ਚੰਡੀਗੜ੍ਹ, ਗੁਰਦਾਸਪੁਰ, 14 ਨਵੰਬਰ ( ਸਰਬਜੀਤ ਸਿੰਘ)– ਪੰਜਾਬ ਸਰਕਾਰ ਨੇ 22 ਨਵੰਬਰ ਨੂੰ ਧਰਨਾਕਾਰੀ ਮੁਲਾਜ਼ਮਾਂ ਤੇ ਕਿਸਾਨਾਂ ਨਾਲ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਕੈਬਨਿਟ ਦੀ ਸਬ-ਕਮੇਟੀ ਨਾਲ ਹੋਵੇਗੀ। ਇਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ। ਕਮੇਟੀ ਨੇ ਸਾਰੀਆਂ ਯੂਨੀਅਨਾਂ ਨੂੰ ਇੱਕੋ ਦਿਨ ਬੁਲਾਇਆ ਹੈ ਪਰ ਮੀਟਿੰਗ ਦਾ ਸਮਾਂ ਸਾਰਿਆਂ ਲਈ ਵੱਖਰਾ ਰੱਖਿਆ ਗਿਆ ਹੈ। ਇਹ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ। ਪੰਜਾਬ ਸਰਕਾਰ ਨੇ ਇਹ ਫੈਸਲਾ ਤਾਲਮੇਲ ਕਮੇਟੀ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਹੈ।ਸਭ ਤੋਂ ਪਹਿਲਾਂ ਕੈਬਨਿਟ ਸਬ ਕਮੇਟੀ CPF ਇੰਪਲਾਈਜ਼ ਯੂਨੀਅਨ ਪੰਜਾਬ ਨਾਲ ਸਵੇਰੇ 11 ਵਜੇ ਮੀਟਿੰਗ ਕਰੇਗੀ। ਇਸ ਤੋਂ ਬਾਅਦ ਡੈਮੋਕ੍ਰੇਟਿਕ ਵਣ ਕਰਮਚਾਰੀ ਯੂਨੀਅਨ ਪੰਜਾਬ ਨੂੰ ਸਵੇਰੇ 11.30 ਵਜੇ ਅਤੇ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੂੰ ਦੁਪਹਿਰ 12 ਵਜੇ ਸਿਰਫ਼ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਦੁਪਹਿਰ 12.15 ਵਜੇ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਹੋਵੇਗੀ। ਫਿਰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਬੁਲਾਈ ਗਈ ਹੈ। ਦੁਪਹਿਰ 12.30 ਵਜੇ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਨਾਲ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਹੋਵੇਗੀ।


