ਗੁਰਦਾਸਪੁਰ , 25 ਜੁਲਾਈ (ਸਰਬਜੀਤ)– ਤਰਕਸੀਲ ਭਵਨ ਬਰਨਾਲਾ ਵਿਖੇ ਸੀ.ਪੀ. ਆਈ. (ਐਮ. ਐਲ.) ਰੈੱਡ ਸਟਾਰ ਅਤੇ ਮਜਦੂਰ ਅਧਿਕਾਰ ਅੰਦੋਲਨ ਪੰਜਾਬ ਵਲੋਂ ਦੋ ਸੈਸਨਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਭ ਤੋਂ ਪਹਿਲਾਂ ਨਕਸਲਬਾੜੀ ਲਹਿਰ ਦੇ ਮਹਾਨ ਸਹੀਦ ਬਾਬਾ ਬੂਝਾ ਸਿੰਘ ਹਾਲ ਵਿਖੇ ਦੋ ਮਿੰਟ ਦਾ ਮੋਨ ਧਾਰਕੇ ਸਹੀਦਾਂ ਨੂੰ ਸਿਜਦਾ ਕੀਤਾ । ਪਹਿਲੇ ਸੈਸਨ ਵਿੱਚ ਹੋਏ ਸੈਮੀਨਾਰ ਦੌਰਾਨ ਡਾ ਸੁਖਦੇਵ ਸਿੰਘ ਹੁੰਦਲ, ਕਾ. ਤੁਹੀਨ ਦੇਵ ਪੋਲਿਟ ਬਿਉਰੋ ਮੈਂਬਰ , ਕਾਮਰੇਡ ਨਰਭਿੰਦਰ, ਕਾਮਰੇਡ ਮੱਖਣ ਸਿੰਘ ਰਾਮਗੜ, ਕਾਮਰੇਡ ਸ਼ਿਵਵਚਰਨ ਦਾਸ ਸੂਚਨ, ਮਜਦੂਰ ਆਗੂ ਕਰਮਜੀਤ ਕੌਰ ਪੱਖੋ ਕਲਾਂ , ਬਲਵਿੰਦਰ ਕੌਰ ਛੰਨਾ ਭੈਣੀ , ਹਰਪ੍ਰੀਤ ਕੌਰ ਦਾਨਗੜ ਦੇ ਅਧਾਰਤ ਪ੍ਰਧਾਂਨਗੀ ਮੰਡਲ ਦੀ ਚੋਣ ਕੀਤੀ ਗਈ। ਜਿਸ ਦੀ ਸੁਰੂਆਤ ਕਾਮਰੇਡ ਬੱਗੜ ਸਿੰਘ ਰੁੜੇਕੇ ਕਲਾਂ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਸੈਮੀਨਾਰ ਦਾ ਵਿਸਾ ਸੀ, “ ਅਜੋਕੇ ਸਮਾਜ ਵਿੱਚ ਮਜਦੂਰ ਜਮਾਤ ਦੀ ਦਸਾ ਤੇ ਦਿਸਾ ।“ ਸੈਮੀਨਾਰ ਦੇ ਮੁੱਖ ਬੁਲਾਰੇ ਡਾਕਟਰ ਸੁਖਦੇਵ ਸਿੰਘ ‘ਹੁੰਦਲ‘ ਕਨਵੀਨਰ ਜਮਹੂਰੀ ਅਧਿਕਾਰ ਸਭਾ ਹਰਿਆਣਾ ਨੇ ਆਪਣੇ ਗੁੰਦਵੇਂ ਭਾਸਨ ਵਿੱਚ ਕਿਹਾ ਕਿ ਸਾਡੇ ਦੇਸ ਵਿੱਚ ਨਾਂ ਬਰਾਬਰੀ ਸਭ ਹੱਦਾਂ-ਬੰਨੇ ਟੱਪ ਚੁੱਕੀ ਹੈ। ਦੇਸ ਦੇ 1% ਅਮੀਰਾਂ ਕੋਲ ਕੁੱਲ ਸੰਪਤੀ ਵਿੱਚੋਂ 43% ਸੰਪਤੀ ਤੇ ਕਬਜਾ ਹੈ। ਸਭ ਤੋਂ ਅਮੀਰ 10 % ਘਰਾਣੇ ਦੇਸ ਦੀ 74% ਸੰਪਤੀ ਦੇ ਮਾਲਕ ਹਨ। ਅੱਜ ਵੀ ਇਹ ਘਰਾਣੇ ਪੂਰੇ ਦੇਸ ਦੀ ਬਾਕੀ ਬਚੀ ਸੰਪਤੀ ਨੂੰ ਹੜੱਪ ਕਰਨਾ ਚਾਹੁੰਦੇ ਹਨ। ਕਾਰਪੋਰੇਟ ਘਰਾਣਿਆਂ ਦੀ ਦਲਾਲ ਮੋਦੀ ਸਰਕਾਰ ਸਿੱਖਿਆ, ਰੇਲਵੇ, ਹਵਾਈ ਸੇਵਾ, ਖੇਤੀ ਖੇਤਰ, ਜਲ-ਜੰਗਲ , ਜਮੀਨ ਆਦਿ ਸਾਰੇ ਅਦਾਰੇ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟਾਂ ਨੂੰ ਵੇਚਣ ਲਈ ਬਾਰ ਬਾਰ ਕੋਸ਼ਿਸਾਂ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਜਿਨਾਂ ਚਿਰ ਮਜਦੂਰ ਜਮਾਤ ਜੋ ਇਨਕਲਾਬ ਦੀ ਚਾਲਕ ਸਕਤੀ ਹੈ, ਨੂੰ ਸਿੱਖਿਅਤ ਨਹੀਂ ਕੀਤਾ ਜਾਂਦਾ, ਓਨਾਂ ਚਿਰ ਇਸ ਜਮਾਤ ਨੂੰ ਕਾਣੀ ਵੰਡ ਦੇ ਖਿਲਾਫ ਸਿੱਧੀ ਲੜਾਈ ਦੇ ਮੈਦਾਨ ਵਿੱਚ ਨਹੀਂ ਉਤਾਰਿਆ ਜਾ ਸਕਦਾ। ਕਾਮਰੇਡ ਤੁਹੀਨ ਦੇਵ ਪੋਲਿਟ ਬਿਉਰੋ ਮੈਂਬਰ ਸੀ ਪੀ ਆਈ ( ਐਮ ਐਲ) ਰੈੱਡ ਸਟਾਰ ਨੇ ਕਿਹਾ ਪੂਰੇ ਦੇਸ ਦੇ ਕਾਰਪੋਰੇਟ ਘਰਾਣੇ ਜੋ ਸਾਮਰਾਜਵਾਦ ਦੇ ਯੂਨੀਅਰ ਪਾਰਟੀ ਬਣੇ ਹੋਏ ਹਨ, ਇਹਨਾਂ ਕਾਰਪੋਰੇਟ ਘਰਾਣਿਆਂ ਅਤੇ ਸੰਘੀ ਫਾਸਿਸਟ ਤਾਕਤਾਂ ਨੂੰ ਉਖਾੜ ਦੇਣ ਦਾ ਸਮਾਂ ਆ ਗਿਆ ਹੈ। ਜੋ ਦੇਸ ਦੇ ਟੁਕੜੇ – ਟੁਕੜੇ ਕਰਕੇ ਹਿੰਦੂ ਰਾਜ ਬਨਾਉਣ ਦੇ ਸੁਪਨੇ ਲੈ ਰਹੇ ਹਨ ਅਤੇ ਦੇਸ ਨੂੰ ਮੁੜ ਫਿਰਕੂ ਲੀਹਾਂ ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਸੈਮੀਨਾਰ ਨੂੰ ਕਾਮਰੇਡ ਨਰਭਿੰਦਰ, ਕਾਮਰੇਡ ਮੱਖਣ ਰਾਮਗੜ, ਸ਼ਿਵਚਰਨ ਦਾਸ ਸੂਚਨ , ਕਰਮਜੀਤ ਕੌਰ ਪੱਖੋ ਕਲਾਂ, ਬਲਵਿੰਦਰ ਕੌਰ ਛੰਨਾ ਭੈਣੀ ਆਦਿ ਨੇ ਵੀ ਸੰਬੋਧਨ ਕੀਤਾ। ਦੂਜੇ ਸੈਸਨ ਵਿੱਚ ਪਾਰਟੀ ਦਾ ਡੈਲੀਗੇਟ ਸਮੇਲਨ ਕੀਤਾ ਗਿਆ। ਜਿਸ ਵਿੱਚ ਕਾ ਤੁਹੀਨ ਦੇਵ ਨੇ ਵੱਖ-ਵੱਖ ਦਸਤਾਵੇਜਾਂ ਉਪਰ ਚਾਨਣਾ ਪਾਇਆ। ਕਈ ਸਾਥੀਆਂ ਨੇ ਚਰਚਾ ਵਿੱਚ ਭਾਗ ਲਿਆ। ਨਵੀਂ ਸਟੇਟ ਕਮੇਟੀ ਦੀ ਚੋਣ ਕੀਤੀ ਗਈ। ਕਾਮਰੇਡ ਸ਼ਿਵਚਰਨ ਦਾਸ ਸੂਚਨ, ਲਾਭ ਅਕਲੀਆ, ਕਰਮਜੀਤ ਸਿੰਘ ਪੀਰਕੋਟ, ਅੰਤਰਜਾਮੀ ਸਿੰਘ, ਜਾਗਰ ਸਿੰਘ ਮਾਖਾ, ਜਸਵਿੰਦਰ ਕੌਰ ਅਤੇ ਸੁਖਵਿੰਦਰ ਸਿੰਘ ਦੇ ਅਧਾਰਤ ਸੱਤ ਮੈਂਬਰੀ ਕਮੇਟੀ ਬਣਾਈ ਗਈ। ਲਾਭ ਸਿੰਘ ਅਕਲੀਆ ਨੂੰ ਨਵਾਂ ਸੂਬਾ ਸਕੱਤਰ ਚੁਣਿਆ ਲਿਆ ਗਿਆ। ਸਟੇਜ ਦਾ ਸੰਚਾਲਨ ਕਾਮਰੇਡ ਸ਼ਿਵਚਰਨ ਦਾਸ ਨੇ ਕੀਤਾ।



