ਅੰਮ੍ਰਿਤਸਰ, ਗੁਰਦਾਸਪੁਰ, 29 ਅਕਤੂਬਰ (ਸਰਬਜੀਤ ਸਿੰਘ)– ਇਨ੍ਹੀਂ ਦਿਨੀਂ ਭਾਰਤ ਵਿੱਚ ਆਈਸੀਸੀ ਦਾ ਕ੍ਰਿਕਟ ਵਿਸ਼ਵ ਕੱਪ ਚੱਲ ਰਿਹਾ ਹੈ। ਮੀਡੀਆ ਤੋਂ ਲੈ ਕੇ ਫਿਲਮੀ ਕਲਾਕਾਰਾਂ ਤੱਕ ਸਭ ਨੂੰ ਇਸਦੀ ਖੁਮਾਰੀ ਚੜੀ ਹੋਈ ਹੈ। ਇੱਕ ਅੰਦਾਜੇ ਮੁਤਾਬਕ ਇਸ ਵਿਸ਼ਵ ਕੱਪ ਦੇ ਪ੍ਰਸਾਰਣ ਦੌਰਾਨ ਇਸ਼ਤਿਹਾਰ ਲਗਵਾਉਣ ਦਾ ਮੁੱਲ 3600 ਡਾਲਰ ਪ੍ਰਤੀ ਸਕਿੰਟ ਹੈ। ਵਿਸ਼ਵ ਕੱਪ ਦੀ ਇਨਾਮੀ ਰਾਸ਼ੀ 40 ਲੱਖ ਡਾਲਰ ਹੈ। ਸਰਮਾਏਦਾਰਾ ਅਰਥ ਸ਼ਾਸਤਰੀਆਂ ਦੇ ਅੰਦਾਜੇ ਮੁਤਾਬਕ ਇਹ ਟੂਰਨਾਮੈਂਟ ਭਾਰਤੀ ਅਰਥਚਾਰੇ ਵਿੱਚ 22,000 ਕਰੋੜ ਰੁਪਏ ਜੋੜੇਗਾ। ਕ੍ਰਿਕਟ ਭਾਰਤ ਵਿੱਚ ਸਭ ਤੋਂ ਵੱਧ ਮਸ਼ਹੂਰ ਖੇਡਾਂ ਵਿੱਚੋਂ ਇੱਕ ਹੈ ਜਿਸ ਤੋਂ ਭਾਰਤ ਵਿੱਚ ਕ੍ਰਿਕਟ ਨੂੰ ਚਲਾਉਣ ਵਾਲ਼ੀ ਸੰਸਥਾ ਬੀ.ਸੀ.ਸੀ.ਆਈ ਨੇ ਸਾਲ 2018 ਤੋਂ 2022 ਵਿੱਚ 27000 ਕਰੋੜ ਰੁਪਏ ਦੀ ਕਮਾਈ ਕੀਤੀ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਖੇਡੇ ਜਾਂਦੇ ਕ੍ਰਿਕਟ ਮੈਚਾਂ ਦੌਰਾਨ ਵਰਤੀ ਜਾਣ ਵਾਲ਼ੀ ਗੇਂਦ ਬਣਾਉਣ ਵਾਲ਼ੇ ਮਜਦੂਰ ਕਿਸ ਤਰ੍ਹਾਂ ਦੀਆਂ ਹਾਲਤਾਂ ਵਿੱਚ ਆਪਣੀ ਜਿੰਦਗੀ ਜਿਉਂਦੇ ਹਨ? ਇਹ ਮਜਦੂਰ ਬਹੁਤ ਹੀ ਘੱਟ ਉਜਰਤਾਂ ’ਤੇ, ਬਹੁਤ ਭੈੜੀਆਂ ਹਾਲਤਾਂ ਵਿੱਚ ਇਹ ਗੇਂਦ ਬਣਾਉਂਦੇ ਹਨ। ਇਹਨਾਂ ਮਜਦੂਰਾਂ ਦੀ ਜਿੰਦਗੀ ਦੀ ਤ੍ਰਾਸਦੀ ਇਹ ਹੈ ਕਿ ਕ੍ਰਿਕਟ ਵਰਗੇ ਅਮੀਰ ਖੇਡ ਵਿੱਚ ਵਰਤਿਆ ਜਾਣ ਵਾਲ਼ਾ ਸਮਾਨ ਬਣਾਉਣ ਦੇ ਬਾਵਜੂਦ ਵੀ ਇਹਨਾਂ ਦੀ ਗਰੀਬੀ ਦੂਰ ਨਹੀਂ ਹੁੰਦੀ। ਮੇਰਠ ਵਿੱਚ ਕ੍ਰਿਕਟ ਗੇਂਦ ਬਣਾਉਣ ਵਾਲ਼ੇ ਇੱਕ ਮਜਦੂਰ ਮਦਨ ਦਾ ਕਹਿਣਾ ਹੈ: “ਕੋਈ ਵੀ ਜਿੱਤੇ ਸਾਨੂੰ ਕੀ ਫਰਕ ਪੈਂਦਾ ਹੈ, ਖੇਡ ਦਾ ਅਸਲ ਕਾਰੀਗਰ ਤਾਂ ਖਿਡਾਰੀ ਨੂੰ ਹੀ ਸਮਝਿਆ ਜਾਂਦਾ ਹੈ।” ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋਵੇਗੀ ਕਿ ਦਿਨ-ਰਾਤ ਮਿਹਨਤ ਕਰਕੇ ਇਸ ਗੇਂਦ ਨੂੰ ਬਣਾਉਣ ਵਾਲ਼ੇ ਮਜਦੂਰਾਂ ਨੂੰ ਇਹ ਮੈਚ ਦੇਖਣ ਦਾ ਸਮਾਂ ਵੀ ਨਹੀਂ ਮਿਲ਼ਦਾ!
ਭਾਰਤ ਵਿੱਚ ਖੇਡ ਸਨਅਤ ਮੁੱਖ ਤੌਰ ’ਤੇ ਜਲੰਧਰ ਅਤੇ ਮੇਰਠ ਵਿੱਚ ਲੱਗੀ ਹੈ। 1947 ਵਿੱਚ ਪੰਜਾਬ ਦੀ ਵੰਡ ਤੋਂ ਬਾਅਦ, ਸਿਆਲਕੋਟ ਤੋਂ ਉੱਜੜ ਕੇ ਆਏ ਖੇਡ ਵਸਤਾਂ ਬਣਾਉਣ ਵਾਲ਼ੇ ਕਾਰੀਗਰਾਂ ਨੇ ਇਹਨਾਂ ਸ਼ਹਿਰਾਂ ਵਿੱਚ ਹੀ ਮੁੜ ਆਪਣਾ ਕੰਮ ਸ਼ੁਰੂ ਕੀਤਾ। ਭਾਰਤ ਵਿੱਚ ਖੇਡਾਂ ਦੇ ਸਮਾਨ ਦੀ ਪੂਰਤੀ ਮੁੱਖ ਰੂਪ ਵਿੱਚ ਇਹਨਾਂ ਦੋ ਥਾਵਾਂ ’ਤੇ ਲੱਗੀ ਸਨਅਤ ਤੋਂ ਹੀ ਹੁੰਦੀ ਹੈ। ਬਾਕੀ ਖੇਡ ਵਸਤਾਂ ਦੇ ਉਲਟ, ਕ੍ਰਿਕਟ ਦੀ ਗੇਂਦ ਬਣਾਉਣ ਦਾ ਕੰਮ ਹਾਲੇ ਵੀ ਜਿਆਦਾਤਰ ਹੱਥਾਂ ਨਾਲ਼ ਹੀ ਕੀਤਾ ਜਾਂਦਾ ਹੈ। ਇਹ ਕੰਮ ਬਹੁਤ ਹੀ ਗੁੰਝਲ਼ਦਾਰ ਹੁੰਦਾ ਹੈ ਅਤੇ ਮਜਦੂਰਾਂ ਨੂੰ ਇਸ ਕੰਮ ਵਿੱਚ ਕੁਸ਼ਲਤਾ ਹਾਸਲ ਕਰਨ ਵਿੱਚ ਕਾਫੀ ਸਮਾਂ ਲੱਗਦਾ ਹੈ। ਇਸ ਕੰਮ ਵਿੱਚ ਲੱਗੇ ਜਿਆਦਾਤਰ ਮਜਦੂਰਾਂ ਨੂੰ ਇਹ ਹੁਨਰ ਪੀੜ੍ਹੀ ਦਰ ਪੀੜ੍ਹੀ ਮਿਲ਼ਦਾ ਹੈ ਭਾਵੇਂ ਕਿ ਹੁਣ ਇਸ ਪੇਸ਼ੇ ਵਿੱਚ ਵੀ ਮਸ਼ੀਨਾਂ ਦੀ ਅਹਿਮੀਅਤ ਵਧ ਰਹੀ ਹੈ। ਤਿਆਰ ਹੋਣ ਤੋਂ ਪਹਿਲਾਂ ਇੱਕ ਗੇਂਦ 10 ਵੱਖੋ-ਵੱਖ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਵਿੱਚੋਂ ਲੰਘਦੀ ਹੈ। 11 ਕਾਰੀਗਰ ਜੋ ਆਪਣੇ-ਆਪਣੇ ਕੰਮ ਵਿੱਚ ਕੁਸ਼ਲ ਹੁੰਦੇ ਹਨ, ਮਿਲ਼ਕੇ ਇੱਕ ਗੇਂਦ ਤਿਆਰ ਕਰਦੇ ਹਨ। ਚਮੜੇ ਦਾ ਕੰਮ ਹੋਣ ਕਾਰਨ ਇਸ ਕੰਮ ਵਿੱਚ ਜਿਆਦਾਤਰ ਦਲਿਤ ਅਤੇ ਮੁਸਲਮਾਨ ਹੀ ਆਉਂਦੇ ਸਨ ਪਰ ਪਿਛਲੇ ਕੁੱਝ ਸਮੇਂ ਵਿੱਚ ਅਖੌਤੀ ਵੱਡੀਆਂ ਜਾਤਾਂ ਦੇ ਲੋਕ ਵੀ ਇਸ ਕਿੱਤੇ ਵਿੱਚ ਆ ਗਏ ਹਨ। ਇਹ ਵਰਤਾਰਾ ਭਾਰਤ ਵਿੱਚ ਹੋਏ ਸਰਮਾਏਦਾਰਾ ਵਿਕਾਸ ਨਾਲ਼ ਜਾਤ-ਪਾਤ ਦੇ ਪ੍ਰਬੰਧ ਵਿੱਚ ਆਏ ਬਦਲਾਅ ਨੂੰ ਵੀ ਦਰਸਾਉਂਦਾ ਹੈ। ਚਮੜੇ ਨੂੰ ਧੋਣ ਤੋਂ ਲੈਕੇ, ਇਸਨੂੰ ਗੇਂਦ ਦੇ ਅਕਾਰ ਵਿੱਚ ਕੱਟਣ, ਸਿਲਾਈ ਕਰਨ, ਪਾਲਸ਼ ਕਰਨ ਵਰਗੇ ਕੰਮ ਵੱਖ-ਵੱਖ ਮਜਦੂਰ ਕਰਦੇ ਹਨ। ਤਿਆਰ ਹੋਣ ਤੋਂ ਬਾਅਦ ਕੌਮਾਂਤਰੀ ਪੱਧਰ ਦੀ ਗੇਂਦ ਦੀ ਕੀਮਤ 2000 ਤੋਂ 3500 ਰੁਪਏ ਤੱਕ ਹੁੰਦੀ ਹੈ ਪਰ ਮਜਦੂਰਾਂ ਨੂੰ ਪ੍ਰਤੀ ਗੇਂਦ 30-35 ਰੁਪਏ ਹੀ ਮਿਲ਼ਦੇ ਹਨ। ਇਹ ਗੇਂਦ ਭਾਰਤ ਵਿੱਚ ਹੁੰਦੇ ਟੂਰਨਾਮੈਂਟ ਤੋਂ ਲੈਕੇ ਵਿਦੇਸ਼ਾਂ ਵਿੱਚ ਵੀ ਬਰਾਮਦ ਕੀਤੀਆਂ ਜਾਂਦੀਆਂ ਹਨ। ਇਹ ਪੈਸੇ ਵੀ ਸਭ ਕਾਰੀਗਰਾਂ ਨੂੰ ਨਹੀਂ ਮਿਲ਼ਦੇ। ਸਿਰਫ ਸਿਲਾਈ ਕਰਨ ਵਾਲ਼ੇ ਕਾਰੀਗਰ ਹੀ ਇੰਨੇ ਪੈਸੇ ਹਾਸਲ ਕਰ ਪਾਉਂਦੇ ਹਨ। ਗੇਂਦ ਦੀ ਸਿਲਾਈ ਦੇ ਕੰਮ ਵਿੱਚ ਮਜਦੂਰਾਂ ਨੂੰ 7 ਤੋਂ ਲੈ ਕੇ 30 ਰੁਪਏ ਪ੍ਰਤੀ ਗੇਂਦ ਮਿਲ਼ਦੇ ਹਨ। ਜਿਆਦਾਤਰ ਮਜਦੂਰਾਂ ਦੀ ਮਹੀਨਾਵਾਰ ਆਮਦਨ 10,000 ਰੁਪਏ ਤੋਂ ਵੀ ਘੱਟ ਹੈ!
ਇਸ ਕੰਮ ਵਿੱਚ ਮਜਦੂਰਾਂ ਨੂੰ ਲੰਬੇ ਸਮੇਂ ਤੱਕ ਨਜਰ ਟਿਕਾ ਕੇ ਰੱਖਣ ਦੀ ਲੋੜ ਹੁੰਦੀ ਹੈ। ਜਰਾ ਜਿੰਨੀ ਵੀ ਨਜਰ ਹਟਣ ਜਾਂ ਹੱਥ ਕੰਬਣ ’ਤੇ ਸੂਏ ਨਾਲ਼ ਹੱਥ ਵਿੰਨਿਆ ਜਾ ਸਕਦਾ ਹੈ। ਜੇਕਰ ਇੱਕ ਵੀ ਸਿਲਾਈ ਗਲਤ ਲੱਗ ਜਾਵੇ ਤਾਂ ਸਾਰੀ ਗੇਂਦ ਖਰਾਬ ਹੋ ਜਾਂਦੀ ਹੈ ਅਤੇ ਮਾਲਕ ਮਜਦੂਰਾਂ ਨੂੰ ਕੋਈ ਪੈਸਾ ਨਹੀਂ ਦਿੰਦੇ। ਇੱਕ ਉਮਰ ਤੋਂ ਬਾਅਦ ਅੱਖਾਂ ਦੀ ਲੋਅ ਘਟਣ ਕਾਰਨ ਇਹਨਾਂ ਮਜਦੂਰਾਂ ਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ। ਇੰਨੇ ਸਾਲ ਇੱਕ ਹੀ ਕੰਮ ਕਰਨ ਤੋਂ ਬਾਅਦ ਕੋਈ ਹੋਰ ਕੰਮ ਸਿੱਖਣ ਦੀ ਗੁੰਜਾਇਸ਼ ਵੀ ਨਹੀਂ ਰਹਿੰਦੀ। ਕਿਉਂਕਿ ਮਜਦੂਰ ਗੇਂਦ ਬਣਾਉਣ ਦੇ ਇੱਕ ਖਾਸ ਹਿੱਸੇ ਦਾ ਹੀ ਕੰਮ ਜਾਣਦੇ ਹੁੰਦੇ ਹਨ, ਇਸ ਲਈ ਉਹ ਆਪਣੇ ਰੁਜਗਾਰ ਲਈ ਇਸ ਸਨਅਤ ’ਤੇ ਹੀ ਨਿਰਭਰ ਹੁੰਦੇ ਹਨ। ਮਾਲ ਦੇ ਆਡਰ ਵੀ ਕੁੱਝ ਖਾਸ ਸੀਜਨ ਵਿੱਚ ਹੀ ਆਉਂਦੇ ਹਨ। ਗੈਰ-ਜਥੇਬੰਦ ਸਨਅਤ ਹੋਣ ਕਾਰਨ, ਇਹਨਾਂ ਮਜਦੂਰਾਂ ਨੂੰ ਕਿਰਤ ਕਨੂੰਨਾਂ ਦੀ ਮੁਕੰਮਲ ਅਣਹੋਂਦ ਵਿੱਚ ਹੋਰ ਵੀ ਭਿਆਨਕ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕੰਮ ਤੋਂ ਹਟਣ ਤੋਂ ਬਾਅਦ ਜਾਂ ਕਿਸੇ ਵੀ ਬਿਮਾਰੀ ਦੀ ਹਾਲਤ ਵਿੱਚ ਮਜਦੂਰਾਂ ਲਈ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਸੁਰੱਖਿਆ ਦਾ ਵੀ ਕੋਈ ਪ੍ਰਬੰਧ ਨਹੀਂ ਹੁੰਦਾ। ਇਸ ਖੇਤਰ ਵਿੱਚ ਮਜਦੂਰ ਯੂਨੀਅਨਾਂ ਦਾ ਵੀ ਕੋਈ ਖਾਸ ਅਧਾਰ ਨਹੀਂ ਹੈ ਇਸ ਕਰਕੇ ਮਾਲਕ ਉਜਰਤਾਂ ਤੋਂ ਲੈ ਕੇ, ਕੰਮ ਦੇ ਘੰਟਿਆਂ ਤੱਕ, ਹਰ ਚੀਜ ਵਿੱਚ ਆਪਣੀ ਮਰਜੀ ਚਲਾਉਂਦੇ ਹਨ। ਸਾਲ 2017 ਵਿੱਚ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਗਊ ਹੱਤਿਆ ’ਤੇ ਪਬੰਦੀ ਲਗਾਉਣ ਕਾਰਨ ਚਮੜੇ ਦੇ ਰੇਟ ਵਧਣ ਕਾਰਨ, ਮਾਲਕਾਂ ਵੱਲੋਂ ਕਾਫੀ ਮਜਦੂਰਾਂ ਦੀ ਛਾਂਟੀ ਕੀਤੀ ਗਈ। ਇਸ ਤੋਂ ਬਿਨਾਂ ਕਰੋਨਾ ਤਾਲਾਬੰਦੀ ਕਾਰਨ ਵੀ ਖੇਡ ਸਨਅਤ ਨੂੰ ਕਾਫੀ ਨੁਕਸਾਨ ਹੋਇਆ ਸੀ ਜਿਸ ਦਾ ਬੋਝ ਮਾਲਕਾਂ ਨੇ ਮਜਦੂਰ ’ਤੇ ਹੀ ਸੁੱਟਿਆ। ਮਜਦੂਰ ਦੱਸਦੇ ਹਨ ਕਿ ਕਈ ਵਾਰ ਮਾਲਕ 2 ਹਫ਼ਤੇ ਤੱਕ ਤਨਖਾਹ ਰੋਕੀ ਰੱਖਦਾ ਸੀ।
ਪਰ ਅਫ਼ਸੋਸ, ਕ੍ਰਿਕਟ ਮੈਚਾਂ ਦੀ ਚਮਕ ਪਿੱਛੇ ਇਹਨਾਂ ਮਜਦੂਰਾਂ ਦੀ ਨਰਕ ਭਰੀ ਜਿੰਦਗੀ ਸਮਾਜ ਦੀ ਨਜਰ ਤੋਂ ਲੁਕ ਜਾਂਦੀ ਹੈ। ਇਸ ਫੈਕਟਰੀ ਵਿੱਚ ਕੰਮ ਕਰਨ ਵਾਲ਼ਾ ਇੱਕ ਮਜਦੂਰ ਕਹਿੰਦਾ ਹੈ: “ਖਿਡਾਰੀ ਸਿਰਫ ਚਮਕਦੀ ਹੋਈ ਗੇਂਦ ਹੀ ਪਛਾਣਦੇ ਹਨ।” ਮੰਨੋਰੰਜਨ ਦੇ ਸਾਧਨ ਬਣਾਉਣ ਵਾਲ਼ੇ ਮਜਦੂਰ ਦੀ ਖੁਦ ਦੀ ਉਹਨਾਂ ਚੀਜਾਂ ਤੱਕ ਪਹੁੰਚ ਨਹੀਂ ਹੈ। ਉਸਦੀ ਜਿੰਦਗੀ ਮੁੱਖ ਤੌਰ ’ਤੇ ਹੱਢ ਭੰਨਵੀਂ ਮਿਹਨਤ ਕਰਨ ਵਿੱਚ ਹੀ ਲੰਘ ਜਾਂਦੀ ਹੈ। ਇਹੀ ਇਸ ਸਰਮਾਏਦਾਰਾ ਪ੍ਰਬੰਧ ਦੀ ਸੱਚਾਈ ਹੈ। ਇਸਦੀ ਸਾਰੀ ਚਮਕ-ਧਮਕ, ਫੈਕਟਰੀ ਦੇ ਬਾਹਰ ਹੀ ਹੋਂਦ ਰੱਖਦੀ ਹੈ। ਬਿਨਾਂ ਸੰਘਰਸ਼ ਦੇ ਮਜਦੂਰਾਂ ਲਈ ਇਸ ਪ੍ਰਬੰਧ ਵਿੱਚ ਦੁੱਖ-ਤਕਲੀਫਾਂ ਦੇ ਹਨੇਰੇ ਤੋਂ ਬਿਨਾਂ ਹੋਰ ਕੁੱਝ ਨਹੀਂ ਹੈ। ਸਿਰਫ ਆਪਣੇ ਜਥੇਬੰਦਕ ਘੋਲ਼ਾਂ ਰਾਹੀਂ ਹੀ ਮਜਦੂਰ ਇਸ ਹਨ੍ਹੇਰੇ ਪ੍ਰਬੰਧ ਦਾ ਫਸਤਾ ਵੱਢਕੇ ਇੱਕ ਬਿਹਤਰ ਜਿੰਦਗੀ ਦਾ ਨਿਰਮਾਣ ਕਰ ਸਕਦੇ ਹਨ।


