ਕਾਰਾਂ, ਨਕਦੀ, ਸੋਨੇ ਦੇ ਗਹਿਣੇ ਅਤੇ ਪਿਸਤੌਲ ਬਰਾਮਦ, ਵੱਖ-ਵੱਖ ਪੁਲਸ ਸਟੇਸ਼ਨਾਂ ਵਿੱਚ ਮਾਮਲੇ ਦਰਜ਼
ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)– ਗੁਰਦਾਸਪੁਰ ਪੁਲਿਸ ਨੇ ਅਣ-ਟ੍ਰੇਸ ਲੁੱਟ-ਖੋਹ ਦੇ 5 ਮਾਮਲਿਆਂ ਨੂੰ ਟਰੇਸ ਕਰਦੇ ਹੋਏ 12 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਮੁਲਜ਼ਮ ਇੱਕ ਗੈਂਗਸਟਰ ਦੇ ਕਤਲ ਦੇ ਮਾਮਲੇ ਵਿੱਚ ਵੀ ਲੋੜੀਂਦੇ ਸਨ। ਮੁਲਜ਼ਮਾਂ ਕੋਲੋਂ 12 ਮੋਬਾਈਲ ਫੋਨ, ਵਾਹਨ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ।
ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਹਾਲ ਹੀ ਵਿੱਚ ਵਾਪਰੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਟਰੇਸ ਕਰਨ ਲਈ ਐਸਪੀ ਇਨਵੈਸਟੀਗੇਸ਼ਨ ਪ੍ਰਿਥੀਪਾਲ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਜਾਂਚ ਤਕਨੀਕੀ ਢੰਗ ਨਾਲ ਕੀਤੀ ਗਈ ਸੀ।
ਇਸ ਦੌਰਾਨ ਥਾਣਾ ਕਲਾਨੌਰ ਵਿਖੇ ਦਰਜ ਕੇਸ ਵਿੱਚ ਮੁਲਜ਼ਮ ਗੁਰਜੀਤ ਸਿੰਘ ਵਾਸੀ ਨਬੀਪੁਰ ਅਤੇ ਦੀਪੇਵਾਲ ਵਾਸੀ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਕੋਲੋਂ ਵਾਰਦਾਤ ਦੌਰਾਨ ਵਰਤੀ ਗਈ ਕਾਰ ਅਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ। ਇਸੇ ਤਰ੍ਹਾਂ ਥਾਣਾ ਕਲਾਨੌਰ ਵਿਖੇ ਦਰਜ ਹੋਏ ਲੁੱਟ-ਖੋਹ ਦੇ ਕੇਸ ਵਿੱਚ ਜਰਮਨ ਸਿੰਘ ਵਾਸੀ ਚਾਟੀ ਵਿੰਡ ਨੂੰ ਕਾਬੂ ਕਰਕੇ ਉਸ ਪਾਸੋਂ ਲੁੱਟੀ ਹੋਈ ਰਕਮ ਬਰਾਮਦ ਕੀਤੀ ਗਈ ਹੈ।
ਥਾਣਾ ਧਾਰੀਵਾਲ ‘ਚ 1 ਨਵੰਬਰ ਨੂੰ ਦਰਜ ਹੋਏ ਲੁੱਟ-ਖੋਹ ਦੇ ਮਾਮਲੇ ‘ਚ ਮੁਲਜ਼ਮ ਲਵਜੀਤ ਸਿੰਘ ਅਤੇ ਸੂਰਜ ਸਿੰਘ ਵਾਸੀ ਚਾਟੀ ਵਿੰਡ ਨੂੰ ਇਨੋਵਾ ਗੱਡੀ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਧਾਰੀਵਾਲ ਵਿੱਚ ਦਰਜ ਹੋਏ ਲੁੱਟ ਦੇ ਕੇਸ ਵਿੱਚ ਮੁਲਜ਼ਮ ਅਰਸ਼ਦੀਪ ਸਿੰਘ ਵਾਸੀ ਮੱਲੀਆਂ ਕਲਾਂ ਨੂੰ ਗ੍ਰਿਫ਼ਤਾਰ ਕਰਕੇ ਕਾਰ ਬਰਾਮਦ ਕਰ ਲਈ ਗਈ ਹੈ।
ਇਸੇ ਤਰ੍ਹਾਂ ਥਾਣਾ ਸਿਟੀ ਵਿੱਚ ਦਰਜ ਹੋਏ ਲੁੱਟ-ਖੋਹ ਦੇ ਕੇਸ ਵਿੱਚ ਮੁਲਜ਼ਮ ਸਾਜਨ ਵਾਸੀ ਤਾਜਾ ਨਗਰ, ਰਜਤ ਕੁਮਾਰ ਵਾਸੀ ਗੋਪਾਲ ਨਗਰ ਮੁਹੱਲਾ, ਅਸ਼ੀਸ਼ ਮਸੀਹ ਵਾਸੀ ਰਾਣੀਆਂ, ਰਾਕੇਸ਼ ਕੁਮਾਰ ਵਾਸੀ ਨਰਾਇਣਪੁਰ (ਬਿਹਾਰ) ਅਤੇ ਅਮਨ ਕੁਮਾਰ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਨੂੰ ਗ੍ਰਿਫਤਾਰ ਕਰਕੇ ਦੋ ਫੋਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਵਾਸੀ ਨਬੀਨਗਰ ਬਟਾਲਾ ਖ਼ਿਲਾਫ਼ ਪਹਿਲਾਂ ਵੀ ਕਤਲ ਅਤੇ ਲੁੱਟ-ਖੋਹ ਦੇ ਤਿੰਨ ਕੇਸ ਦਰਜ ਹਨ।
ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਖ਼ਿਲਾਫ਼ ਚੋਰੀ ਅਤੇ ਲੁੱਟ-ਖੋਹ ਦੇ ਪੰਜ ਕੇਸ ਦਰਜ ਹਨ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਗੁਰਜੀਤ ਸਿੰਘ ਅਤੇ ਮੇਜਰ ਸਿੰਘ ਖ਼ਿਲਾਫ਼ ਥਾਣਾ ਕੋਟਲੀ ਸੂਰਤ ਮੱਲੀ ਵਿੱਚ ਗੈਂਗਸਟਰ ਚਰਨਪ੍ਰੀਤ ਸਿੰਘ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਮੇਜਰ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਜਲਦੀ ਹੀ ਉਸਨੂੰ ਵੀ ਫੜ ਲਵੇਗੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਉਮਰ 35 ਤੋਂ 40 ਸਾਲ ਦਰਮਿਆਨ ਹੈ ਅਤੇ ਉਹ ਨਸ਼ੇ ਦੇ ਆਦੀ ਹਨ।


