ਗੁਰਦਾਸਪੁਰ, 3 ਨਵੰਬਰ (ਸਰਬਜੀਤ ਸਿੰਘ)– ਕੌਂਸਲ ਆਫ ਜੂਨੀਅਰ ਇੰਜੀਨੀਅਰ ਪੀ. ਐਸ. ਪੀ. ਸੀ. ਐਲ. ਵਲੋਂ ਪਾਵਰ ਜੂਨੀਅਰ ਇੰਜੀਨੀਅਰ ਦੀ ਮੁੱਢਲੀ ਤਨਖਾਹ ਵਿੱਚ ਵਾਧੇ ਦੀ ਮੰਗ ਅਤੇ ਹੋਰ ਅਹਿਮ ਮੰਗਾਂ ਦੇ ਨਿਪਟਾਰੇ ਵਿੱਚ ਹੋ ਰਹੀ ਬੇਲੋੜੀ ਦੇਰੀ ਕਾਰਨ ਜੂਨੀਅਰ ਇੰਜੀਨੀਅਰ ਵਰਗ ਵਿੱਚ ਪੈਦਾ ਹੋ ਰਹੇ ਰੋਸ ਨੂੰ ਵੇਖਦੇ ਹੋਏ 3 ਨਵੰਬਰ, 2023 ਸੰਘਰਸ਼ ਤੇ ਜਾਣ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਜੇ. ਈ. ਕੌਂਸਲ ਦੇ ਸਰਕਲ ਪ੍ਰਧਾਨ ਇੰਜੀ. ਜਤਿੰਦਰ ਸ਼ਰਮਾ ਤੇ ਜਨਰਲ ਸਕੱਤਰ ਇੰਜ ਵਿਮਲ ਦੇਵ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਗਠਿਤ ਉੱਚ ਪੱਧਰੀ ਕਮੇਟੀ ਵਲੋਂ ਪਾਵਰ ਜੂਨੀਅਰ ਇੰਜੀਨੀਅਰ ਨੂੰ ਪੰਜਾਬ ਸਰਕਾਰ ਦੇ ਜੇ. ਈ. ਦੇ ਪੈਟਰਨ ਤੇ ਪਾਵਰ ਮੁਲਾਜਮਾਂ ਤੇ ਤਨਖਾਹ ਵਾਧੇ ਦੇ ਫਰਕ ਨੂੰ ਬਰਕਰਾਰ ਰੱਖਦਿਆਂ 19260/- ਰੁਪਏ ਮੁੱਢਲੀ ਤਨਖਾਹ ਤੇ ਕਨਵਰਸ਼ਣ ਟੇਬਲ ਅੰਦਰ ਵੱਖਰੇ ਗਰੁੱਪ ਵਿੱਚ ਪਲੇਸਮੇਂਟ ਦੇਣ ਦੀ ਸਿਫਾਰਸ਼ ਕੀਤੀ ਗਈ ਸੀ, ਪਰ ਅਜੇ ਤੱਕ ਪਾਵਰ ਜੂਨੀਅਰ ਇੰਜੀਨੀਅਰ ਨਾਲ ਵਿਤਕਰਾ ਕਰਦੇ ਹੋਏ ਮਿਤੀ 1-12-2011 ਤੋਂ ਪੰਜਾਬ ਸਰਕਾਰ ਦੇ ਜੇ. ਈਜ. ਨੂੰ ਮਿਲ ਰਹੀ 18250/- ਦੀ ਮੁੱਢਲੀ ਤਨਖਾਹ ਤੋਂ ਘਟ 17450/- ਰੁਪਏ ਹੀ ਦਿੱਤੇ ਜਾ ਰਹੇ ਹਨ ।
ਉਪਰੋਕਤ ਮਸਲੇ ਉੱਪਰ ਧਿਆਨ ਕੇਂਦਰਿਤ ਕਰਨ ਹਿੱਤ ਸੰਕੇਤਕ ਸੰਘਰਸ਼ ਪ੍ਰੋਗਰਾਮ ਤਹਿਤ ਪਹਿਲੇ ਪੜ੍ਹਾਅ ਦੌਰਾਨ ਮਿਤੀ 3 ਨਵੰਬਰ 2023 ਪਾਵਰਕਾਮ ਦੇ ਸਰਕਲ ਗੁਰਦਾਸਪੁਰ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ।
ਮਿਤੀ 10 ਨਵੰਬਰ, 2023 ਨੂੰ ਸਮੁੱਚੀ ਕੇਂਦਰੀ ਵਰਕਿੰਗ ਕਮੇਟੀ ਲੀਡਰਸ਼ੀਪ ਵਲੋਂ ਪਾਵਰਕਾਮ ਦੇ ਹੈੱਡ ਕੁਆਰਟਰ ਪਟਿਆਲਾ ਵਿਖੇ ਇੱਕ ਰੋਜ਼ਾ ਸੰਕੇਤਕ ਧਰਨਾ ਅਤੇ 15 ਨਵੰਬਰ 2023 ਤੋਂ 24-11-2023 ਤੱਕ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਸਾਹਮਣੇ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ ।