ਗੁਰਦਾਸਪੁਰ 2 ਦਸੰਬਰ (ਸਰਬਜੀਤ ਸਿੰਘ )– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਪੰਜਾਬ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ 11 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ।ਕਿਉਕਿ ਸਰਕਾਰੀ ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਅਨੁਸਾਰ 470 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਲਾਗਤ ਮੁੱਲ ਬਣਦਾ ਹੈ ਜੇਕਰ 50% ਮੁਨਾਫ਼ਾ ਜੋੜਿਆ ਜਾਵੇ ਤਾਂ 940 ਰੁਪਏ ਭਾਅ ਬਣਦਾ ਹੈ।
ਭਾਰਤ ਦੇ ਸਾਰੇ ਸੂਬਿਆਂ ਤੋਂ ਵੱਧ ਭਾਅ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਜਰਾ ਸੋਚੋ 391ਰੁਪਏ ਲਾਗਤ ਮੁੱਲ ਨਾਲੋਂ ਵੀ 79 ਰੁਪਏ ਘੱਟ ਹੈ।
ਪਿਛਲੇ ਸਾਲ 6 ਅਕਤੂਬਰ ਨੂੰ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਜੀ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਗੰਨਾ ਮਿੱਲਾਂ 5 ਨਵੰਬਰ ਨੂੰ ਯਕੀਨੀ ਚਲਾਈਆਂ ਜਾਣਗੀਆਂ ਸੋ ਪਿਛਲੇ ਸਾਲ ਵੀ ਮੁੱਖ ਮੰਤਰੀ ਆਪਣੇ ਵਾਅਦੇ ਤੋਂ ਮੁਕਰੇ 5 ਨਵੰਬਰ ਨੂੰ ਮਿੱਲਾਂ ਨਹੀਂ ਚਲਾਈਆਂ ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਏ ਨੁਕਸਾਨ ਦੀ ਸਰਕਾਰ ਨੇ ਪੂਰਤੀ ਵੀ ਨਹੀਂ ਕੀਤੀ। ਹੁਣ ਇਸ ਸਾਲ ਵੀ ਸਰਕਾਰ ਨੇ 22 ਨਵੰਬਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਮਿੱਲਾਂ ਚਲਾਉਣ ਦਾ ਐਲਾਨ ਕਰਕੇ ਹੁਣ ਤੱਕ ਮਿੱਲਾਂ ਨਹੀਂ ਚਲਾਈਆਂ ਕਿਸਾਨ ਗੰਨੇ ਦੀਆਂ ਟਰਾਲੀਆਂ ਲੱਦ ਕੇ ਮਿੱਲਾਂ ਦੇ ਮੂਹਰੇ ਖੜੇ ਹਨ। ਗੰਨੇ ਦੀ ਫਸਲ ਨੂੰ ਰੋਗ ਲੱਗਣ ਕਾਰਨ 40% ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ ਤੇ ਮਿੱਲਾਂ ਲੇਟ ਚੱਲਣ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨ ਦੀ ਸਰਕਾਰ ਤੋਂ ਕੋਈ ਉਮੀਦ ਨਹੀਂ।
ਭੋਜਰਾਜ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਮਿੱਲਾਂ ਚਾਲੂ ਕਰਨ ਵਿੱਚ ਹੋ ਰਹੀ ਦੇਰੀ ਨਾਲ ਅਤੇ ਰੋਗ ਨਾਲ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਨਹੀਂ ਤਾਂ ਸਰਕਾਰ ਵਿਰੁੱਧ ਵੱਡਾ ਸੰਘਰਸ਼ ਹੋਵੇਗਾ।ਕਿਸਾਨਾਂ ਨੂੰ ਧਰਨੇ ਲਾਉਣ ਲਈ ਬੰਦੇ ਨਹੀਂ ਲੱਭਣੇ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਦੀਆਂ ਜੇਕਰ ਆਮ ਲੋਕਾਂ ਅਤੇ ਕਿਸਾਨਾਂ ਪ੍ਰਤੀ ਅਜਿਹੀਆਂ ਨੀਤੀਆਂ ਰਹੀਆਂ ਤਾਂ ਇਹਨਾਂ ਨੂੰ ਲੋਕਾਂ ਨੇ ਪਿੰਡਾਂ ਵਿਚ ਨਹੀਂ ਵੜਨ ਦੇਣਾਂ।