ਭਾਰਤ ਸਰਕਾਰ ਵੱਲੋਂ ਨਵਾਂ ਪਿੰਡ ਸਰਦਾਰਾਂ ਨੂੰ ਦੇਸ਼ ਦਾ ਅੱਵਲ ਸੈਲਾਨੀ ਪਿੰਡ ਐਲਾਨੇ ਜਾਣ ’ਤੇ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੱਤੀ

ਗੁਰਦਾਸਪੁਰ

ਇਸ ਪਿੰਡ ਦੇ ਆਲੇ-ਦੁਆਲੇ ਦੇ ਖੇਤਰ ਨੂੰ ਵੀ ਸੋਹਣਾ ਬਣਾ ਕੇ ਇਸਨੂੰ ਕਲਸਟਰ ਟੂਰਿਜ਼ਮ ਦੇ ਆਧਾਰ ’ਤੇ ਵਿਕਸਿਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ)–ਭਾਰਤ ਸਰਕਾਰ ਵੱਲੋਂ ਬੀਤੇ ਕੱਲ ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ‘ਨਵਾਂ ਪਿੰਡ ਸਰਦਾਰਾਂ’ ਨੂੰ ਦੇਸ਼ ਦਾ ‘ਅੱਵਲ ਸੈਲਾਨੀ ਪਿੰਡ’ ਐਲਾਨੇ ਜਾਣ ’ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਵਾਰਡ ਲਈ ਪੂਰੇ ਦੇਸ਼ ਤੋਂ 795 ਪਿੰਡਾਂ ਦੀ ਐਂਟਰੀ ਭੇਜੀ ਗਈ ਸੀ ਅਤੇ ਮਾਣਯੋਗ ਸਕੱਤਰ ਭਾਰਤ ਸਰਕਾਰ ਵੱਲੋਂ ਜ਼ਿਲ੍ਹਿਆਂ ਦੇ ਡੀ.ਸੀ. ਸਹਿਬਾਨਾਂ ਸਮੇਤ ਹੋਰ ਉੱਚ ਅਧਿਕਾਰੀਆਂ ਤੋਂ ਪ੍ਰੈਜੇਨਟੇਸ਼ਨ ਲਈ ਗਈ ਸੀ ਤੇ ਅੰਤ ਵਿੱਚ ਇਸ ਐਵਾਰਡ ਲਈ ਸਾਡੇ ਜ਼ਿਲ੍ਹਾ ਗੁਰਦਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਨੂੰ ਚੁਣਿਆ ਗਿਆ।  

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਦਾ ਵੀ ਮਾਰਗ ਦਰਸ਼ਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਲੀਕੀ ਟੂਰਿਜ਼ਮ ਪਾਲਿਸੀ ਇਸ ਪਿੰਡ ਲਈ ਕਾਫੀ ਲਾਹੇਵੰਦ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਵਿੱਚ ਸਭ ਤੋਂ ਵੱਡਾ ਹੱਥ ਇਸ ਪਿੰਡ ਦੇ ਸੰਘਾ ਪਰਿਵਾਰ ਦਾ ਹੈ ਕਿਉਂ ਜੋ ਉਹਨਾਂ ਵੱਲੋਂ ਇਸ ਪਿੰਡ ਵਿੱਚ ਆਪਣੀਆਂ ਵਿਰਾਸਤੀ ਕੋਠੀਆਂ ਦੀ ਚੰਗੀ ਸਾਂਭ-ਸੰਭਾਲ ਕੀਤੀ ਗਈ ਹੈ ਜਿਹਦੇ ਕਰਕੇ ਇਸ ਪਿੰਡ ਵਿੱਚ ਦੂਰ-ਦੂਰ ਤੋਂ ਸੈਲਾਨੀ ਆਕੇ ਰੁਕਦੇ ਹਨ। ਇਸਦੇ ਨਾਲ ਹੀ ਇਸ ਪਿੰਡ ਦੇ ਸਮੂਹ ਵਾਸੀ ਵੀ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਆਪਣੇ ਚੰਗੇ ਸੁਭਾਅ ਨਾਲ ਇਹਨਾਂ ਸੈਲਾਨੀਆਂ ਨੂੰ ਬਾਰ-ਬਾਰ ਆਪਣੇ ਪਿੰਡ ਆਉਣ ਲਈ ਪ੍ਰੇਰਿਤ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਵੀ ਇਸ ਪਿੰਡ ਨੂੰ ਟੂਰਿਜ਼ਮ ਪੱਖ ਤੋਂ ਵਿਕਸਤ ਕਰਨ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਸ ਪਿੰਡ ਦੇ ਸਮੂਹਿਕ ਵਿਕਾਸ ਲਈ ਇਸ ਪਿੰਡ ਦੇ ਆਲੇ-ਦੁਆਲੇ ਦੇ ਖੇਤਰ ਨੂੰ ਵੀ ਸੋਹਣਾ ਬਣਾ ਕੇ ਇਸਨੂੰ ਕਲਸਟਰ ਟੂਰਿਜ਼ਮ ਦੇ ਆਧਾਰ ’ਤੇ ਵਿਕਸਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਇਸ ਪਿੰਡ ਨੂੰ ਹੋਰ ਟੂਰਿਸਟ ਫਰੈਂਡਲੀ ਬਣਾਉਣ ਲਈ ਅਤੇ ਇਹਦੇ ਸਰਬਪੱਖੀ ਵਿਕਾਸ ਲਈ ਇਸਨੂੰ ਆਦਰਸ਼ ਪਿੰਡ ਦੇ ਆਧਾਰ ’ਤੇ ਵਿਕਸਿਤ ਕੀਤਾ ਜਾਵੇਗਾ।    

Leave a Reply

Your email address will not be published. Required fields are marked *