ਗੁਰਦਾਸਪੁਰ, 21 ਜੁਲਾਈ (ਸਰਬਜੀਤ)-ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਪੰਜਾਬ ਦੇ ਸੀ.ਐਚ.ਓ ਨੂੰ ਆ ਰਹੀ ਦਿੱਕਤਾਂ ਅਤੇ ਉਨਾਂ ਹੱਲ ਸਬੰਧੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪਿੱਛਲੇ ਕੁੱਝ ਸਮੇਂ ਤੋਂ ਯੂਨੀਅਨ ਦੇ ਆਗੂਆਂ ਵੱਲੋਂ ਸਿਹਤ ਵਿਭਾਗ ਨੂੰ ਪੱਤਰ ਲਿਖੇ ਗਏ ਹਨ ਅਤੇ ਮੀਟਿੰਗਾਂ ਵੀ ਕੀਤੀਆਂ ਗਈਆਂ। ਇੰਨਾਂ ਮੰਗਾਂ ਅਤੇ ਦਿੱਕਤਾਂ ਦੇ ਚੱਲਦੇ ਅੱਜ ਸਵੇਰੇ ਕੁਲਤਾਰ ਸਿੰਘ ਸੰਧਵਾਂ, ਸਪੀਕਰ ਵਿਧਾਨਸਭਾ ਪੰਜਾਬ ਨਾਲ ਮੁਲਾਕਾਤ ਕੀਤੀ ਗਈ ਅਤੇ ਫੀਲਡ ਵਿੱਚ ਕੰਮ ਕਰਦਿਆਂ ਆਉਣ ਵਾਲੀਆਂ ਪ੍ਰੇਸ਼ਾਨੀਆਂ ਅਤੇ ਆਪਣੀ ਮੰਗਾਂ (ਬੁਨਿਆਦੀ ਤਨਖਾਹ ਵਿੱਚ ਸੋਧ, ਐਚ.ਡਬਲਯੂ. ਸੀ ’ਤੇ ਸਫਾਈ ਕਰਮਚਾਰੀ ਦੀ ਜਰੂਰਤ ਸਬੰਧੀ, ਜ਼ਿਲਾ ਤੇ ਬਲਾਕ ਪੱਧਰ ’ਤੇ ਆ ਰਹੀਆਂ ਦਿੱਕਤਾਂ ਅਤੇ ਉਨਾਂ ਦੇ ਹੱਲ ਸਬੰਧੀ) ਤੋਂ ਜਾਣੂ ਕਰਵਾਇਆ ਗਿਆ। ਯੂਨੀਅਨ ਆਗੂਆਂ ਵੱਲੋਂ ਉਨਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ੍ਯ
ਜਿਸ ਵਿੱਚ ਉਨਾਂ ਦੱਸਿਆ ਕਿ ਸੂਬਾ ਪੰਜਾਬ ਵਿੱਚ ਕਮਿਊਨਿਟੀ ਹੈਲਥ ਅਫਸਰ ਪਿੱਛਲੇ 3 ਸਾਲਾਂ ਤੋਂ ਪੇਂਡੂ ਖੇਤਰਾਂ ਵਿੱਚ ਪੂਰੀ ਤਨਦੇਹੀ ਨਾਲ ਸਿਹਤ ਸੇਵਾਵਾਂ ਪ੍ਰਧਾਨ ਕਰ ਰਹੇ ਹਨ। ਕਰੋਨਾ ਕਾਲ ਵਿੱਚ ਵੀ ਬਿਨਾ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਕੀਤੇ ਪੇਂਡੂ ਖੇਤਰਾਂ ਵਿੱਚ ਸੇਹਤ ਸੇਵਾਵਾਂ ਦਿੱਤੀਆਂ ਅਤੇ ਹੁਣ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਨ। ਉਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਫੀਲਡ ਵਿੱਚ ਕੰਮ ਕਰਦਿਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਬਾਅਦ ਸਪੀਕਰ ਸਾਹਿਬ ਵੱਲੋਂ ਸਾਰੀਆਂ ਹੀ ਗੱਲਾਂ ਨੂੰ ਬੜੇ ਗੌਰ ਨਾਲ ਸੁਣਿਆ ਅਤੇ ਆ ਰਹੀ ਦਿੱਕਤਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਪੰਜਾਬ ਪ੍ਰਧਾਨ ਡਾ. ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਤੋਂ ਇਲਾਵਾ ਸੀ.ਐਚ.ਓ ਮਨਜੀਤ ਸਿੰਘ, ਸੰਦੀਪ, ਦੀਪ ਸ਼ਿਖਾ, ਤਰਜਿੰਦਰ ਕੌਰ, ਰਮਨਵੀਰ ਕੌਰ, ਗੁਰਪ੍ਰੀਤ ਕੌਰ, ਡਾ. ਕਿਰਨ ਆਦਿ ਸ਼ਾਮਲ ਸਨ।