ਦਸੂਹਾ, ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)– ਦਸੂਹਾ ਵਿਖੇ ਪੰਜਾਬ ਕਿਸਾਨ ਯੂਨੀਅਨ ਅਤੇ ਖੱਬੇ ਪੱਖੀਆਂ ਦੀ ਮੀਟਿੰਗ ਚਰਨਜੀਤ ਸਿੰਘ ਭਿੰਡਰ ਅਤੇ ਤੇਜਿਦਰ ਸਿੰਘ ਜੱਟ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਇਸ ਸਮੇਂ ਬੋਲਦਿਆਂ ਸੂਬਾ ਜਾਇੰਟ ਸਕੱਤਰ ਅਸ਼ੋਕ ਮਹਾਜਨ, ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਕਿਸਾਨੀ ਲਹਿਰ ਨੂੰ ਚਲਾ ਰਹੀਆਂ ਜਥੇਬੰਦੀਆਂ ਦਾ ਦੁਬਾਰਾ ਸੰਯੁਕਤ ਮੋਰਚਾ ਦੀ ਅਗਵਾਈ ਵਿੱਚ ਇੱਕ ਹੋਣ ਦਾ ਚੱਲ ਰਿਹਾ ਅਮਲ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨੀ ਦੇ ਹੜਾਂ ਵਿਚ ਹੋਏ ਜਾਨੀ ਮਾਲੀ ਨੁਕਸਾਨ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਅਤੇ ਨਾ ਹੀ ਚੋਣਾਂ ਦੌਰਾਨ ਕੀਤੀਆਂ ਗਰੰਟੀਆ ਨੂੰ ਪੂਰਾ ਕਰਨ ਦਾ ਕੋਈ ਯਤਨ ਨਹੀਂ ਹੋ ਰਿਹਾ ਹੈ। ਇਸੇ ਤਰ੍ਹਾਂ ਮੋਦੀ ਸਰਕਾਰ ਵਲੋਂ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਦੇਣ, ਲਖੀਮਪੁਰ ਖੀਰੀ ਦੇ ਕਤਲੇਆਮ ਦੇ ਦੋਸ਼ੀ ਰਾਜ ਗ੍ਰਿਹ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਵਜਾਰਤ ਚੋਂ ਬਾਹਰ ਕਰਕੇ ਸਾਜ਼ਿਸ਼ ਦੇ ਕੇਸ ਵਿੱਚ ਗ੍ਰਿਫ਼ਤਾਰ ਕਰਨ ਵਰਗੇ ਅਹਿਮ ਮੁੱਦੇ ਜਿਉਂ ਦੇ ਤਿਉਂ ਖੜ੍ਹੇ ਹਨ ਜਿਨ੍ਹਾਂ ਮੁਦਿਆਂ ਨੂੰ ਲੈ ਕੇ ਕਿਸਾਨ ਲਹਿਰ ਸਘੰਰਸ਼ ਤੇਜ਼ ਕਰੇਗੀ। ਅੱਜ ਦੀ ਮੀਟਿੰਗ ਵਿੱਚ ਮੱਤਾ ਪਾਸ ਕੀਤਾ ਗਿਆ ਕਿ ਅਮਰੀਕਾ ਦੇ ਪਿਠੂ ਇਜ਼ਰਾਈਲ ਵਲੋਂ ਫਲੀਸਤੀਨੀਆ ਦੀ ਨਸਲਕੁਸੀ ਬੰਦ ਕੀਤੀ ਜਾਣੀ ਚਾਹੀਦੀ ਹੈ। ਇਹ ਵੀ ਮਤਾ ਪਾਸ ਕੀਤਾ ਗਿਆ ਕਿ ਮਾਨ ਸਰਕਾਰ 12 ਘੰਟੇ ਦੀ ਦਿਹਾੜੀ ਦਾ ਨੋਟੀਫਿਕੇਸ਼ਨ ਵਾਪਸ ਲਵੇ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਗਰੰਟੀਆ ਨੂੰ ਪੂਰਾ ਕਰੇ। ਮੀਟਿੰਗ ਵਿੱਚ ਕਸ਼ਮੀਰ ਸਿੰਘ, ਨਰਿੰਦਰ ਸਿੰਘ ਦਸੂਹਾ, ਪ੍ਰੇਮ ਦਾਸ ਬੁਡਾਵੜ,ਨਰੇਸ਼ ਭੰਗਾਲਾ,ਪੂਨਮ ਕੁਮਾਰੀ,ਗੀਤਾਂ ਮਹੰਤ, ਭੁਪਿੰਦਰ ਸਿੰਘ, ਸ਼ੰਗਾਰਾ ਸਿੰਘ, ਸਰਬਜੀਤ ਕੌਰ ਦਸੂਹਾ, ਅਸ਼ੋਕ ਪੰਡੋਰੀ, ਰਛਪਾਲ ਸਿੰਘ ਉਸਮਾਨ ਸੀਟਾਂ, ਪਲਵਿੰਦਰ ਕੌਰ ਮੋਰੀਆਂ , ਕੁਲਦੀਪ ਰਾਜੂ ਅਤੇ ਸ਼ਾਮ ਸਿੰਘ ਹਾਜ਼ਰ ਸਨ