ਗੁਰਦਾਸਪੁਰ, 3 ਨਵੰਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਪੰਜਾਬੀ ਸੂਬਾ ਬਣਨ ਦੇ 57 ਸਾਲ ਬੀਤ ਜਾਣ ਉਪਰੰਤ ਸੂਬੇ ਦੀਆਂ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਸਮਸਿਆਵਾਂ ਨੂੰ ਹਲ ਕਰਨ ਦੀ ਬਜਾਏ ਅਜੇ ਵੀ ਹਾਕਮ ਪਾਰਟੀਆਂ ਵਲੋਂ ਸੁਆਰਥੀ ਰਾਜਨੀਤੀ ਕੀਤੀ ਜਾ ਰਹੀ ਹੈ।ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪਹਿਲੀ ਨਵੰਬਰ ਦਾ ਪ੍ਰੋਗਰਾਮ ਪੰਜਾਬ ਸਮਸਿਆਵਾ ਦੇ ਹੱਲ ਦਾ ਸਮਾਗ਼ਮ ਨਹੀਂ ਸੀ ਬਲਕਿ ਨਿਰੋਲ ਆਮ ਆਦਮੀ ਪਾਰਟੀ ਦਾ ਰਾਜਨੀਤਕ ਪ੍ਰੋਗਰਾਮ ਸੀ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਦਰਿਆਈ ਪਾਣੀਆਂ, ਰਾਜਧਾਨੀ ਚੰਡੀਗੜ੍ਹ ਪੰਜਾਬ ਲਈ ਹਾਸਲ ਕਰਨ,ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਨ ਸਮੇਤ ਹਾਈਡਲ ਪ੍ਰੋਜੈਕਟਾ ਦਾ ਕੰਟਰੌਲ ਪੰਜਾਬ ਦੇ ਹਿਤ ਵਿਚ ਲੈਣ ਲਈ ਸੰਜੀਦਾ ਹਨ ਤਾਂ ਪਹਿਲੀ ਨਵੰਬਰ ਦੀ ਨੌਟੰਕੀ ਕਰਨ ਦੀ ਬਜਾਏ ਸਰਬਪਾਰਟੀ ਮੀਟਿੰਗ ਬਲਾਉਂਦੇ ਜਿਸ ਮੀਟਿੰਗ ਵਿਚ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਪੰਜਾਬ ਦੀਆਂ ਸਮਸਿਆਵਾਂ ਦਾ ਹਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਵੱਲ ਕੂਚ ਕਰਨ ਦਾ ਮਤਾ ਪਾਸ ਕਰਨ ਲਈ ਮਜਬੂਰ ਕੀਤਾ ਜਾਂਦਾ ਅਤੇ ਭਵਿੱਖ ਲਈ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਂਦੀ ਪਰ ਮੁੱਖ ਮੰਤਰੀ ਭਗਵੰਤ ਮਾਨ ਇਹ ਜ਼ੇਰਾ ਨਹੀਂ ਦਿਖਾ ਸਕਦੇ ਕਿਉਂਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਜਨਰਲ ਸਕੱਤਰ ਅਤੇ ਪੰਜਾਬ ਮਸਲਿਆਂ ਦੇ ਇਨਚਾਰਜ ਡਾਕਟਰ ਸੰਦੀਪ ਪਾਠਕ ਪਾਣੀਆਂ, ਚੰਡੀਗੜ੍ਹ ਅਤੇ ਹਰਿਆਣਾ ਨਾਲ ਸਬੰਧਤ ਹੋਰ ਸਵਾਲਾਂ ਉਪਰ ਪਹਿਲਾਂ ਹੀ ਹਰਿਆਣੇ ਦੇ ਪੱਖ ਵਿੱਚ ਸਟੈਂਡ ਲੈ ਚੁੱਕੇ ਹਨ। ਬੱਖਤਪੁਰਾ ਨੇ ਕਿਹਾ ਪੰਜਾਬ ਦੀਆਂ ਹਾਕਮ ਪਾਰਟੀਆਂ ਪੰਜਾਬ ਦੇ ਹਿਤਾਂ ਵਿੱਚ ਖੜ੍ਹਨ ਦੀ ਬਜਾਏ ਸਾਰੀ ਸ਼ਕਤੀ ਪੰਜਾਬ ਦੀ ਸੱਤਾ ਹਾਸਲ ਕਰਨ ਜਾ ਸਤਾ ਉਪਰ ਕਬਜ਼ਾ ਬਣਾਈ ਰੱਖਣ ਲਈ ਲਾ ਰਹੀਆਂ ਹਨ। ਇਹ ਹੀ ਕਾਰਨ ਹੈ ਕਿ ਪੰਜਾਬ ਕਰਜ਼ੇ, ਨਸ਼ਿਆਂ ਅਤੇ ਗੰਭੀਰ ਕਿਸਮ ਦੀ ਅਰਾਜਕਤਾ ਵਿਚ ਫਸਦਾ ਜਾ ਰਿਹਾ ਹੈ ਅਤੇ ਹਜ਼ਾਰਾਂ ਨੌਜਵਾਨ ਪੰਜਾਬ ਛੱਡ ਕੇ ਭੱਜ ਰਹੇ ਹਨ।


