ਕੈਨੇਡਾ, ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ)– ਸਾਲ 2022 ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਲਗਭਗ 5.51 ਲੱਖ ਵਿਦਿਆਰਥੀ ਹੋਰਾਂ ਮੁਲਕਾਂ ਤੋਂ ਪ੍ਰਵਾਸ ਕਰਕੇ ਆਏ ਹਨ। ਜਿਸ ਵਿੱਚੋਂ ਲੱਗਭੱਗ 41 ਫੀਸਦੀ ਵਿਦਿਆਰਥੀ ਭਾਰਤ ਤੋਂ ਹਨ। 31 ਦਸੰਬਰ 2022 ਤੱਕ 3.19 ਲੱਖ ਭਾਰਤ ਤੋਂ ਆਏ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਰਹਿ ਰਹੇ ਹਨ। ਵਿਦੇਸ਼ੀ ਧਰਤੀ ’ਤੇ ਨਵੀਂ ਜਿੰਦਗੀ ਸ਼ੁਰੂ ਕਰਨਾ ਮੁਕਾਬਲਤਨ ਔਖਾ ਹੀ ਹੁੰਦਾ ਹੈ, ਪਰ ਇਹਨਾਂ ਦਿਨਾਂ ਵਿੱਚ ਵਿਦਿਆਰਥੀਆਂ ਦਾ ਕੈਨੇਡਾ ਰਹਿਣਾ ਬਹੁਤ ਖਵਾਰ ਹੋਇਆ ਪਿਆ ਹੈ। ਵਿਦਿਆਰਥੀਆਂ ਲਈ ਲੱਗਭੱਗ ਹਰ ਦਿਨ ਹੀ ਸੰਘਰਸ਼ ਭਰਿਆ ਹੈ। ਇਹ ਸੰਘਰਸ਼ ਆਰਥਿਕਤਾ ਦੇ ਖੇਤਰ ਵਿੱਚ ਤਾਂ ਹੈ ਹੀ, ਉਸਦੇ ਨਾਲ਼ ਹੀ ਸਮਾਜਿਕ ਸਮੱਸਿਆਵਾਂ ਨਾਲ਼ ਵੀ ਨੌਜਵਾਨ ਜੂਝ ਰਹੇ ਹਨ। ਇਹਨਾਂ ਦਿਨਾਂ ਵਿੱਚ ਨੌਕਰੀ ਲੱਭਣਾ, ਰਹਿਣ ਲਈ ਕਮਰੇ ਦਾ ਇੰਤਜਾਮ ਕਰਨਾ, ਮਹਿੰਗਾਈ ਕਾਰਨ ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ, ਵਧੇ ਹੋਏ ਖਰਚਿਆਂ ਨੂੰ ਪੂਰਾ ਕਰਨਾ ਹੀ ਵੱਡੀ ਸਮੱਸਿਆਂ ਬਣਿਆਂ ਹੋਇਆ ਹੈ। ਇਸ ਤੋਂ ਬਿਨਾਂ ਵਿਦਿਆਰਥੀਆਂ ਨੂੰ ਇਕਲਾਪੇ ਵਿੱਚੋਂ ਲੰਘਣਾ ਪੈ ਰਿਹਾ ਹੈ। ਕੰਮ ਨਾ ਲੱਭਣ ਕਾਰਨ ਖਾਲੀ ਸਮਾਂ ਵੀ ਜਿਆਦਾ ਹੈ, ਪਰ ਕੋਈ ਸਮਾਜਿਕ ਦਾਇਰਾ ਨਾ ਹੋਣ ਕਾਰਨ ਮਨੋਵਿਗਿਆਨਿਕ ਸਮੱਸਿਆਵਾਂ ਵਿੱਚੋਂ ਗੁਜਰਨਾ ਪੈ ਰਿਹਾ ਹੈ, ਜਿਸ ਦੀ ਕੁੱਲ ਵਿੱਚ ਹੀ ਘੱਟ ਚਰਚਾ ਕੀਤੀ ਜਾ ਰਹੀ ਹੈ। ਸਟੱਡੀ ਵੀਜਾ ’ਤੇ ਜਾਣ ਕਾਰਨ, ਮਹਿੰਗੀਆਂ ਫੀਸਾਂ ਨੂੰ ਤਾਰਨ ਦਾ ਦਬਾਅ, ਕੰਮ ਦੇ ਨਾਲ਼ ਪੜ੍ਹਾਈ ਦਾ ਦਬਾਅ ਅਤੇ ਜਨਤਕ ਥਾਵਾਂ ’ਤੇ ਨਸਲੀ ਵਿਤਕਰੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਰਿਹਾਇਸ਼ ਦੀ ਗੱਲ ਕਰੀਏ ਤਾਂ ਵੈਨਕੂਵਰ ਦੇ ਸਰੀ ਇਲਾਕੇ ਵਿੱਚ ਰਹਿਣ ਵਾਲ਼ੇ ਰਾਕੇਸ਼ ਕੁਮਾਰ ਨੇ ਕਿਹਾ, ‘‘ਵਿਆਜ ਦਰਾਂ ਵਿੱਚ ਵਾਧਾ ਹੋਣ ਨਾਲ਼ ਘਰਾਂ ਦਾ ਸੰਕਟ ਪੈਦਾ ਹੋਇਆ ਹੈ। ਪਿਛਲੇ ਦੋ ਸਾਲਾਂ ਦੌਰਾਨ ਘਰਾਂ ਦੇ ਕਰਜੇ ’ਤੇ ਫਲੋਟਿੰਗ ਵਿਆਜ ਦਰ 1.45 ਫੀਸਦ ਤੋਂ ਵਧ ਕੇ ਕਰੀਬ 7 ਫੀਸਦ ’ਤੇ ਪਹੁੰਚ ਗਈ ਹੈ। ਦੋ ਸਾਲ ਪਹਿਲਾਂ ਬੇਸਮੈਂਟ ਦਾ ਦੋ ਕਮਰਿਆਂ ਦੇ ਸੈੱਟ ਦਾ ਕਿਰਾਇਆ 1200 ਡਾਲਰ ਹੁੰਦਾ ਸੀ ਜੋ ਅੱਜ 2000 ਡਾਲਰ ਹੋ ਗਿਆ ਹੈ। ਰਿਹਾਇਸ਼ ਤੋਂ ਇਲਾਵਾ ਪੂਰੇ ਕੈਨੇਡਾ ਵਿੱਚ ਕਿਰਾਏ ਦਾ ਸੰਕਟ ਚੱਲ ਰਿਹਾ ਹੈ। ਕਿਰਾਏ ਦੇ ਨਾਂ ’ਤੇ ਘਪਲੇ ਸਾਹਮਣੇ ਆ ਰਹੇ ਹਨ। ਐਡਮੰਟਨ ਦੀ ਅਲਬਰਟਾ ਯੂਨੀਵਰਸਿਟੀ ਵਿੱਚ ਤਿੰਨ ਸਾਲਾਂ ਦੇ ਕੰਪਿਊਟਰ ਕੋਰਸ ਦੇ ਵਿਦਿਆਰਥੀ ਸਮਰਥਜੀਤ ਸਿੰਘ ਸੰਧੂ ਨੇ ਦੱਸਿਆ, ‘‘ਮੇਰੇ ਇੱਕ ਮਿੱਤਰ ਨਾਲ਼ ਹਾਲ ਹੀ ਵਿੱਚ ਇਹ ਘਪਲਾ ਹੋਇਆ ਹੈ ਜਿਸ ਨੂੰ ਇੱਕ ਔਰਤ ਨੇ 1900 ਡਾਲਰ ਲੈ ਕੇ ਚਾਰ ਮਹੀਨੇ ਲਈ ਆਪਣਾ ਅਪਾਰਟਮੈਂਟ ਸਬ-ਲੀਜ ’ਤੇ ਦਿੱਤਾ ਸੀ। ਇੱਕ ਦਿਨ ਪਹਿਲਾਂ ਉਸ ਨੂੰ ਇੱਕ ਈਮੇਲ ਭੇਜ ਕੇ ਦੱਸਿਆ ਗਿਆ ਕਿ ਲੀਜ ਗੈਰ-ਕਨੂੰਨੀ ਹੈ ਅਤੇ ਉਸ ਨੂੰ ਪ੍ਰਸ਼ਾਸਨ ਵੱਲੋਂ ਸਕਿਓਰਿਟੀ ਦੀ ਅੱਧੀ ਰਕਮ ਹੀ ਮੁੜਵਾਈ ਗਈ”। ਸਮਰਥਜੀਤ ਨੇ ਦੱਸਿਆ ਕਿ ਜਦੋਂ ਉਹ ਇੱਥੇ ਆਇਆ ਸੀ ਤਾਂ ਤਿਆਰ-ਬਰ-ਤਿਆਰ ਕਮਰਾ 600 ਡਾਲਰ ਦੇ ਕਿਰਾਏ ’ਤੇ ਮਿਲ਼ਦਾ ਸੀ ਤੇ ਹੁਣ ਇਹੀ ਉਸ ਨੂੰ 760 ਡਾਲਰ ਵਿੱਚ ਪੈ ਰਿਹਾ ਹੈ। ਆਉਣ ਸਾਰ ਰੈਫਰਲ ਨਾ ਹੋਣ ਕਰਕੇ ਘੱਟੋ-ਘੱਟ ਉਜਰਤ ’ਤੇ ਵੀ ਕੰਮ ਨਹੀਂ ਮਿਲ਼ਦਾ ਜਿਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਦੇ ਹਲਾਤ ਬਹੁਤ ਔਖੇ ਬਣੇ ਪਏ ਹਨ।’’
ਕੈਨੇਡਾ ਦੇ ਉੱਤਰ-ਪੂਰਬੀ ਸੂਬੇ ਓਂਟਾਰੀਓ ਦੇ ਸ਼ਹਿਰ ਨੌਰਥ ਬੇਅ ਵਿੱਚ ਮੌਜੂਦ ਸਾਂਝੇ ਕੈਂਪਸ ਵਾਲ਼ੇ ਕੈਨਾਡੋਰ ਕਾਲਜ ਅਤੇ ਨਿਪਿਸਿੰਗ ਯੂਨੀਵਰਸਿਟੀ ਦੇ ਸਤੰਬਰ ਸੈਸ਼ਨ ਵਿੱਚ ਜੋ ਦਾਖਲੇ ਹੋਏ ਉਸ ਦੇ ਲੱਗਭੱਗ 300 ਕੌਮਾਂਤਰੀ ਵਿਦਿਆਰਥੀਆਂ ਨੂੰ ਰਾਤਾਂ ਖੁੱਲ੍ਹੇ ਅਸਮਾਨ ਹੇਠ ਕੱਟਣੀਆਂ ਪਈਆਂ ਕਿਉਂਕਿ ਇਨ੍ਹਾਂ ਅਦਾਰਿਆਂ ਨੇ ਉਨ੍ਹਾਂ ਲਈ ਰਹਿਣ ਦਾ ਪ੍ਰਬੰਧ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਇਨ੍ਹਾਂ ’ਚੋਂ ਜਿਆਦਾਤਰ ਵਿਦਿਆਰਥੀ ਪੰਜਾਬ ਤੋਂ ਹਨ। ਇਸ ਇਲਾਕੇ ਵਿੱਚ ਰਿਹਾਇਸ਼ੀ ਸਹੂਲਤਾਂ ਸੀਮਤ ਹੋਣ ਕਰਕੇ ਕਿਰਾਇਆ ਬਹੁਤ ਵਧ ਗਿਆ ਹੈ। ਕਈ ਵਿਦਿਆਰਥੀ ਪੁਲਾਂ ਹੇਠ ਟੈਂਟ ਲਾ ਕੇ ਰਾਤਾਂ ਕੱਟ ਰਹੇ ਹਨ ਜਾਂ ਬੱਸ ਟਰਮੀਨਲਾਂ ਜਾਂ ਕਾਰਾਂ ਵਿੱਚ ਹੀ ਰਾਤਾਂ ਕੱਟਣੀਆਂ ਪਈਆਂ ਹਨ। ਕੁੱਝ ਵਿਦਿਆਰਥੀ ਭਾਰੀ ਕਿਰਾਇਆ ਦੇ ਕੇ ਟੋਰਾਂਟੋ ਤੋਂ ਆਉਂਦੇ ਹਨ ਜੋ 300 ਕਿਲੋਮੀਟਰ ਦੂਰ ਹੈ।
ਪੰਜਾਬ ਤੋਂ ਜਦੋਂ ਵੀਜੇ ਲੱਗਦੇ ਹਨ, ਜੋ ਯੂਨੀਵਰਸਿਟੀ ਜਾਂ ਕਾਲਜ ਏਜੰਟ ਵੱਲੋਂ ਚੁਣ ਕੇ ਭੇਜੇ ਜਾਂਦੇ ਹਨ, ਉਸ ਬਾਰੇ ਨਾ ਤਾਂ ਵਿਦਿਆਰਥੀ ਨੂੰ, ਨਾ ਹੀ ਮਾਂ-ਪਿਓ ਨੂੰ ਕੋਈ ਜਾਣਕਾਰੀ ਹੁੰਦੀ ਹੈ। ਕਿ ਇਹ ਕਿਸੇ ਸ਼ਹਿਰ ਵਿੱਚ ਹੈ ਜਾਂ ਕਿਸੇ ਪਿੰਡ ਵਿੱਚ! ਰਹਿਣ ਦਾ ਪ੍ਰਬੰਧ ਕਿਵੇਂ ਤੇ ਕਿੱਥੇ ਹੋਵੇਗਾ? ਜਿੱਥੇ ਵਿੱਦਿਅਕ ਅਦਾਰਾ ਹੈ ਉੱਥੇ ਕੰਮ ਲੱਭਣ ਦੀ ਕਿੰਨੀ ਕੁ ਸੰਭਾਵਨਾ ਹੈ ਆਦਿ ਬਾਰੇ ਕੁੱਝ ਨਹੀਂ ਪਤਾ ਹੁੰਦਾ! ਮਾਂ-ਪਿਓ ਏਜੰਟ ਤੋਂ ਪੁੱਛ ਪੜਤਾਲ ਕਰਨ ਵੀ ਤਾਂ ਏਜੰਟ ਮਾਮਲਾ ਗੋਲ਼ ਕਰ ਜਾਂਦਾ ਹੈ ‘ਸਾਡੇ ਹੁੰਦੇ ਕਾਹਦਾ ਫਿਕਰ, ਅਸੀਂ ਬੈਠੇ ਆ’, ‘ਤੁਹਾਡਾ ਬੱਚਾ ਸਾਡਾ ਬੱਚਾ, ਸਾਡੇ ਹੁੰਦਿਆਂ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ’, ‘ਹੁਣ ਤਾਂ ਮੌਜਾਂ ਕਰੂ, ਲੱਗ ਗਿਆ ਵੀਜਾ, ਤੁਹਾਡੀ ਐਸ਼ ਹੈ’ ਆਦਿ ਫਿਕਰੇ ਏਜੰਟਾਂ ਵੱਲੋਂ ਬੋਲੇ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਭਾਰਤ ਵਿੱਚ ਸਿੱਖਿਆ ਸਲਾਹਕਾਰਾਂ ਦਾ ਮੁੱਖ ਸਰੋਕਾਰ ਕਾਲਜਾਂ ਵੱਲੋਂ ਦਿੱਤੇ ਜਾਂਦੇ ਪ੍ਰਤੀ ਵਿਦਿਆਰਥੀ ਕਮਿਸ਼ਨ ਨਾਲ਼ ਹੁੰਦਾ ਹੈ। ਇੱਕ ਮੁਕਾਮੀ ਕਾਲਜ ਦੇ ਹਾਲੀਆ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਸਾਲ 2016-17 ਵਿੱਚ ਏਜੰਟ ਹਿੱਸੇਦਾਰ ਦਾ ਪ੍ਰਤੀ ਵਿਦਿਆਰਥੀ ਕਮਿਸ਼ਨ 561 ਡਾਲਰ ਹੁੰਦਾ ਸੀ ਜੋ 2020-21 ਵਿੱਚ ਵਧ ਕੇ 3399 ਡਾਲਰ ਹੋ ਗਿਆ ਹੈ। ਆਮ ਤੌਰ ’ਤੇ ਏਜੰਟ ਵਿਦਿਆਰਥੀਆਂ ਦੇ ਮਾਪਿਆਂ ਨੂੰ ਇੱਥੋਂ ਦੀ ਅਸਲ ਤਸਵੀਰ ਨਹੀਂ ਦਿਖਾਉਂਦੇ ਜਿਸ ਕਰਕੇ ਵਿਦਿਆਰਥੀਆਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੁੰਦੀ ਕਿ ਅੱਗੇ ਚੱਲ ਕੇ ਉਨ੍ਹਾਂ ਦੀ ਜਿੰਦਗੀ ਕਿਹੋ ਜਿਹੀ ਹੋਣ ਵਾਲ਼ੀ ਹੈ!
ਕੈਨੇਡਾ ਵਿੱਚ ਜਿੱਥੇ ਘਰ ਮਹਿੰਗੇ ਹੋਏ ਹਨ ਉੱਥੇ ਖਾਣ ਪੀਣ ਦੇ ਸਮਾਨ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਅਰਸੇ ਦੌਰਾਨ ਹੀ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਵਿੱਚ 9.7 ਫੀਸਦੀ ਦਾ ਵਾਧਾ ਹੋਇਆ ਹੈ ਜੋ ਸਤੰਬਰ 1981 ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਡਾ ਵਾਧਾ ਹੈ। ਵਧੀ ਮਹਿੰਗਾਈ ਕਾਰਨ ਹੀ ਬੁਨਿਆਦੀ ਲੋੜਾਂ ਪੂਰੀਆਂ ਕਰਨੀਆਂ ਔਖੀਆਂ ਹੋਈਆਂ ਪਈਆਂ ਹਨ। ਬਹੁਤੇ ਮਾਲਕ 40 ਘੰਟਿਆਂ ਦੇ ਕੰਮ ਨੂੰ ਤਰਜੀਹ ਦਿੰਦੇ ਹਨ ਪਰ ਕੌਮਾਂਤਰੀ ਵਿਦਿਆਰਥੀਆਂ ਨੂੰ ਇੱਕ ਹਫਤੇ ਵਿੱਚ ਵੀਹ ਘੰਟੇ ਹੀ ਕੰਮ ਕਰਨ ਦੀ ਇਜਾਜਤ ਹੈ। ਬਹੁਤ ਸਾਰੇ ਵਿਦਿਆਰਥੀ ਨਕਦੀ ’ਤੇ ਕੰਮ ਕਰ ਕੇ ਗੁਜਾਰਾ ਕਰਦੇ ਹਨ ਜਿੱਥੇ ਉਨ੍ਹਾਂ ਨੂੰ ਮਾਲਕ ਦੇ ਰਹਿਮੋ ਕਰਮ ’ਤੇ ਕੰਮ ਕਰਨਾ ਪੈਂਦਾ ਹੈ। ਉਜਰਤਾਂ ਬਹੁਤ ਹੀ ਘਟ ਹਨ, ਪ੍ਰਤੀ ਘੰਟੇ ਦੇ ਮੁਸ਼ਕਿਲ ਨਾਲ਼ ਹੀ 9-10 ਡਾਲਰ ਦਿੱਤੇ ਜਾਂਦੇ ਹਨ ਜੋ ਕਿ ਸਰਕਾਰ ਵੱਲੋਂ ਨਿਰਧਾਰਤ ਉਜਰਤ ਦਰਾਂ ਤੋਂ ਬਹੁਤ ਹੀ ਘੱਟ ਹੈ।
ਕਈ ਮਾਲਕ ਕੰਮ ਕਰਵਾਉਂਦੇ ਰਹਿੰਦੇ ਹਨ, ਪਰ ਕਾਮਿਆਂ ਨੂੰ ਤਨਖਾਹਾਂ ਨਾ ਦੇਣੀਆਂ ਪੈਣ ਇਸ ਲਈ ਆਪਣੇ ਆਪ ਨੂੰ ਦਿਵਾਲੀਆ ਐਲਾਨ ਦਿੰਦੇ ਹਨ! ਵਿਦਿਆਰਥੀਆਂ ਦੀ ਮਿਹਨਤ ਦੀ ਕਮਾਈ ਖਾ ਜਾਂਦੇ ਹਨ। ਪਿੱਛੇ ਜਹੇ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਇੱਕ ਬੇਕਰੀ ਮਾਲਕ ਦੁਆਰਾ ਖੁਦ ਨੂੰ ਦਿਵਾਲੀਆ ਐਲਾਨ ਕੇ ਅਨੇਕਾਂ ਕਾਮਿਆਂ ਦੀ ਦੋ ਲੱਖ ਡਾਲਰ ਦੇ ਕਰੀਬ ਤਨਖਾਹ ਹੜੱਪ ਲਈ ਗਈ ਸੀ। ਇਸ ਲਈ ਲੱਗਭੱਗ ਇੱਕ ਮਹੀਨਾ ਕਾਮਿਆਂ ਨੂੰ ਧਰਨਾ ਲਾਉਣਾ ਪਿਆ, ਇਸ ਸੰਘਰਸ਼ ਕਾਰਨ ਹੀ, ਏਕੇ ਸਦਕਾ ਹੀ ਕਾਮਿਆਂ ਨੂੰ ਉਹਨਾਂ ਦੀਆਂ ਤਨਖਾਹਾਂ ਮਿਲ਼ੀਆਂ। ਕੈਨੇਡਾ ਵਿੱਚ ਬਹੁਗਿਣਤੀ ਕੰਮ ਕਰਦੇ ਨੌਜਵਾਨ ਗੈਰ ਜਥੇਬੰਦ ਹਨ। ਇਹਨਾਂ ਗੈਰ-ਜਥੇਬੰਦ ਕਾਮਿਆਂ ਦੇ ਨਿੱਕੇ-ਵੱਡੇ ਮਾਲਕ ਅਕਸਰ ਇਹਨਾਂ ਦੀਆਂ ਉਜਰਤਾਂ ਹੜੱਪ ਜਾਂਦੇ ਹਨ। ਇਹਨਾਂ ਕਾਮਿਆਂ ਨੂੰ ਘੱਟ ਤਨਖਾਹ, ਮਾੜੀਆਂ ਕੰਮ ਹਾਲਤਾਂ, ਭੇਦਭਾਵ ਤੇ ਅਸੁਰੱਖਿਅਤ ਨੌਕਰੀਆਂ ਆਦਿ ਅਨੇਕਾਂ ਮੁਸ਼ਕਲਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ।
ਆਈਆਰਸੀਸੀ (ਇਮੀਗ੍ਰੇਸ਼ਨ, ਸਰਨਾਰਥੀ ਅਤੇ ਨਾਗਰਿਕਤਾ ਕੈਨੇਡਾ) ਦੀ ਰਿਪੋਰਟ ਮੁਤਾਬਿਕ ਕੌਮਾਂਤਰੀ ਵਿਦਿਆਰਥੀ ਕੈਨੇਡੀਆਈ ਅਰਥਚਾਰੇ ਵਿੱਚ ਹਰ ਸਾਲ 22.3 ਅਰਬ ਡਾਲਰ ਦਾ ਯੋਗਦਾਨ ਪਾਉਂਦੇ ਹਨ। ਇਹ ਰਕਮ ਵਾਹਨਾਂ ਦੇ ਪੁਰਜਿਆਂ, ਲੱਕੜ ਜਾਂ ਹਵਾਈ ਜਹਾਜ ਦੀ ਕੁੱਲ ਬਰਾਮਦ ਨਾਲ਼ੋਂ ਵੀ ਜਿਆਦਾ ਹੈ। ਓਂਟਾਰੀਓ ਦੇ ਆਡੀਟਰ ਜਨਰਲ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਹਾਲੀਆ ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ ਸਾਲ 2012-13 ਅਤੇ 2020-21 ਦੌਰਾਨ ਘਰੇਲੂ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ 15 ਫੀਸਦੀ ਕਮੀ ਆਈ ਹੈ ਜਦੋਂਕਿ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ 342 ਫੀਸਦੀ ਵਾਧਾ ਹੋਇਆ ਹੈ। ਇਨ੍ਹਾਂ ’ਚੋਂ 62 ਫੀਸਦੀ ਭਾਰਤ ਤੋਂ ਆਉਂਦੇ ਹਨ। ਕੌਮਾਂਤਰੀ ਵਿਦਿਆਰਥੀਆਂ ਨੂੰ ਔਸਤਨ 14306 ਡਾਲਰ ਸਲਾਨਾ ਟਿਊਸ਼ਨ ਦੇਣੀ ਪੈਂਦੀ ਹੈ ਜਦੋਂ ਕਿ ਘਰੇਲੂ ਵਿਦਿਆਰਥੀ ਔਸਤਨ 3228 ਡਾਲਰ ਫੀਸ ਦਿੰਦੇ ਹਨ।
ਕੈਨੇਡਾ ਪੜ੍ਹਦੇ ਵਿਦਿਆਰਥੀਆਂ ਰਾਹੀਂ ਓਥੋਂ ਦੀ ਸਰਕਾਰ ਮੋਟੀ ਕਮਾਈ ਕਰਦੀ ਹੈ। ਪਰ ਸਹੂਲਤ ਦੇ ਨਾਮ ਉੱਤੇ ਧੱਕੇ ਹੀ ਹਨ। ਜਿਸ ਕੈਨੇਡਾ ਦੀ ਧਰਤੀ ਨੂੰ ਸਵਰਗ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਹੈ, ਉੱਥੇ ਸਾਡੇ ਭੈਣ ਭਰਾਵਾਂ ਦੀ ਆਰਥਿਕ, ਸਮਾਜਿਕ ਲੁੱਟ ਹੁੰਦੀ ਹੈ। ਉੱਥੇ ਵੀ ਲੋਟੂ ਮਾਲਕ ਬੈਠੇ ਹਨ। ਮਹਿੰਗਾ ਸਿੱਖਿਆ ਢਾਂਚਾ ਹੈ, ਪੜ੍ਹਾਈ ਦੇ ਨਾਮ ਤੇ ਦੁਕਾਨਾਂ ਖੁੱਲ੍ਹੀਆਂ ਹਨ। ਕੈਨੇਡਾ ਦੀ ਧਰਤੀ ’ਤੇ ਵੀ ਨਸ਼ੇ ਆਮ ਵਿਕਦੇ ਹਨ, ਇਕਲਾਪੇ ਦੇ ਸ਼ਿਕਾਰ, ਘਰਾਂ ਤੋਂ ਦੂਰ, ਦੋਸਤਾਂ ਮਿੱਤਰਾਂ ਤੋਂ ਦੂਰ ਔਖੇ ਸਮੇਂ ਵਿੱਚੋਂ ਲੰਘਦੇ ਹੋਏ ਪੰਜਾਬ ਦੇ ਨੌਜਵਾਨ, ਹੋਰ ਕੌਮਾਂਤਰੀ ਵਿਦਿਆਰਥੀ ਨਸ਼ਿਆਂ ਵੱਲ ਵੀ ਲੱਗ ਜਾਂਦੇ ਹਨ। ਅੱਜ ਜੋ ਵਿਦਿਆਰਥੀ ਉੱਥੇ ਬੈਠੇ ਹਨ, ਓਹਨਾਂ ਨੂੰ ਬੇਕਰੀ ਕਾਮਿਆਂ ਦੇ ਜੇਤੂ ਸੰਘਰਸ਼ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਜਥੇਬੰਦ ਹੋ ਕੇ ਸੰਘਰਸ਼ ਕਰਨਾ ਚਾਹੀਦੀ ਹੈ। ਮਾਂ-ਪਿਓ ਨੂੰ ਵੀ ਚਾਹੀਦਾ ਹੈ ਕਿ ਪੂਰੀ ਜਾਂਚ ਪੜਤਾਲ ਕਰ ਕੇ ਹੀ ਵਿਦੇਸ਼ੀ ਧਰਤੀ ’ਤੇ ਆਪਣੇ ਧੀਆਂ ਪੁੱਤਾਂ ਨੂੰ ਭੇਜਣ ਤਾਂ ਜੋ ਧੋਖੇਬਾਜ ਏਜੰਟਾਂ, ਧੋਖਾਧੜੀ ਤੋਂ ਬਚਾਅ ਹੋ ਸਕੇ।
ਲਲਕਾਰ ਤੋਂ ਧੰਨਵਾਦ ਸਹਿਤ