ਚੰਡੀਗੜ੍ਹ, ਗੁਰਦਾਸਪੁਰ, 20 ਨਵੰਬਰ (ਸਰਬਜੀਤ ਸਿੰਘ)– ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਬਿਜਲੀ ਕਾਮਿਆਂ ਦੀ ਜਥੇਬੰਦੀ ਟੀ ਐੱਸ ਯੂ ਦੁਆਰਾ 7 ਦਸੰਬਰ ਨੂੰ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ 30 ਨਵੰਬਰ ਨੂੰ ਆਪਣੀਆਂ ਚਿਰਾਂ ਤੋਂ ਲਟਕਦੀਆਂ ਜਾਇਜ਼ ਤੇ ਹੱਕੀ ਮੰਗਾਂ ਮੰਨਵਾਉਣ ਲਈ ਕੀਤੇ ਜਾ ਰਹੇ ਪੰਜਾਬ ਪੱਧਰ ਦੇ ਸੰਘਰਸ਼ਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਜਥੇਬੰਦੀ ਵੱਲੋਂ ਇਨ੍ਹਾਂ ਸੰਘਰਸ਼ ਪ੍ਰੋਗਰਾਮਾਂ ਵਿੱਚ ਸਥਾਨਕ ਪੱਧਰ ‘ਤੇ ਸ਼ਮੂਲੀਅਤ ਕੀਤੀ ਜਾਵੇਗੀ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਾਲਾਂ ਬੱਧੀ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਾਉਣ ਮਗਰੋਂ ਵੀ ਵਾਰ ਵਾਰ ਵਾਅਦਾ ਖਿਲਾਫੀ ਕਰਕੇ ਪੂਰੀਆਂ ਤਨਖਾਹਾਂ ‘ਤੇ ਪੱਕੇ ਕਰਨ ਤੋਂ ਲਗਾਤਾਰ ਟਾਲਮਟੋਲ ਕਰਨ ਵਾਲੀ ਆਪ ਸਰਕਾਰ ਪਹਿਲੀਆਂ ਸਰਕਾਰਾਂ ਵਾਲੀਆਂ ਲੋਕ ਵਿਰੋਧੀ ਨੀਤੀਆਂ ਹੀ ਲਾਗੂ ਕਰ ਰਹੀ ਹੈ। ਵੱਡੀ ਗਿਣਤੀ ਕਿਸਾਨ ਮਜ਼ਦੂਰ ਤੇ ਹੋਰ ਕਿਰਤੀ ਪਰਵਾਰਾਂ ਦੇ ਜੰਮਪਲ਼ ਇਨ੍ਹਾਂ ਠੇਕਾ ਮੁਲਾਜ਼ਮਾਂ ਨਾਲ ਅਜਿਹੀ ਬੇਇਨਸਾਫ਼ੀ ਤੋਂ ਇਲਾਵਾ ਕਿਸਾਨਾਂ ਨਾਲ ਪਰਾਲ਼ੀ ਸਾੜਨ ਦੇ ਮੁੱਦੇ ‘ਤੇ ਵੀ ਅਤੇ ਸਮੇਂ ਤੋਂ ਪਹਿਲਾਂ ਮੰਡੀਆਂ ਬੰਦ ਕਰਨ ਰਾਹੀਂ ਵੀ ਸਰਾਸਰ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ 26 ਤੋਂ 28 ਨਵੰਬਰ ਤੱਕ ਕੇਂਦਰ ਸਰਕਾਰ ਵਿਰੁੱਧ ਚੰਡੀਗੜ੍ਹ ਮੋਰਚੇ ਦੀਆਂ ਤਿਆਰੀਆਂ ਸਮੇਂ ਠੇਕਾ ਕਾਮਿਆਂ ਦੀ ਹਮਾਇਤ ਬਾਰੇ ਵੀ ਪ੍ਰਚਾਰ ਕੀਤਾ ਜਾਵੇ।