ਗੁਰਦਾਸਪੁਰ, 16 ਜੁਲਾਈ (ਸਰਬਜੀਤ)- ਥਾਣਾ ਸਿਟੀ ਪੁਲਸ ਵੱਲੋਂ 2 ਨੌਜਵਾਨਾਂ ਦੀ ਕੁੱਟਮਾਰ ਕਰਨ ਰੋਸ਼ ਵੱਜੋਂ ਸਮੂਹ ਦੁਕਾਨਦਾਰਾਂ ਅਤੇ ਬੀ.ਜੇ.ਪੀ ਕਾਰਕੁੰਨਾ ਵੱਲੋਂ ਸ਼ੁੱਕਰਵਾਰ ਦੀ ਰਾਤ ਨੂੰ ਹੀ ਸੜਕ ਜਾਮ ਕਰਕੇ ਥਾਣਾ ਦੇ ਮੁੂਹਰੇ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ। ਧਰਨੇ ਦੇ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਖਬਰ ਲਿਖੇ ਜਾਣ ਤੱਕ ਵੀ ਧਰਨਾ ਜਾਰੀ ਹੈ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੁਲਸ ਕਰਮਚਾਰੀਆਂ ਵੱਲੋਂ 2 ਨੌਜਵਾਨਾਂ ਖਿਲਾਫ ਕੋਈ ਵੀ ਪਰਚਾ ਦਰਜ ਨਾ ਹੋਣ ਦੇ ਬਾਵਜੂਦ ਉਨਾਂ ਨੂੰ ਚੁੱਕ ਲਿਆ ਅਤੇ ਨੌਜਵਾਨਾਂ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਹੈ। ਉਨਾਂ ਐਸ.ਐਚ.ਓ ’ਤੇ ਦੋਸ਼ ਲਗਾਇਆ ਕਿ ਨੌਜਵਾਨਾਂ ਦੀ ਕੁੱਟਮਾਰ ਐਸ.ਐਚ.ਓ ਵੱਲੋਂ ਕੀਤੀ ਗਈ ਹੈ। ਉਨਾਂ ਕਿਹਾ ਕਿ ਉਕਤ ਦੋਵਾਂ ਨੌਜਵਾਨਾਂ ਦੀ ਕੁੱਟਮਾਰ ਤੋਂ ਬਾਅਦ ਜਦੋਂ ਪੁਲਸ ਨੇ ਉਨਾਂ ਨੂੰ ਛੱਡ ਦਿੱਤਾ ਤਾਂ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਨਾਂ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਉਹ ਜੇਰੇ ਇਲਾਜ਼ ਹਨ। ਪੁਲਸ ਦੀ ਇਸ ਹਰਕਤ ਬਾਰੇ ਜਦੋਂ ਸਮੂਹ ਦੁਕਾਨਦਾਰਾਂ ਅਤੇ ਭਾਜਪਾ ਕਾਰਕੁੰਨਾ ਨੂੰ ਲੱਗੀ ਤਾਂ ਉਨਾਂ ਵੱਲੋਂ ਦੇਰ ਰਾਤ ਨੂੰ ਹੀ ਸੜਕ ਜਾਮ ਕਰਕੇ ਥਾਣੇ ਦੇ ਮੂਹਰੇ ਧਰਨਾ ਲੱਗਾ ਦਿੱਤਾ ਅਤੇ ਕਰਮਚਾਰੀਆਂ ਨੂੰ ਸਸਪੈਂਡ ਕਰਨ ਦੀ ਮੰਗ ਕਰਨ ਲੱਗੇ।
ਉਧਰ ਐਸ.ਐਸ.ਪੀ ਗੁਰਦਾਸਪੁਰ ਹਰਜੀਤ ਸਿੰਘ ਆਈ.ਪੀ.ਐਸ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਸ ਮਾਮਲੇ ਵਿੱਚ 3 ਸਹਾਇਕ ਸਬ ਇੰਸਪੈਕਟਰ ਸਸਪੈਂਡ ਕਰ ਦਿੱਤੇ ਗਏ ਹਨ। ਜਦੋਂ ਕਿ ਥਾਣਾ ਸਿਟੀ ਦੇ ਐਸ.ਐਚ.ਓ ਗੁਰਮੀਤ ਸਿੰਘ ਨੂੰ ਲਾਈਨ ਹਾਜਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇੰਨਾਂ ਦੀ ਐਮ.ਆਰ.ਆਈ 323 ਆਈ.ਪੀ.ਸੀ ਤਹਿਤ ਆਈ ਹੈ, ਉਸ ਉਪਰ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਇੰਨਾਂ ਧਰਨਾਕਾਰੀਆਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰ ਦਿੱਤਾ ਜਾਵੇਗਾ।



