ਮਾਰਸ਼ਲ ਮਸ਼ੀਨਜ ਲਿਮਟਿਡ ਕੰਪਨੀ ਦੇ ਮਜਦੂਰ ਦਸਵੇਂ ਦਿਨ ਵੀ ਹੜਤਾਲ ‘ਚ ਡਟੇ ਰਹੇ

ਲੁਧਿਆਣਾ-ਖੰਨਾ

ਕੰਮ ਤੋਂ ਕੱਢੇ ਗਏ ਆਗੂਆਂ ਦੀ ਬਹਾਲੀ, ਤਨਖਾਹ ਵਾਧਾ, ਬੋਨਸ ਅਤੇ ਹੋਰ ਜਾਇਜ ਹੱਕਾਂ ਲਈ ਅਣਮਿੱਥੇ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ

ਲੁਧਿਆਣਾ, ਗੁਰਦਾਸਪੁਰ, 20 ਨਵੰਬਰ (ਸਰਬਜੀਤ ਸਿੰਘ)– ਲੁਧਿਆਣੇ ਫੋਕਲ ਪੁਆਂਇਟ ਇਲਾਕੇ ‘ਚ ਸਥਿਤ ਮਾਰਸ਼ਲ ਮਸ਼ੀਨਜ ਲਿਮਟਿਡ ਕੰਪਨੀ ਦੇ ਮਜਦੂਰ ਪਿਛਲੇ ਦਸ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਡਟੇ ਹੋਏ ਹਨ ਅਤੇ ਹੁਣ ਇਹ ਹੜਤਾਲੀ ਮਜਦੂਰ ਆਸ-ਪਾਸ ਦੇ ਇਲਾਕਿਆਂ ਵਿੱਚੋਂ ਹੋਰ ਮਜ਼ਦੂਰਾਂ ਨੂੰ ਆਪਣੀ ਹਿਮਾਇਤ ਵਿੱਚ ਆਉਣ ਦਾ ਸੁਨੇਹਾ ਦੇ ਰਹੇ ਹਨ। ਅੱਜ ਮਜਦੂਰਾਂ ਨੇ ਆਰ ਐਂਡ ਡੀ ਪਾਰਕ ਫੋਕਲ ਪੁਆਂਇਟ ਵਿੱਚ ਇਕੱਠੇ ਹੋ ਕੇ ਆਪਣਾ ਰੋਸ ਪ੍ਰਗਟਾਇਆ ਅਤੇ ਜੀਵਨ ਨਗਰ, ਸ਼ੇਰਪੁਰ, ਗਿਆਸਪੁਰਾ, ਢੰਡਾਰੀ, ਢੋਲੇਵਾਲ ਅਤੇ ਰਜੀਵ ਗਾਂਧੀ ਕਲੋਨੀ ਵਿਖੇ ਪਰਚਾ ਵੰਡ ਕੇ ਅਤੇ ਮਾਰਚ ਕੱਢ ਕੇ ਮਜਦੂਰ ਸਾਥੀਆਂ ਨੂੰ ਇਸ ਹੜਤਾਲ ਦੇ ਹੱਕ ‘ਚ ਅੱਗੇ ਆਉਣ ਅਤੇ 21 ਨਵੰਬਰ ਨੂੰ ਡੀਸੀ ਦਫਤਰ ਵਿਖੇ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਜਿਕਰਯੋਗ ਹੈ ਕਿ ਮਾਰਸ਼ਲ ਮਸ਼ੀਨਜ ਲਿਮਟਿਡ ਦੇ ਮਜਦੂਰ ਪਿਛਲੇ ਲੰਮੇ ਸਮੇਂ ਤੋਂ ਯੂਨੀਅਨ ਬਣਾ ਕੇ ਆਪਣੇ ਜਾਇਜ ਕਨੂੰਨੀ ਹੱਕ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ ਅਤੇ ਇਹਨਾਂ ਨੇ ਆਪਣੀ ਏਕਤਾ ਦੇ ਦਮ ਤੇ ਕਈ ਹੱਕ ਹਾਸਲ ਵੀ ਕੀਤੇ ਸਨ, ਜਿਸ ਕਰਕੇ ਕੰਪਨੀ ਦੇ ਮਾਲਕ ਅਤੇ ਮੈਨੇਜਮੈਂਟ ਮਜਦੂਰਾਂ ਦੀ ਏਕਤਾ ਤੋਂ ਖਫਾ ਸਨ ਅਤੇ ਉਹਨਾਂ ਨੇ ਸੰਘਰਸ਼ਸ਼ੀਲ ਮਜਦੂਰਾਂ ਨੂੰ ਸਬਕ ਸਿਖਾਉਣ ਅਤੇ ਏਕਤਾ ਤੋੜਣ ਲਈ 8 ਨਵੰਬਰ ਨੂੰ 5 ਮਜਦੂਰ ਆਗੂਆਂ ਨੂੰ ਨੌਕਰੀ ਤੋਂ ਮੁਅੱਤਲ ਕਰਨ ਦੀ ਕੋਝੀ ਚਾਲ ਚੱਲੀ। ਜਿਸ ਤੋਂ ਕੰਪਨੀ ਦੇ ਮਜਦੂਰਾਂ ਦਾ ਰੋਹ ਫੁੱਟ ਪਿਆ ਅਤੇ 9 ਨਵੰਬਰ ਤੋਂ ਕੰਪਨੀ ਦੇ ਵਿੱਚ ਹੜਤਾਲ ਹੋ ਗਈ ਜੋ ਕਿ ਅਜੇ ਤੱਕ ਜਾਰੀ ਹੈ। ਹੜਤਾਲੀ ਮਜਦੂਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮਾਲਕ ਤੇ ਮੈਨੇਜਮੈਂਟ ਨੌਕਰੀ ਤੋਂ ਕੱਢੇ ਆਗੂਆਂ ਦੀ ਬਹਾਲੀ, ਤਨਖਾਹ ਵਾਧਾ, ਬੋਨਸ ਅਦਾਇਗੀ, ਪੱਕੀ ਹਾਜਰੀ ਅਤੇ ਹੋਰ ਕਨੂੰਨੀ ਹੱਕ ਲਾਗੂ ਨਹੀਂ ਕਰ ਦਿੰਦੇ ਉਦੋਂ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਮਾਲਕ ਵੱਲੋਂ ਮਜਦੂਰਾਂ ਨੂੰ ਡਰਾਉਣ ਧਮਕਾਉਣ ਦੀਆਂ ਕਾਰਵਾਈਆਂ ਜਾਰੀ ਹਨ ਪਰ ਇਸਦੇ ਬਾਵਜੂਦ ਵੀ ਮਜਦੂਰ ਆਪਣੇ ਸੰਘਰਸ਼ ਨੂੰ ਮੰਗਾਂ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਤੱਕ ਜਾਰੀ ਰੱਖਣ ਲਈ ਅਡਿੱਗ ਹਨ।

ਅੱਜ ਦੇ ਇਕੱਠ ਵਿੱਚ ਕਾਰਖਾਨਾ ਮਜਦੂਰ ਯੂਨੀਅਨ ਦੀ ਆਗੂ ਕਲਪਨਾ, ਟੈਕਸਟਾਇਲ-ਹੌਜਰੀ ਕਾਮਗਾਰ ਯੂਨਿਅਨ ਦੇ ਆਗੂ ਗੁਰਪ੍ਰੀਤ ਅਤੇ ਮਾਰਸ਼ਲ ਮਸ਼ੀਨ ਫੈਕਟਰੀ ਦੇ ਮਜਦੂਰਾਂ ਵਿਕਰਮਜੀਤ ਸਿੰਘ, ਛੋਟੇਲਾਲ, ਰਾਮ ਉਜਾਗਰ, ਪਵਨ ਕੁਮਾਰ ਤੇ ਹੋਰਾਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *