ਭਾਜਪਾ ਦੀ ਜਿੱਤ 2024 ਦੀਆਂ ਚੋਣਾਂ ਵਿੱਚ ਜਿੱਤ ਵਜੋਂ ਕੋਈ ਸੰਕੇਤ ਨਹੀਂ ਮੰਨਿਆ ਜਾਣਾ ਚਾਹੀਦਾ
ਗੁਰਦਾਸਪੁਰ, 4 ਦਸੰਬਰ (ਸਰਬਜੀਤ ਸਿੰਘ)– ਸੀ.ਪੀ.ਆਈ (ਐਮ .ਐਲ) ਲਿਬਰੇਸ਼ਨ ਨੇ ਚਾਰ ਰਾਜਾ ਦੀਆਂ ਚੋਣਾਂ ਉਪਰ ਵਿਚਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਜਿੱਤ ਲਈ ਕਾਂਗਰਸ ਦੀ ਹਾਉਮੇ ਜਿੰਮੇਵਾਰ ਹੈ।
ਇਸ ਸਬੰਧੀ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਇਡੀਆ ਗਠਜੋੜ ਲੋਕਸਭਾ ਚੋਣਾਂ ਲਈ ਬਣਾਇਆ ਗਿਆ ਸੀ ਪਰ ਪੰਜ ਰਾਜਾਂ ਦੀਆਂ ਚੋਣਾਂ ਨੂੰ ਇਡੀਆ ਗਠਜੋੜ ਤੋਂ ਅਲਵਿਦਾ ਕਰਕੇ ਦੇਖਣਾ ਕਾਂਗਰਸ ਦਾ ਘਮੰਡ ਸੀ, ਜੇਕਰ ਇਨ੍ਹਾਂ ਚੋਣਾਂ ਵਿੱਚ ਇੰਡੀਆ ਗਠਜੋੜ ਦੇ ਭਾਈਵਾਲਾਂ ਨਾਲ ਛੋਟੀ ਮੋਟੀ ਐਡਜਸਟਮੈਂਟ ਕੀਤੀ ਜਾਂਦੀ ਅਤੇ ਇਡੀਆ ਗਠਜੋੜ ਦੇ ਪ੍ਰਮੁੱਖ ਆਗੂ ਇਨ੍ਹਾਂ ਚੋਣਾਂ ਵਿਚ ਪ੍ਰਚਾਰ ਲਈ ਇਕਜੁਟਤਾ ਦਿਖਾਉਂਦੇ ਤਾਂ ਜ਼ਰੂਰ ਨਤੀਜੇ ਹੋਰ ਹੁੰਦੇ। ਬੱਖਤਪੁਰਾ ਨੇ ਕਿਹਾ ਕਿ ਭਾਵੇਂ ਭਾਜਪਾ ਦੀ ਇਸ ਜਿੱਤ ਨਾਲ ਸਿਆਸਤ ਦੇ ਸਮੀਕਰਨ ਬਦਲ ਸਕਦੇ ਹਨ ਪਰ ਇਸ ਦੇ ਬਾਵਜੂਦ ਵੀ ਜੇਕਰ ਕਾਂਗਰਸ ਆਪਣਾਂ ਘਮੰਡ ਛੱਡ ਕੇ ਇਡੀਆ ਗਠਜੋੜ ਨੂੰ ਮਜ਼ਬੂਤ ਕਰਨ ਦੀ ਕੁਰਬਾਨੀ ਕਰੇ ਤਾਂ ਅਵੱਸ਼ 2024 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਅਤੇ ਆਰ ਐਸ ਐਸ ਦੀਆਂ ਸਫ਼ਾਂ ਵਿੱਚ ਉਤਸ਼ਾਹ ਅਤੇ ਇਡੀਆ ਗਠਜੋੜ ਦੀਆਂ ਧਿਰਾਂ ਅੰਦਰ ਨਿਰਾਸ਼ਾ ਦਾ ਆਲਮ ਪੈਦਾ ਕੀਤਾ ਹੈ ਜਿਸ ਨਿਰਾਸ਼ਾ ਨੂੰ ਦੂਰ ਕਰਨ ਲਈ ਇਡੀਆ ਗਠਜੋੜ ਨੂੰ ਕਰੋਂ ਜਾਂ ਮਰੋਂ ਦਾ ਪੈਂਤੜਾ ਅਖਤਿਆਰ ਕਰਨਾ ਪਵੇਗਾ। ਇਹ ਵੀ ਸੰਭਾਵਨਾ ਹੈ ਕਿ ਇਡੀਆ ਗਠਜੋੜ ਨੂੰ ਸੰਭਲਣ ਤੋਂ ਪਹਿਲਾਂ ਵੀ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇ। ਬੱਖਤਪੁਰਾ ਨੇ ਕਿਹਾ ਕਿ ਇਡੀਆ ਗਠਜੋੜ ਦੀਆਂ ਪਾਰਟੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਦੇਸ਼ ਵਿਚ ਲੋਕਤੰਤਰ, ਸੰਵਿਧਾਨ ਅਤੇ ਧਰਮਨਿਰਪੱਖਤਾ ਦਾ ਬਚਾਉ ਕਰਨਾ ਹੈ ਤਾਂ 2024 ਵਿੱਚ ਭਾਜਪਾ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਹਰ ਧਿਰ ਨੂੰ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦਾ ਫੈਸਲਾ ਲੈਣਾ ਹੋਵੇਗਾ। ਉਨਾਂ ਕਿਹਾ ਕਿ ਹਰਗਿਜ਼ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਜਿੱਤ 2024 ਦੀਆਂ ਚੋਣਾਂ ਵਿੱਚ ਜਿੱਤ ਵਜੋਂ ਕੋਈ ਸੰਕੇਤ ਨਹੀਂ ਮੰਨਿਆ ਜਾਣਾ ਚਾਹੀਦਾ ਹੈ।