ਮਜਦੂਰਾਂ ਦੀ ਲਗਭਗ ਪਿਛਲੇ 18 ਮਹੀਨਿਆਂ ਦੀ ਤਨਖਾਹ ਸਰਕਾਰ ਵੱਲੋਂ ਨਹੀਂ ਦਿੱਤੀ ਗਈ

ਗੁਰਦਾਸਪੁਰ

ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)–ਪਿਛਲੇ ਮਹੀਨੇ, 23 ਅਗਸਤ, ਨੂੰ ਚੰਦਰਯਾਨ – 3 ਚੰਦ ਦੇ ਦੱਖਣੀ ਧਰੁਵ ਉੱਤੇ ਸਫਲਤਾ ਨਾਲ਼ ਉੱਤਰਿਆ। ਮੋਦੀ ਲਾਣੇ ਤੇ ਗੋਦੀ ਮੀਡੀਆ ਨੇ ਇਸ ਸਾਰੇ ਕੁੱਝ ਨੂੰ ਭਾਰਤ ਦੇ ਵਿਗਿਆਨੀਆਂ ਤੇ ਕਾਮਿਆਂ ਦੀ ਕਿਰਤ ਦੀ ਥਾਵੇਂ ਇਸ ਦਾ ਸਾਰਾ ਸਿਹਰਾ ਮੋਦੀ ਤੇ ਸੰਘ – ਭਾਜਪਾ ਨੂੰ ਦੇਣ ਲਈ ਅੱਡੀ ਚੋਟੀ ਦਾ ਜੋਰ ਲਾਇਆ। ਮੋਦੀ ਨੇ ਡੰਗ ਟਪਾਉਣ ਲਈ ਫੋਕੀ ਜਹੀ ਤਰੀਫ ਵਿਗਿਆਨੀਆਂ ਤੇ ਹੋਰਾਂ ਕਾਮਿਆਂ ਦੀ ਵੀ ਕੀਤੀ ਪਰ ਅਸਲ ਵਿੱਚ ਮੋਦੀ ਲਾਣਾ ਇਸ ਪ੍ਰੋਗਰਾਮ ਵਿੱਚ ਲੱਗੇ ਕਾਮਿਆਂ ਪ੍ਰਤੀ ਕਿੰਨਾਂ ਕੁ ਸੁਹਿਰਦ ਹੈ ਇਹ ਪਿੱਛੇ ਜਹੇ ਸਾਫ ਸਾਹਮਣੇ ਆ ਚੁੱਕਾ ਹੈ।

ਹੁਣ ਲਗਭਗ ਮਹੀਨਾ ਬਾਅਦ, ਸਰਕਾਰੀ ਮਾਲਕੀ ਵਾਲ਼ੀ ਭਾਰੀ ਇੰਜੀਨੀਅਰਿੰਗ ਕਾਰਪੋਰੇਸ਼ਨ ਲਿਮਟਡ ਦੇ ਮਜਦੂਰ, ਜਿਨ੍ਹਾਂ ਚੰਦਰਯਾਨ -3 ਤੇ ਹੋਰਾਂ ਉਪਗ੍ਰਹਿਆਂ ਦੇ ਵੱਖੋ ਵੱਖ ਹਿੱਸੇ ਬਣਾਏ ਹਨ, ਸਰਕਾਰ ਵਿਰੁੱਧ ਹੜਤਾਲ ਉੱਤੇ ਬੈਠੇ ਹਨ। ਇਹਨਾਂ ਮਜਦੂਰਾਂ ਦੀ ਲਗਭਗ ਪਿਛਲੇ 18 ਮਹੀਨਿਆਂ ਦੀ ਤਨਖਾਹ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਮਜਦੂਰਾਂ ਦਾ ਕਹਿਣਾ ਹੈ ਕਿ ਇਸ ਹਾਲਤ ਦੇ ਚਲਦੇ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਭਰਨ ਤੇ ਘਰ ਦਾ ਗੁਜਾਰਾ ਢੰਗ ਨਾਲ਼ ਚਲਾਉਣ ਤੋਂ ਵੀ ਅਯੋਗ ਸਾਬਤ ਹੋ ਰਹੇ ਹਨ।

ਚੰਦਰਯਾਨ – 3 ਨੂੰ ਚੰਦ ਉੱਤੇ ਪਹੁੰਚਾਉਣ ਦੀਆਂ ਫੜਾਂ ਮਾਰਨ ਵਾਲੀ ਮੋਦੀ ਸਰਕਾਰ ਇਸ ਧਰਤੀ ਉੱਤੇ ਰਹਿਣ ਵਾਲ਼ੇ ਕਿਰਤੀਆਂ ਨੂੰ ਫ਼ਾਕੇ ਕੱਟਣ ਲਈ ਮਜਬੂਰ ਕਰ ਰਹੀ ਹੈ। ਮੋਦੀ ਸਰਕਾਰ ਦੇ ਅਖੌਤੀ ਨਵੇਂ ਭਾਰਤ ਵਿੱਚ ਅਮੀਰਾਂ ਦੇ ਦੌਲਤ ਦੇ ਭੰਡਾਰ ਭਾਵੇਂ ਚੰਨ ਤੱਕ ਅੱਪੜ ਜਾਣ ਪਰ ਇਸ ਕੁੱਲ ਦੌਲਤ ਨੂੰ ਸਿਰਜਣ ਵਾਲੀ ਲੋਕਾਈ ਹਾਲੇ ਵੀ ਬੁਨਿਆਦੀ ਸਹੂਲਤਾਂ ਦੀ ਪੂਰਤੀ ਤੋਂ ਕੋਹਾਂ ਦੂਰ ਹੈ।

ਲਲਕਾਰ ਤੋਂ ਧੰਨਵਾਦ ਸਹਿਤ

Leave a Reply

Your email address will not be published. Required fields are marked *