ਪਾਰਟੀ ਵਲੋਂ ਮਾਨਸਾ ਵਿਖੇ ਰੋਸ ਵਿਖਾਵਾ, ਮੁਸਲਿਮ ਫਰੰਟ ਤੇ ਹੋਰ ਸੰਗਠਨ ਵੀ ਹੋਏ ਸ਼ਾਮਲ-ਰਾਣਾ
ਮਾਨਸਾ, ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)– ਅਸੀਂ ਮੰਗ ਕਰਦੇ ਹਾਂ ਕਿ ਇਸਰਾਈਲ ਵਲੋਂ ਹਵਾਈ ਤੇ ਜ਼ਮੀਨੀ ਹਮਲਿਆਂ ਵਿਚ ਕੀਤਾ ਜਾ ਰਿਹਾ ਬੇਗੁਨਾਹ ਫਿਲਸਤੀਨੀ ਲੋਕਾਂ ਦਾ ਕਤਲੇਆਮ ਕਰਨਾ ਤੁਰੰਤ ਬੰਦ ਕਰੇ, ਫੌਜੀ ਤਾਕਤ ਨਾਲ ਖੋਹੇ ਫਿਲਸਤੀਨ ਦੇ ਸਾਰੇ ਇਲਾਕੇ ਵਾਪਸ ਕਰੇ ਅਤੇ ਫਿਲਸਤੀਨ ਨੂੰ ਇਕ ਆਜ਼ਾਦ ਤੇ ਪ੍ਰਭੂਸੱਤਾ ਸੰਪੰਨ ਦੇਸ਼ ਵਜੋਂ ਮਾਨਤਾ ਦੇਵੇ – ਇਹ ਮੰਗ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਧੜਾਧੜ ਬੰਬਾਰੀ ਕਰਕੇ ਬੇਕਸੂਰ ਲੋਕਾਂ ਦਾ ਘਾਂਣ ਕਰ ਰਹੇ ਇਸਰਾਈਲ ਖ਼ਿਲਾਫ਼ ਅੱਜ ਇਥੇ ਕੀਤੇ ਇਕ ਵਿਰੋਧ ਵਿਖਾਵੇ ਦੌਰਾਨ ਕੀਤੀ।
ਬਾਜ਼ਾਰ ਵਿਚ ਰੋਸ ਵਿਖਾਵੇ ਤੋਂ ਬਾਦ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਚ ਦਿੱਤੇ ਧਰਨੇ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਐਚਆਰ ਮੋਫ਼ਰ, ਸੁਖਦਰਸ਼ਨ ਸਿੰਘ ਨੱਤ, ਪਾਰਟੀ ਦੀ ਸ਼ਹਿਰ ਕਮੇਟੀ ਦੇ ਸਕੱਤਰ ਸੁਰਿੰਦਰ ਪਾਲ ਸ਼ਰਮਾ ਬਲਵਿੰਦਰ ਘਰਾਂਗਣਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਮਨਿੰਦਰ ਸਿੰਘ ਜਵਾਹਰਕੇ, ਭਾਰਤ ਮੁਕਤੀ ਮੋਰਚਾ ਦੇ ਜਸਵੰਤ ਸਿੰਘ, ਆਰ ਐਮ ਪੀ ਆਈ ਦੇ ਮੇਜਰ ਸਿੰਘ ਦੂਲੋਵਾਲ, ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਗਗਨਦੀਪ, ਤਰਕਸ਼ੀਲ ਸੁਸਾਇਟੀ ਦੇ ਸੁਰਿੰਦਰ ਸਿੰਘ, ਦੋਧੀ ਯੂਨੀਅਨ ਦੇ ਸੱਤਪਾਲ ਭੈਣੀ, ਏਪਵਾ ਆਗੂ ਜਸਬੀਰ ਕੌਰ ਨੱਤ, ਕ੍ਰਿਸ਼ਨਾ ਕੌਰ, ਲਿਬਰੇਸ਼ਨ ਦੇ ਤਹਿਸੀਲ ਸਕੱਤਰ ਗੁਰਸੇਵਕ ਸਿੰਘ ਮਾਨ ਨੇ ਸੰਬੋਧਨ ਕੀਤਾ।
ਬੁਲਾਰਿਆ ਨੇ ਕਿਹਾ ਕਿ ਗਾਜ਼ਾ ਤੇ ਵੈਸਟ ਬੈਂਕ ‘ਤੇ 19 ਦਿਨ ਤੋਂ ਜਾਰੀ ਬੰਬਾਰੀ ਵਿਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ, ਹਜਾਰਾਂ ਰਿਹਾਇਸ਼ੀ ਇਮਾਰਤਾਂ, ਸਕੂਲ ਹਸਪਤਾਲ, ਬਿਜਲੀ ਘਰ ਤਬਾਹ ਹੋ ਚੁੱਕੇ ਹਨ, ਪਰ ਇਸ ਮਸਲੇ ‘ਤੇ ਮੋਦੀ ਸਰਕਾਰ ਵਲੋਂ ਇਕ ਪਾਸੇ ਖੁੱਲ ਕੇ ਇਸਰਾਈਲ ਦੀ ਹਿਮਾਇਤ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਲੋਕ ਵਿਖਾਵੇ ਲਈ ਬਰਬਾਦ ਕੀਤੇ ਜਾ ਰਹੇ ਫਿਲਸਤੀਨੀ ਲੋਕਾਂ ਲਈ ਕੁਝ ਸਹਾਇਤਾ ਭੇਜਣ ਦੀ ਦੋਗਲੀ ਨੀਤੀ ਅਖਤਿਆਰ ਕੀਤੀ ਹੋਈ ਹੈ। ਇਸ ਅਜਿਹੀ ਨੀਤੀ ਦੀ ਸਖਤ ਨਿੰਦਾ ਕਰਦਿਆਂ ਮੰਗ ਕੀਤੀ ਕਿ ਭਾਰਤ ਇਸਰਾਈਲ ਉਤੇ ਤੁਰੰਤ ਜੰਗ ਬੰਦੀ ਲਈ ਦਬਾਅ ਪਾਵੇ। ਇਸਰਾਈਲ ਤੇ ਹਮਾਸ ਦੋਨਾਂ ਵਲੋਂ ਆਮ ਨਾਗਰਿਕਾਂ – ਬੱਚਿਆਂ ਬਜ਼ੁਰਗਾਂ ਤੇ ਔਰਤਾਂ ਨੂੰ ਅੰਨੇਵਾਹ ਮਾਰਨ ਦੀ ਸਖਤ ਨਿੰਦਾ ਕਰਦਿਆਂ ਵਿਖਾਵਾਕਾਰੀਆਂ ਨੇ ਸੰਸਾਰ ਦੀ ਆਮ ਜਨਤਾ ਨੂੰ ਮੁਨਾਫ਼ਾਖੋਰ ਸਾਮਰਾਜੀ ਸ਼ਕਤੀਆਂ ਤੋਂ ਪੁਰੀ ਤਰ੍ਹਾਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ।