ਪੁਲਸ ਨੇ ਕੀਤਾ ਮਾਮਲਾ ਦਰਜ਼ ਅਗਲੇਰੀ ਕਾਰਵਾਈ ਸ਼ੁਰੂ-ਥਾਣਾ ਸਦਰ
ਗੁਰਦਾਸਪੁਰ, 1 ਦਸੰਬਰ (ਸਰਬਜੀਤ ਸਿੰਘ)– ਗੁਰਦਾਸਪੁਰ ਦੀ ਨਬੀਪੁਰ ਕਲੋਨੀ ‘ਚ ਨਵਜੰਮੇ ਬੱਚੇ ਦਾ ਮ੍ਰਿਤਕ ਸਰੀਰ ਮਿਲਣ ਨਾਲ ਕਲੋਨੀ ‘ਚ ਸਨਸਨੀ ਫੈਲ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੇ ਦੇ ਮ੍ਰਿਤ ਸਰੀਰ ਨੂੰ ਕੁੱਤੇ ਕਿਤੋਂ ਨੇੜਿਓਂ ਚੁੱਕ ਕੇ ਲਿਆਏ ਸੀ ਅਤੇ ਸੁਨਸਾਨ ਜਗ੍ਹਾ ਦੇਖ ਕੇ ਉਸ ਨੂੰ ਨੋਚ ਨੋਚ ਕੇ ਖਾ ਰਹੇ ਸਨ। ਜਦੋਂ ਤੱਕ ਮੁਹੱਲਾ ਨਿਵਾਸੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਉਦੋਂ ਤੱਕ ਕੁੱਤੇ ਬੱਚੇ ਦੇ ਸਰੀਰ ਪੇਟ ਦੇ ਹੇਠਾਂ ਦਾ ਲਗਭਗ ਸਾਰਾ ਹਿੱਸਾ ਨੋਚ ਨੋਚ ਕੇ ਖਾ ਚੁੱਕੇ ਸਨ।ਘਟਨਾ ਦਾ ਪਤਾ ਲੱਗਦਿਆਂ ਹੀ ਸਮਾਜ ਸੇਵੀ ਅਤੇ ਸਾਡਾ ਪੰਜਾਬ ਫੈਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਪੁਲਸ ਨੂੰ ਸੂਚਨਾ ਦਿੱਤੀ, ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ।ਉਨ੍ਹਾਂ ਦੱਸਿਆ ਕਿ ਬੱਚੇ ਮ੍ਹਿਤ ਸਰੀਰ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਹੁੰਚੇ ਸਾਡਾ ਪੰਜਾਬ ਫੈਡਰੇਸ਼ਨ ਦੇ ਆਗੂ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੁਲਿਸ ਪ੍ਰਸ਼ਾਸਨ ਦੇ ਧਿਆਨ ‘ਚ ਲਿਆਂਦਾ ਗਿਆ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਇਹ ਮਾਮਲਾ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਸਿਰਫ਼ ਖਾਨਾ ਪੂਰਤੀ ਹੀ ਨਹੀਂ ਕੀਤੀ ਜਾਣੀ ਚਾਹੀਦੀ, ਸਗੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਅਜਿਹੀ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਮੁਹੱਲਾ ਵਾਸੀ ਹਰਜੀਤ ਨੇ ਦੱਸਿਆ ਕਿ ਸ਼ਾਮ ਸਾਢੇ 4 ਵਜੇ ਦੇ ਕਰੀਬ ਉਸ ਦੀ ਭਰਜਾਈ ਨੇ ਉਸ ਨੂੰ ਦੱਸਿਆ ਕਿ ਘਰ ਦੇ ਬਾਹਰ ਕਾਰ ਕੋਲ ਕੁਝ ਕੁੱਤੇ ਕੁਝ ਖਾ ਰਹੇ ਹਨ, ਜਦੋਂ ਉਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਕੁੱਤੇ ਬੱਚੇ ਦੀ ਲਾਸ਼ ਨੂੰ ਖੁਰਚ ਰਹੇ ਸਨ। ਉਨ੍ਹਾਂ ਨੇ ਕਿਸੇ ਤਰ੍ਹਾਂ ਕੁੱਤਿਆਂ ਨੂੰ ਉਥੋਂ ਭਜਾ ਦਿੱਤਾ। ਜਦੋਂ ਉਸ ਨੇ ਦੇਖਿਆ ਤਾਂ ਬੱਚੇ ਦੇ ਸਰੀਰ ਦੇ ਹੇਠਲੇ ਹਿੱਸੇ ਨੂੰ ਕੁੱਤਿਆਂ ਨੇ ਖਾ ਲਿਆ ਸੀ, ਜਿਸ ਕਾਰਨ ਇਹ ਦੱਸਣਾ ਮੁਸ਼ਕਲ ਹੋ ਗਿਆ ਸੀ ਕਿ ਬੱਚਾ ਲੜਕਾ ਹੈ ਜਾਂ ਲੜਕੀ। ਉਨ੍ਹਾਂ ਤੁਰੰਤ ਇਸ ਸਬੰਧੀ ਇਲਾਕਾ ਵਾਸੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ


