਰਾਣੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ ਜਿਸ ਦਿਨ ਸਾਰੇ ਪੰਜਾਬ ਵਿੱਚ ਖੱਬੇ ਪੱਖੀ ਧਿਰਾਂ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਵਿਰੋਧ ਪ੍ਰਗਟ ਕਰਨਗੀਆਂ।