ਬੰਗਲਾਦੇਸ਼ ਦੀ ਕਪੜਾ ਸਨਅਤ ਦੇ ਕਈ ਹਜਾਰ ਮਜਦੂਰ ਬੇਹੱਦ ਘਟ ਉਜਰਤਾਂ ਨੂੰ ਲੈਕੇ ਹੜਤਾਲ ਤੇ

ਗੁਰਦਾਸਪੁਰ

ਗੁਰਦਾਸਪੁਰ, 5 ਨਵੰਬਰ (ਸਰਬਜੀਤ ਸਿੰਘ)— ਬੰਗਲਾਦੇਸ਼ ਦੀ ਕਪੜਾ ਸਨਅਤ ਦੇ ਕਈ ਹਜਾਰ ਮਜਦੂਰ ਸੋਮਵਾਰ ਤੋਂ ਬੇਹੱਦ ਘਟ ਉਜਰਤਾਂ ਨੂੰ ਲੈਕੇ ਹੜਤਾਲ ਉੱਤੇ ਹਨ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚਲੀ ਕਪੜਾ ਸਨਅਤ ਦੁਨੀਆਂ ਭਰ ਦੀਆਂ ਕਈ ਵੱਡੀਆਂ ਕੰਪਨੀਆਂ ਜਿਵੇਂ ਐੱਚ ਐਂਡ ਐਮ, ਜਾਰਾ, ਨਾਈਕ, ਐਡੀਡਾਸ, ਲੇਵਾਇਸ, ਟਾਰਗੇਟ ਆਦਿ ਆਦਿ ਲਈ ਕਪੜਾ ਬਣਾਉਂਦੀ ਹੈ।
ਬੰਗਲਾਦੇਸ਼ ਵੱਲੋਂ ਸਲਾਨਾ ਕੀਤੇ ਜਾਂਦੇ ਨਿਰਯਾਤ ਦਾ 85% ਹਿੱਸਾ ਬੰਗਲਾਦੇਸ਼ ਦੀ ਕਪੜਾ ਸਨਅਤ ਵਿੱਚੋਂ ਆਉਂਦਾ ਹੈ। ਇਸ ਸਨਅਤ ਵਿੱਚ ਲਗਭਗ 40 ਲੱਖ ਮਜਦੂਰ ਕੰਮ ਕਰਦੇ ਹਨ। ਬੰਗਲਾਦੇਸ਼ ਦੇ ਸਰਮਾਏਦਾਰਾਂ ਤੇ ਵਿਦੇਸ਼ੀ ਸਰਮਾਏਦਾਰਾਂ ਨੂੰ ਸਲਾਨਾ ਅਰਬਾਂ ਡਾਲਰਾਂ ਦਾ ਮੁਨਾਫ਼ਾ ਕਮਾਕੇ ਦੇਣ ਵਾਲ਼ੇ ਮਜਦੂਰਾਂ ਦੀ ਜੀਵਨ ਹਾਲਤਾਂ ਕਾਫੀ ਭੈੜੀਆਂ ਹਨ। ਢਾਕਾ ਦੇ ਆਲ਼ੇ ਦੁਆਲ਼ੇ ਵਾਲੀਆਂ ਫੈਕਟਰੀਆਂ ਵਿੱਚ ਇੱਕ ਕਪੜਾ ਮਜਦੂਰ ਦੀ ਔਸਤ ਆਮਦਨ 8300 ਟਕਾ ਪ੍ਰਤੀ ਮਹੀਨਾ ਜਾਣੀ 6270 ਰੁਪਏ ਪ੍ਰਤੀ ਮਹੀਨਾ ਹੈ।

ਹਾਲ ਹੀ ਵਿਚ ਸ਼ੁਰੂ ਹੋਈ ਹੜਤਾਲ ਇਹਨਾਂ ਉਜਰਤਾਂ ਵਿੱਚ ਵੱਡੇ ਵਾਧੇ ਦੀ ਮੰਗ ਨੂੰ ਲੈਕੇ ਹੀ ਹੈ, ਜਿਸਨੂੰ ਬੰਗਲਾਦੇਸ਼ ਦੀ ਸਰਕਾਰ ਲੰਬੇ ਸਮੇਂ ਤੋਂ ਟਾਲਦੀ ਆ ਰਹੀ ਹੈ ਜਾਂ ਨਿਗੂਣੇ ਵਾਧੇ ਹੀ ਕਰਨ ਲਈ ਰਾਜੀ ਹੁੰਦੀ ਹੈ। ਸ਼ੇਖ ਹਸੀਨਾ ਦੀ ਸਰਕਾਰ ਨੇ ਲੰਬੇ ਸਮੇਂ ਤੋਂ ਮਜਦੂਰਾਂ ਦੀ ਅਜਿਹੀ ਕਿਸੇ ਵੀ ਹੜਤਾਲ ਆਦਿ ਨੂੰ ਦਬਾਉਣ ਲਈ ਪੂਰਾ ਵਾਹ ਲਾਇਆ ਹੋਇਆ ਸੀ। ਇੰਝ ਵੱਡੀ ਗਿਣਤੀ ਵਿੱਚ (ਪੁਲਿਸ ਮੁਤਾਬਕ ਇਹ ਗਿਣਤੀ 17 ਹਜਾਰ ਹੈ ਜਦਕਿ ਸਥਾਨਕ ਯੂਨੀਅਨਾਂ ਦਾ ਕਹਿਣਾ ਹੈ ਕਿ 1 ਲੱਖ ਜਾਂ ਇਸ ਤੋਂ ਵੀ ਵੱਧ ਮਜਦੂਰ ਹੜਤਾਲ ਉੱਤੇ ਹਨ) ਸਰਮਾਏਦਾਰਾਂ ਤੇ ਸਰਕਾਰ ਵਿਰੁੱਧ ਬੰਗਲਾਦੇਸ਼ ਦੇ ਮਜਦੂਰਾਂ ਵੱਲੋਂ ਇੰਝ ਨਿੱਤਰਨਾ ਬੰਗਲਾਦੇਸ਼ੀ ਹਾਕਮਾਂ ਵਿਰੁੱਧ ਲੋਕਾਈ ਦੇ ਰੋਸ ਦਾ ਜੋਰਦਾਰ ਪ੍ਰਗਟਾਵਾ ਹੈ।

ਲਲਕਾਰ ਤੋਂ ਧੰਨਵਾਦ ਸਹਿਤ

Leave a Reply

Your email address will not be published. Required fields are marked *