ਨਸ਼ਿਆਂ ਵਿਰੁੱਧ ਕਾਨਫਰੰਸ ਨੇ ਚਿੱਟੇ ਤੇ ਸਿੰਥੈਟਿਕ ਨਸ਼ਿਆਂ ਖਿਲਾਫ ਇੱਕਜੁੱਟ ਹੋਣ ਦਾ ਦਿੱਤਾ ਸੱਦਾ

ਗੁਰਦਾਸਪੁਰ

ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ)- ਇਲਾਕੇ ਦੀਆਂ ਨੌਜਵਾਨ, ਕਿਸਾਨ, ਮਜਦੂਰ, ਮੁਲਾਜਮ ਤੇ ਹੋਰ ਇਨਸਾਫ ਪਸੰਦ ਜਥੇਬੰਦੀਆਂ ਵੱਲੋਂ ਅੱਜ 21 ਅਕਤੂਬਰ ਨੂੰ ਪਿੰਡ ਪੱਖੋਵਾਲ ਵਿਖੇ ਨਸ਼ਿਆਂ ਵਿਰੁੱਧ ਕਾਨਫਰੰਸ ਕੀਤੀ ਗਈ। ਜਿਸ ਵਿੱਚ ਜਥੇਬੰਦੀਆਂ ਦੇ ਕਾਰਕੁੰਨਾਂ ਤੋਂ ਇਲਾਵਾ ਪਿੰਡ ਦੇ ਵਾਸੀ ਵੀ ਸ਼ਾਮਲ ਹੋਏ।

ਇਸ ਮੌਕੇ ਜਥੇਬੰਦੀਆਂ ਦੇ ਬੁਲਾਰਿਆਂ ਨੇ ਸਾਂਝੇ ਕਿਹਾ ਕਿ ਪੰਜਾਬ ਇਸ ਵੇਲ਼ੇ ਨਸ਼ਿਆਂ ਦੇ ਕਾਲ਼ੇ ਹਨੇਰੇ ਦੌਰ ਵਿੱਚੋਂ ਲੰਘ ਰਿਹਾ ਹੈ। ਖਾਸਕਰ ਚਿੱਟੇ ਤੇ ਸਿੰਥੈਟਿਕ ਨਸ਼ਿਆਂ ਨਾਲ਼ ਨਿੱਤਦਿਨ ਗੱਭਰੂ ਉਮਰ ਵਿੱਚ ਮੌਤਾਂ ਅਖਬਾਰਾਂ ਦੀ ਸੁਰਖੀ ਬਣਦੀਆਂ ਹਨ। ਚਿੱਟੇ ਦੀ ਇਸ ਮਹਾਂਮਾਰੀ ਲਈ ਜਿੰਮੇਵਾਰ ਟਿੱਕਦਿਆਂ ਬੁਲਾਰਿਆਂ ਨੇ ਪੁਲਸ-ਸਮਗਲਰ ਅਤੇ ਸਰਕਾਰਾਂ ਦੇ ਗੱਠਜੋੜ ਨੂੰ ਰਗੜੇ ਲਾਏ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਨਸ਼ਿਆਂ ਦਾ ਕਾਰੋਬਾਰ ਜਿੱਥੇ ਇੱਕ ਪਾਸੇ ਲੋਕਾਂ ਦੇ ਘਰ ਉਜਾੜ ਰਿਹਾ ਹੈ, ਪੰਜਾਬ ਦੀ ਜਵਾਨੀ ਨੂੰ ਕੱਖੋਂ ਹੌਲ਼ੀ ਕਰ ਰਿਹਾ ਹੈ, ਦੂਜੇ ਪਾਸੇ ਸਰਕਾਰਾਂ ਤੇ ਸਮਗਲਰਾਂ ਲਈ ਇਹ ਮੁਨਾਫੇ ਦਾ ਧੰਦਾ ਹੈ। ਬੁਲਾਰਿਆਂ ਇਸ ਗੱਲ਼ ਉੱਤੇ ਵੀ ਜੋਰ ਦਿੱਤਾ ਕਿ ਸਰਕਾਰਾਂ ਨਸ਼ੇ ਰਾਹੀਂ ਪੰਜਾਬ ਦੀ ਜਵਾਨੀ ਨੂੰ ਆਵਦੇ ਰੁਜਗਾਰ, ਸਿੱਖਿਆ ਅਤੇ ਹੋਰ ਬੁਨਿਆਦੀ ਹੱਕਾਂ ਦੀ ਲੜਾਈ ਤੋਂ ਭਟਕਾਉਣਾ ਚਾਹੁੰਦੀ ਹੈ। ਇਸ ਮੌਕੇ ਬੁਲਾਰਿਆਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਮਸਲਾ ਆਵਦੇ ਹੱਥਾਂ ਵਿੱਚ ਲੈਣ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਇਸਦੇ ਲਈ ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਨਾਉਣ ਦਾ ਸੱਦਾ ਦਿੱਤਾ।

ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪਿਛਲੇ ਦਿਨੀਂ ਪਿੰਡ ਪੱਖੋਵਾਲ ਵਿਖੇ ਨਸ਼ਾ ਤਸਕਰਾਂ ਤੇ ਗੁੰਡਾ ਅਨਸਰਾਂ ਵੱਲੋਂ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਉੱਤੇ ਹਮਲਾ ਕਰਨ ਵਾਲ਼ਿਆਂ ਵਿਰੁੱਧ ਪੁਲੀਸ ਵੱਲੋਂ ਕੀਤੀ 107/151 ਦੀ ਕਾਰਵਾਈ ਤੋਂ ਨਾਖੁਸ਼ੀ ਜਾਹਰ ਕੀਤੀ ਅਤੇ ਪੁਲੀਸ ਨੂੰ ਢੁਕਵੀਂ ਕਾਰਵਾਈ ਕਰਨ ਲਈ ਅਲਟੀਮੇਟਮ ਦਿੱਤਾ। ਨਾਲ ਹੀ ਪਿੰਡ ਵਿਚਲੇ ਗੁੰਡਾ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਬਾਜ ਆ ਜਾਣ ਦੀ ਚੇਤਾਵਨੀ ਦਿੱਤੀ। ਬੁਲਾਰਿਆਂ ਲੋਕਾਈ ਨੂੰ ਨਸ਼ਿਆਂ ਵਿਰੁੱਧ ਲੜਾਈ ਨੂੰ ਨਸਲਾਂ ਬਚਾਉਣ ਦੀ ਲੜਾਈ ਦਾ ਨਾਂ ਦਿੰਦਿਆਂ,ਲੰਮੇ ਸੰਘਰਸਾਂ ਲਈ ਤਿਆਰੀਆਂ ਵਿੱਢਣ ਦਾ ਸੱਦਾ ਦਿੱਤਾ।

ਇਸ ਮੌਕੇ ਨੌਜਵਾਨ ਭਾਰਤ ਦੇ ਸੂਬਾ ਪ੍ਰਧਾਨ ਛਿੰਦਰਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਆਗੂ ਬਲਵੰਤ ਘੁਢਾਣੀ, ਜਗਰਾਜ ਘੁਢਾਣੀ, ਟੈਕਨੀਕਲ ਸਰਵਿਸਿਜ ਯੂਨੀਅਨ ਦੇ ਜਮੀਰ ਹੁਸੈਨ, ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਸੁਰਜੀਤ ਦੌਧਰ, ਪੇਂਡੂ ਮਜਦੂਰ ਯੂਨੀਅਨ ਮਸ਼ਾਲ ਦੇ ਜਥੇਬੰਦਕ ਪ੍ਰਧਾਨ ਸੁਖਦੇਵ ਭੂੰਦੜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਪੇਡੂ ਮਜਦੂਰ ਯੂਨੀਅਨ ਪੰਜਾਬ ਦੇ ਆਗੂ ਅਵਤਾਰ ਸਿੰਘ ਤਾਰੀ, ਗੁਰਮੀਤ ਸਿੰਘ ਮੱਲਾਹ, ਦਸ਼ਮੇਸ਼ ਕਿਸਾਨ ਮਜਦੂਰ ਯੂਨੀਅਨ ਦੇ ਆਗੂ ਜਸਦੇਵ ਲਲਤੋਂ, ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਤੋਂ ਰਵਿੰਦਰ ਕੌਰ ਨੇ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਨੌਜਵਾਨ ਭਾਰਤ ਸਭਾ ਦੇ ਆਗੂ ਨਵਜੋਤ ਰਾਏਕੋਟ ਨੇ ਕੀਤਾ। ਕਾਨਫਰੰਸ ਤੋਂ ਉਪਰੰਤ ਪੱਖੋਵਾਲ ਬਜਾਰ ਵਿੱਚ ਨਾਹਰੇ ਲਾਉਂਦਿਆਂ ਪੈਦਲ ਮਾਰਚ ਕੱਢਿਆ ਗਿਆ। ਇਸ ਮੌਕੇ ਹਾਜਰ ਇਕੱਠ ਵਿੱਚ ਫਲੀਸਤੀਨੀ ਲੋਕਾਂ ਉੱਤੇ ਇਜਰਾਇਲ ਦੇ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਮਤਾ ਪਾਇਆ ਗਿਆ ਅਤੇ ਫਲਸਤੀਨੀ ਲੋਕਾਂ ਦੇ ਸੰਘਰਸ਼ ਨਾਲ਼ ਹੱਥ ਖੜੇ ਕਰਕੇ ਇੱਕਜੁੱਟਤਾ ਜਾਹਰ ਕੀਤੀ ਗਈ।

Leave a Reply

Your email address will not be published. Required fields are marked *