ਗੁਰਦਾਸਪੁਰ 23ਸਤੰਬਰ (ਸਰਬਜੀਤ ਸਿੰਘ)– ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਸਥਿਤ ਸ੍ਰੀ ਲੱਛਮੀ ਨਰਾਇਣ ਮੰਦਿਰ ਦੀਆਂ ਕੰਧਾਂ ਤੇ ਮੋਦੀ ਖਿਲਾਫ਼ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੁਝ ਕੱਟੜਵਾਦੀ ਲੋਕਾਂ ਵੱਲੋਂ ਕੀਤੀ ਗਈ ਨਾਕਾਮ ਕੋਸ਼ਿਸ਼ ਦੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਸਖ਼ਤ ਨਿਖੇਧੀ ਕਰਦੀ ਹੈ ਅਤੇ ਆਸਟ੍ਰੇਲੀਆ ਦੀ ਪੁਲਿਸ ਦੀ ਸਰਾਹਨਾ ਕਰਦੀ ਹੈ।ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਉਪਰੋਕਤ ਵਿਚਾਰ ਸਾਂਝੇ ਕੀਤੇ।
ਸਿੱਖ ਕਦੇ ਵੀ ਅੱਤਵਾਦੀ ਨਹੀਂ ਸਨ ਅਤੇ ਨਾਂ ਕਦੇ ਅੱਤਵਾਦੀ ਹੋਣਗੇ।ਸਿੱਖ ਤਾਂ ਮਜ਼ਲੂਮ ਦੀ ਰੱਖਿਆ ਕਰਨ ਵਾਲੇ,ਲੋੜਵੰਦ ਲੋਕਾਂ ਦੀ ਇਮਦਾਦ ਕਰਨ ਵਾਲੇ, ਜਾਤਾਂ-ਪਾਤਾਂ,ਧਰਮਾਂ ਤੋਂ ਉਪਰ ਉਠ ਕੇ”ਸਭੋ ਸਾਂਝੀਵਾਲ ਸਦਾਇਨ”ਦੇ ਫ਼ਲਸਫ਼ੇ ਤੇ ਪਹਿਰਾ ਦੇਣ ਵਾਲੇ, ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲੇ, ਇਹਨਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੋਣ ਕਾਰਨ ਆਪਣੇ ਬਣਦੇ ਹੱਕ ਸਰਕਾਰਾਂ ਤੋਂ ਲੈਣ ਲਈ ਸੰਘਰਸ਼ ਕਰਨ ਵਾਲੇ ਅਤੇ ਧਰਮ ਦੀ ਰੱਖਿਆ ਲਈ ਮਰ ਮਿੱਟਣ ਵਾਲੇ ਅਣਖੀ ਲੋਕ ਹਨ। ਪਰ ਸਮਾਜ ਵਿੱਚੋ ਕੁਝ ਫਿਰਕਾਪ੍ਰਸਤ ਤਾਕਤਾਂ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਘਟਨਾਵਾਂ ਨੂੰ ਅੰਜਾਮ ਦਿੰਦੀਆਂ ਰਹੀਆਂ ਹਨ।
ਉਹਨਾਂ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਪੁਲਿਸ ਦੀ ਸਰਾਹਣਾ ਕਰਦਿਆਂ ਕਿਹਾ ਪੁਲਿਸ ਨੇ 6 ਮਹੀਨੇ ਦੀ ਜਾਂਚ ਪੜਤਾਲ ਤੋਂ ਬਾਅਦ ਦਿੱਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘਟਨਾਂ ਸਮੇਂ ਮੰਦਿਰ ਦੇ ਸੀ ਸੀ ਟੀ ਵੀ ਕੈਮਰੇ ਬੰਦ ਹੋਣ ਕਾਰਨ ਅਤੇ ਕੋਈ ਵੀ ਗਵਾਹ ਨਾਂ ਹੋਣ ਕਾਰਨ ਉਕਤ ਸ਼ਿਕਾਇਤ ਸ਼ੱਕ ਦੇ ਘੇਰੇ ਵਿੱਚ ਹੈ।
ਭੋਜਰਾਜ ਨੇ ਅੱਗੇ ਦੱਸਿਆ ਕਿਹਾ ਕਿ ਕੇਂਦਰ ਸਰਕਾਰ ਦੇ ਕਨੇਡੀਅਨ ਲੋਕਾਂ ਨੂੰ ਭਾਰਤ ਦਾ ਵੀਜ਼ਾ ਨਾ ਜਾਰੀ ਕਰਨ ਵਾਲੇ ਫੈਸਲੇ ਨੇ ਕੇਂਦਰ ਸਰਕਾਰ ਦੀ ਕਮਜ਼ੋਰ ਮਾਨਸਿਕਤਾ ਦਾ ਸਬੂਤ ਦਿੱਤਾ ਹੈ।ਬੇਸ਼ੱਕ ਕੇਂਦਰ ਨੇ ਇਹ ਫ਼ੈਸਲਾ ਵਾਪਿਸ ਲੇ ਲਿਆ ਹੈ ਪਰ ਪਹਿਲਾਂ ਕਾਹਲੀ ਵਿੱਚ ਲਿਆ ਗਿਆ ਫੈਸਲਾ ਹੀ ਕਈ ਸਵਾਲ ਖੜ੍ਹੇ ਕਰਦਾ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਇਕ ਬਹੁ ਧਰਮੀ ਦੇਸ਼ ਹੈ।ਇੱਥੇ ਫਿਰਕਾਪ੍ਰਸਤ ਨੀਤੀ ਜਾਂ ਰਾਜਨੀਤੀ ਭਾਰਤ ਨੂੰ ਕਦੇ ਵੀ ਰਾਸ ਨਹੀਂ ਆਵੇਗੀ।
ਅਦਾਲਤ ਵੱਲੋਂ 1984 ਦੇ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁੱਧ ਪੀੜ੍ਹਤ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਵੱਡੀ ਸਾਜ਼ਿਸ਼ ਦੇ ਤਹਿਤ ਵਿਤਕਰਾ ਕੀਤਾ ਜਾ ਰਿਹਾ ਹੈ।
ਭੋਜਰਾਜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾਂ ਚਾਹੀਦਾ ਹੈ ਅਜਿਹੀਆਂ ਫਿਰਕਾਪ੍ਰਸਤ ਤਾਕਤਾਂ ਪਿਛਲੇ ਸਮੇਂ ਤੋਂ ਭਾਰਤ ਵਿੱਚ ਹੀ ਸਰਗਰਮ ਸਨ ਤੇ ਹੁਣ ਇਹਨਾਂ ਨੇ ਵਿਦੇਸ਼ਾਂ ਵਿੱਚ ਵੀ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇਣਾਂ ਸ਼ੁਰੂ ਕਰ ਦਿੱਤਾ ਹੈ।ਸੋ ਕੇਂਦਰ ਸਰਕਾਰ ਨੂੰ ਦੇਸ਼ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਅਜਿਹੀਆਂ ਫਿਰਕਾਪ੍ਰਸਤ ਤਾਕਤਾਂ ਦੀ ਲਗਾਮ ਕੱਸ ਕੇ ਇਹਨਾਂ ਨੂੰ ਤੁਰੰਤ ਨਕੇਲ ਪਾਉਣੀ ਚਾਹੀਦੀ ਹੈ।