ਦੇਸ਼ ਦੇ ਭਵਿੱਖ ਨੂੰ ਸੜਕਾਂ ਤੇ ਨਹੀਂ ਰੁਲਣ ਦਿੱਤਾ ਜਾਵੇਗਾ, ਸਿੱਖਿਆ ਨਾਲ ਜੋੜ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਨਿਹਰੀ ਬਣਾਇਆ ਜਾਵੇਗਾ :- ਪ੍ਰਕਾਸ਼ ਜੋਸ਼ੀ
ਬਟਾਲਾ, ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ)- ਦੇਸ਼ ਦੇ ਭਵਿੱਖ ਨੂੰ ਸੜਕਾਂ ਤੇ ਨਹੀਂ ਰੁਲਣ ਦਿੱਤਾ ਜਾਵੇਗਾ। ਬੱਚਿਆਂ ਨੂੰ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਨਿਹਰੀ ਬਣਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਪ੍ਰਕਾਸ਼ ਜੋਸ਼ੀ ਨੇ ਬਟਾਲਾ ਵਿਖੇ ਅਰਬਨ ਅਸਟੇਟ ਨੇੜੇ ਅਤੇ ਮੁਰਗੀ ਮੁਹੱਲਾ ( ਚੰਦਰ ਨਗਰ ) ਵਿੱਚ ਰਹਿ ਰਹੇ ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇਖਣ ਕਰਨ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਮਮਤਾ ਖੁਰਾਣਾ ਸੇਠੀ ਦੀ ਅਗਵਾਈ ਹੇਠ ਸਕੂਲੋਂ ਵਿਰਵੇ ਬੱਚਿਆਂ ਲਈ ਡਰਾਪ ਆਊਟ ਕੇਸਾਂ ਨੂੰ ਖ਼ਤਮ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ 28 ਨਵੰਬਰ ਤੱਕ ਚਲਾਈ ਜਾ ਰਹੀ ਹੈ। ਇਸ ਅਧੀਨ 3 ਤੋਂ 19 ਸਾਲ ਦੇ ਉਨ੍ਹਾਂ ਬੱਚਿਆਂ ਨੂੰ ਦਾਖਲਾ ਕੀਤਾ ਜਾ ਰਿਹਾ ਹੈ ਜੋ ਕਿਸੇ ਕਾਰਨ ਆਪਣੀ ਮੁੱਢਲੀ ਸਿੱਖਿਆ ਪੂਰੀ ਨਹੀਂ ਕਰ ਸਕੇ। ਅੱਜ ਦੇ ਸਰਵੇਖਣ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਰਹਿ ਰਹੇ ਸਕੂਲੋਂ ਵਿਰਵੇ ਬੱਚਿਆਂ ਦੀ ਜਾਣਕਾਰੀ ਇਕੱਤਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਦੇ ਸਮੂਹ ਸਕੂਲੋਂ ਵਿਰਵੇ ਬੱਚਿਆਂ ਨੂੰ ਸਿੱਖਿਆ ਮੁਹਇਆ ਕਰਵਾਈ ਜਾ ਰਹੀ ਹੈ। ਖਾਸ ਕਰਕੇ ਇੱਟਾਂ ਦੇ ਭੱਠਿਆਂ ਤੇ ਕੰਮ ਕਰ ਰਹੇ ਮਜਦੂਰ ਅਤੇ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਵੀ ਲਾਜਮੀ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰ ਇਕ ਬੱਚੇ ਖਾਸ ਕਰਕੇ ਭੱਠਿਆਂ ‘ਤੇ ਕੰਮ ਕਰਦੇ ਪਰਿਵਾਰਾਂ ਦੇ ਬੱਚੇ, ਪ੍ਰਵਾਸੀ ਮਜਦੂਰਾਂ ਦੇ ਪਰਿਵਾਰਾਂ ਦੇ ਗਲੀਆਂ ਵਿਚ ਖੇਡਦੇ ਬੱਚੇ ਸਕੂਲੋਂ ਵਿਰਵੇ ਬੱਚੇ, ਭਿਖਾਰੀਆਂ ਦੇ ਬੱਚੇ ਅਤੇ ਘੱਟ ਗਿਣਤੀ ਕਮਿਊਨਟੀ ਦੀਆਂ ਲੜਕੀਆਂ ਨੂੰ ਲਾਜਮੀ ਸਿੱਖਿਆ ਦੇਣ ਲਈ ਸਕੂਲਾਂ ਵਿੱਚ ਦਾਖਲ ਕੀਤਾ ਜਾ ਰਿਹਾ ਹੈ। ਸ੍ਰੀ ਜੋਸ਼ੀ ਨੇ ਅੱਗੇ ਦੱਸਿਆ ਕਿ ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲ ਵਿੱਚ ਦੂਜਿਆਂ ਬੱਚਿਆਂ ਦੇ ਪੱਧਰ ਵਿੱਚ ਪਾਏ ਪਾੜੇ ਨੂੰ ਖਤਮ ਕਰਨ ਲਈ ਖਾਸ ਸਿਖਲਾਈ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸਕੂਲ ਪ੍ਰਬੰਧਕ ਕਮੇਟੀਆਂ ਅਤੇ ਲੋਕਲ ਅਧਿਕਾਰੀ ਸਪੈਸ਼ਲ ਟ੍ਰੇਨਿੰਗ ਦੇਣ ਵਾਲੇ ਬੱਚਿਆਂ ਦੀ ਸ਼ਨਾਖਤ ਕਰਨ ਉਪਰੰਤ ਸਪੈਸ਼ਲ ਟ੍ਰੇਨਿੰਗ ਦਿਵਾਉਣ ਲਈ ਯੋਗ ਲੋੜੀਂਦੇ ਪ੍ਰਬੰਧ ਕਰਨਗੇ। ਅਕਾਦਮਿਕ ਅਥਾਰਟੀ ਵਲੋਂ ਉਮਰ ਦੇ ਹਿਸਾਬ ਨਾਲ ਲੋੜੀਂਦਾ ਖਾਸ ਸਿੱਖਿਆ ਮਟੀਰਿਅਲ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਹ ਵੀ ਯਕੀਨੀ ਬਣਾਇਆ ਜਾ ਸਕੇਗਾ ਕਿ ਸ਼ਨਾਖਤ ਕੀਤੇ ਬੱਚੇ ਰੋਜਾਨਾ ਸਕੂਲ ਜਾਣ।
ਉਨਾਂ ਅੱਗੇ ਦੱਸਿਆ ਕਿ ਬੱਚਿਆਂ ਨੂੰ ਸਪੈਸ਼ਲ ਟ੍ਰੇਨਿੰਗ ਦੇਣ ਉਪਰੰਤ ਉਨਾਂ ਦੀ ਉਮਰ ਦੇ ਹਿਸਾਬ ਨਾਲ ਉਨਾਂ ਨੂੰ ਕਲਾਸ ਵਿੱਚ ਭੇਜਿਆ ਜਾਵੇਗਾ ਅਤੇ ਅਧਿਆਪਕ ਇਨਾਂ ਬੱਚਿਆਂ ਨੂੰ ਵਿਸ਼ੇਸ਼ ਧਿਆਨ ਦੇਣਗੇ ਤਾਂ ਕਿ ਉਹ ਕਲਾਸ ਵਿੱਚ ਪੜਦੇ ਦੂਜੇ ਬੱਚਿਆਂ ਦੇ ਬਰਾਬਰ ਰਲ ਸਕਣ।
ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਅਤੇ ਐਨਜੀਓ ਨੂੰ ਬੇਨਤੀ ਕੀਤੀ ਕਿ ਜੇਕਰ ਉਨ੍ਹਾਂ ਦੀ ਨਜ਼ਰ ਵਿੱਚ 3 ਤੋਂ 19 ਸਾਲ ਤੱਕ ਦਾ ਕੋਈ ਵੀ ਬੱਚਾ ਜੋ ਸਕੂਲੋਂ ਵਿਰਵਾ ਧਿਆਨ ਵਿੱਚ ਆਉਂਦਾ ਹੈ ਤਾਂ ਉਸਦਾ ਨਜ਼ਦੀਕੀ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾਈਆ ਜਾਵੇ।ਇਸ ਮੌਕੇ ਡੀ.ਈ.ਓ. ਦਫ਼ਤਰ ਤੋਂ ਮੈਡਮ ਅਨੂ , ਪ੍ਰੀਤਿਕਾ, ਪਵਨ ਕੁਮਾਰ, ਗਗਨਦੀਪ ਸਿੰਘ , ਸੱਤਪਾਲ , ਬਲਾਕ ਦਫ਼ਤਰ ਤੋਂ ਮੈਡਮ ਹਰਵਿੰਦਰ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ।