ਓਵਰਟਾਈਮ ਕੰਮ ਦੇ ਘੰਟੇ ਵਧਾਉਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੀ ਨਿਖੇਧੀ

ਲੁਧਿਆਣਾ-ਖੰਨਾ

ਲੁਧਿਆਣਾ, ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)– ਕਾਰਖਾਨਾ ਮਜਦੂਰ ਯੂਨੀਅਨ, ਪੰਜਾਬ ਅਤੇ ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ, ਪੰਜਾਬ ਨੇ ਓਵਰਟਾਈਮ ਸਬੰਧੀ ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਨੋਟੀਫਿਕੇਸ਼ਨ ਦੀ ਸਖਤ ਨਿਖੇਧੀ ਕਰਦੇ ਹੋਏ ਇਸਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ। ਯੂਨੀਅਨਾਂ ਦੇ ਆਗੂਆਂ ਲਖਵਿੰਦਰ ਸਿੰਘ ਅਤੇ ਜਗਦੀਸ਼ ਸਿੰਘ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਿਕ ਇੱਕ ਦਿਨ ਵਿੱਚ ਵੱਧ ਤੋਂ ਵੱਧ ਓਵਰਟਾਈਮ ਕੰਮ ਦੇ ਘੰਟੇ 2 ਤੋਂ ਵਧਾ ਕੇ 4 ਕਰ ਦਿੱਤੇ ਗਏ ਹਨ ਭਾਵੇਂ ਹਫਤੇ ਵਿੱਚ ਕੁੱਲ ਕੰਮ ਦੇ ਘੰਟੇ (ਸਮੇਤ ਓਵਰਟਾਈਮ ) 60 ਹੀ ਰੱਖੇ ਗਏ ਹਨ। ਇਸਦੇ ਨਾਲ਼ ਹੀ ਤਿੰਨ ਮਹੀਨਿਆਂ ਵਿੱਚ ਪਹਿਲਾਂ ਜਿੱਥੇ ਓਵਰਟਾਈਮ ਕੰਮ ਦੇ ਘੰਟੇ 75 ਹੋ ਸਕਦੇ ਸਨ ਹੁਣ ਵਧਾ ਕੇ 115 ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਲੌਕਡਾਊਨ ਦੌਰਾਨ ਤਿੰਨ ਮਹੀਨਿਆਂ ਦੌਰਾਨ ਵੱਧ ਤੋਂ ਵੱਧ ਓਵਰਟਾਈਮ ਘੰਟਿਆਂ ਦੀ ਗਿਣਤੀ 50 ਤੋਂ ਵਧਾ ਕੇ 75 ਕਰ ਦਿੱਤੀ ਸੀ। ਮਜਦੂਰ ਆਗੂਆਂ ਨੇ ਆਪ ਪਾਰਟੀ ਦੀ ਸੂਬਾ ਸਰਕਾਰ ਦੇ ਇਸ ਕਦਮ ਨੂੰ ਘੋਰ ਮਜਦੂਰ ਵਿਰੋਧੀ, ਮਜਦੂਰਾਂ ਨਾਲ਼ ਵੱਡਾ ਧੋਖਾ ਅਤੇ ਸਰਮਾਏਦਾਰੀ ਪੱਖੀ ਕਰਾਰ ਦਿੱਤਾ ਹੈ।

ਆਗੂਆਂ ਨੇ ਕਿਹਾ ਕਿ ਅੱਜ ਲੱਕ ਤੋੜ ਮਹਿੰਗਾਈ ਦੇ ਦੌਰ ਵਿੱਚ ਮਜਦੂਰਾਂ ਤੋਂ ਸਨਅਤਾਂ ਅਤੇ ਹੋਰ ਕੰਮ-ਥਾਵਾਂ ਉੱਤੇ ਬੇਹੱਦ ਘੱਟ ਤਨਖਾਹਾਂ/ਦਿਹਾੜੀਆਂ ਉੱਤੇ ਹੱਡ ਭੰਨਵੀਂ ਮਿਹਨਤ ਕਰਵਾਈ ਜਾਂਦੀ ਹੈ। ਜਿਆਦਾਤਰ ਥਾਵਾਂ ਉੱਤੇ ਸਰਮਾਏਦਾਰਾਂ ਵੱਲੋਂ ਮਜਦੂਰਾਂ ਤੋਂ ਪਹਿਲਾਂ ਹੀ ਰੋਜਾਨਾ ਤਿੰਨ-ਤਿੰਨ, ਚਾਰ-ਚਾਰ ਘੰਟੇ ਓਵਰਟਾਈਮ ਕਰਵਾਇਆ ਜਾਂਦਾ ਹੈ। ਇਸ ਤਰ੍ਹਾਂ ਸਰਮਾਏਦਾਰ ਓਵਰਟਾਈਮ ਕੰਮ ਦੇ ਘੰਟਿਆਂ ਸਬੰਧੀ ਕਿਰਤ ਕਨੂੰਨ ਦੀ ਖੁੱਲ੍ਹੇਆਮ ਵੱਡੇ ਪੱਧਰ ਉੱਤੇ ਉਲੰਘਣਾ ਕਰਦੇ ਆ ਰਹੇ ਹਨ। ਮਜਦੂਰ ਜੱਥੇਬੰਦੀਆਂ ਵੱਲੋਂ ਵਾਰ-ਵਾਰ ਮੰਗ ਉੱਠਦੀ ਰਹੀ ਹੈ ਕਿ ਅੱਠ ਘੰਟੇ ਕੰਮ ਦਿਹਾੜੀ ਦੀ ਏਨੀ ਤਨਖਾਹ ਹੋਣੀ ਚਾਹੀਦੀ ਹੈ ਕਿ ਕਿਸੇ ਮਜਦੂਰ ਨੂੰ ਓਵਰਟਾਈਮ ਕੰਮ ਹੀ ਨਾ ਕਰਨਾ ਪਵੇ। ਪਰ ਸਰਮਾਏਦਾਰਾਂ ਦੀਆਂ ਸਰਕਾਰਾਂ ਉਲਟੇ ਰਾਹ ਤੁਰਦੇ ਹੋਏ ਨਾ ਤਾਂ ਢੁੱਕਵੀਂ ਘੱਟੋ-ਘੱਟ ਤਨਖਾਹ ਤੈਅ ਕਰਦੀਆਂ ਹਨ ਤੇ ਨਾ ਲਾਗੂ ਕਰਵਾਉਂਦੀਆਂ ਹਨ ਸਗੋਂ ਓਵਰਟਾਈਮ ਕੰਮ ਦੇ ਘੰਟਿਆਂ ਸਬੰਧੀ ਨਿਯਮ ਕਨੂੰਨਾਂ ਵਿੱਚ ਹੀ ਸਰਮਾਏਦਾਰਾਂ ਦੇ ਪੱਖ ਵਿੱਚ ਬਦਲਾਅ ਕਰ ਰਹੀਆਂ ਹਨ। ਮੋਦੀ ਸਰਕਾਰ ਵੱਲੋਂ ਕੋਡ ਰੂਪ ਵਿੱਚ ਲਿਆਂਦੇ ਨਵੇਂ ਕਿਰਤ ਕਨੂੰਨਾਂ ਵਿੱਚ ਵੀ ਇਹੋ ਕੁੱਝ ਕੀਤਾ ਗਿਆ ਹੈ। ਭਾਵੇਂ ਮੋਦੀ ਸਰਕਾਰ ਦੇ ਨਵੇਂ ਕਿਰਤ ਕਨੂੰਨ ਲਾਗੂ ਨਹੀਂ ਹੋਏ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤੋਂ ਵੀ ਕਿਤੇ ਅੱਗੇ ਹੋ ਕੇ ਸਰਮਾਏਦਾਰਾਂ ਦੀ ਸੇਵਾ ਕਰਨ ਵਿੱਚ ਲੱਗੀ ਹੋਈ ਹੈ। ਆਪ ਦੀ ਸੂਬਾ ਸਰਕਾਰ ਦੇ ਇਸ ਕਦਮ ਨੇ ਇਸਦੇ ਇਨਕਲਾਬ ਅਤੇ ਬਦਲਾਅ ਦੇ ਝੂਠ ਤੋਂ ਪਰਦਾ ਚੁੱਕ ਦਿੱਤਾ ਹੈ।

ਲਲਕਾਰ ਤੋਂ ਧੰਨਵਾਦ ਸਹਿਤ

Leave a Reply

Your email address will not be published. Required fields are marked *