ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)– ਪਿਛਲੇ ਮਹੀਨੇ ਮੰਨੇ-ਪ੍ਰਮੰਨੇ ਕਵੀ ਨਰੇਸ਼ ਸਕਸੇਨਾ ਪਰਿਵਾਰ ਸੰਗ ਰੂਸ ਦੀ ਯਾਤਰਾ ਤੋਂ ਪਰਤੇ ਹਨ। 12 ਜੁਲਾਈ ਦੀ ਸ਼ਾਮ ਲਖਨਊ ਵਿੱਚ ਉਹਨਾਂ ਦੇ ਘਰ ਲੰਬੀ ਗੱਲਬਾਤ ਹੋਈ। ਉਹਨਾਂ ਨੇ ਦੱਸਿਆ ਕਿ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਵੀ ਕੋਈ ਅੰਗਰੇਜੀ ਨਹੀਂ ਜਾਣਦਾ। ਕੰਮ-ਕਾਜ ਉਹਨਾਂ ਦੀ ਆਪਣੀ ਭਾਸ਼ਾ ਰੂਸੀ ਵਿੱਚ ਹੁੰਦਾ ਹੈ। ਏਥੋਂ ਤੱਕ ਕਿ ਏਰਪੋਰਟ ’ਤੇ ਇਮੀਗਰੇਸ਼ਨ ਅਧਿਕਾਰੀ ਵੀ ਅੰਗਰੇਜੀ ਨਹੀਂ ਜਾਣਦੇ। ਉਹਨਾਂ ਦੇ ਪਰਿਵਾਰ ਦੀ ਇੱਕ ਔਰਤ ਨੂੰ ਏਅਰਪੋਰਟ ’ਤੇ ਕਿਸੇ ਕਾਰਨ ਰੋਕਿਆ ਗਿਆ ਸੀ, ਭਾਸ਼ਾ ਨਾ ਜਾਨਣ ਕਾਰਨ ਇਮੀਗਰੇਸ਼ਨ ਅਧਿਕਾਰੀਆਂ ਨਾਲ਼ ਕੋਈ ਗੱਲ ਨਾ ਹੋ ਸਕੀ ਤੇ ਸਫਾਰਤਖਾਨੇ ਨਾਲ਼ ਸੰਪਰਕ ਕਰਨ ਤੋਂ ਬਾਅਦ ਕਿਸੇ ਤਰਾਂ ਉਹ ਬਾਹਰ ਆ ਸਕੀ। ਇਹਦੇ ’ਚ ਢਾਈ ਘੰਟੇ ਲੱਗ ਗਏ। ਕਿਹਨਾਂ ਕਾਰਨਾਂ ਕਰਕੇ ਰੋਕਿਆ ਗਿਆ ਸੀ- ਇਹ ਹਾਲੇ ਵੀ ਪਤਾ ਨਹੀਂ।
ਮੈਂ ਵੀ ਵਲਾਦੀਮੀਰ ਪੁਤਿਨ ਨੂੰ ਰੂਸੀ ਤੋਂ ਇਲਾਵਾ ਦੂਸਰੀ ਬੋਲੀ ’ਚ ਬੋਲਦੇ ਨਹੀਂ ਸੁਣਿਆ ਹੈ।
ਬਿਨਾਂ ਅੰਗਰੇਜੀ ਜਾਣੇ ਰੂਸ ਏਨੀ ਤਰੱਕੀ ਕਿਵੇਂ ਕਰ ਗਿਆ? ਸਾਡੇ ਏਥੇ ਲੋਕ ਕਹਿੰਦੇ ਹਨ ਕਿ ਵਿਕਾਸ ਦੀ ਕੁੰਜੀ ਅੰਗਰੇਜੀ ਹੈ। ਅਸਲ ’ਚ, ਆਦਮੀ ਚਾਹੇ ਜਿੰਨੀਆਂ ਭਾਸ਼ਾਵਾਂ ਸਿੱਖ ਲਵੇ, ਉਹ ਸੋਚਦਾ ਹੈ ਆਪਣੀ ਭਾਸ਼ਾ ’ਚ। ਸਾਡੇ ਦੇਸ਼ ਦੇ ਬੱਚੇ ਵਿਦੇਸ਼ੀ ਭਾਸ਼ਾ ਵਿੱਚ ਪੜਦੇ ਹਨ, ਉਸਨੂੰ ਸਮਝਣ ਲਈ ਆਪਣੀ ਭਾਸ਼ਾ ’ਚ ਅਨੁਵਾਦ ਕਰਦੇ ਹਨ ਅਤੇ ਲਿਖਣ ਲਈ ਫਿਰ ਉਸਨੂੰ ਵਿਦੇਸ਼ੀ ਭਾਸ਼ਾ ’ਚ ਅਨੁਵਾਦ ਕਰਨਾ ਪੈਂਦਾ ਹੈ। ਇੰਝ ਸਾਡੇ ਬੱਚਿਆਂ ਦੇ ਜੀਵਨ ਦਾ ਵੱਡਾ ਹਿੱਸਾ ਦੂਸਰੇ ਦੀ ਭਾਸ਼ਾ ਸਿੱਖਣ ’ਚ ਚਲਿਆ ਜਾਂਦਾ ਹੈ। ਆਪਣੀ ਭਾਸ਼ਾ ’ਚ ਪੜਨ ਅਤੇ ਕੰਮ ਕਰਨ ਦੀ ਸਹੂਲਤ ਨਾ ਮਿਲ਼ਣ ਕਾਰਨ ਉਹਨਾਂ ਦੀ ਪ੍ਰਤਿਭਾ ਦਾ ਨਾ ਸਹਿਜ ਵਿਕਾਸ ਹੋ ਪਾਉਂਦਾ ਹੈ ਅਤੇ ਨਾ ਪੂਰਾ ਇਸਤੇਮਾਲ।
ਰੂਸ ਹੀ ਨਹੀਂ, ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ, ਚੀਨ, ਜਪਾਨ ਆਦਿ ਦੁਨੀਆਂ ਦੇ ਸਾਰੇ ਵਿਕਸਤ ਦੇਸ਼ ਆਪਣੀਆਂ ਭਾਸ਼ਾਵਾਂ ’ਚ ਹੀ ਪੜਦੇ ਅਤੇ ਸਾਰਾ ਕੰਮ-ਕਾਜ ਵੀ ਆਪਣੀਆਂ ਭਾਸ਼ਾਵਾਂ ਵਿੱਚ ਹੀ ਕਰਦੇ ਹਨ। ਇਸ ਲਈ ਓਥੇ ਮੌਲਿਕ ਚਿੰਤਨ ਹੋ ਪਾਉਂਦਾ ਹੈ। ਦੂਸਰੇ ਦੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਕੇ ਅਸੀਂ ਸਿਬਫ ਨਕਲਚੀ ਹੀ ਪੈਦਾ ਕਰ ਸਕਦੇ ਹਾਂ।
ਸਾਡੇ ਦੇਸ਼ ਦੇ ਲੀਡਰ ਇਸ ਵਿਸ਼ੇ ’ਤੇ ਚੁੱਪ ਕਿਉਂ ਹਨ? ਆਪਣੇ ਧੀਆਂ-ਪੁੱਤਾਂ ਸਮੇਤ ਕੁੱਝ ਕੁ ਅਮਰੀਜਾਦਿਆਂ ਨੂੰ ਮੌਕੇ ਉਪਲਬਧ ਕਰਾਉਣ ਲਈ ਅੰਗਰੇਜੀ ਨੂੰ ਇੱਕ ਕਾਰਗਰ ਹਥਿਆਰ ਵਜੋਂ ਵਰਤਣਾ ਕੀ ਉਹਨਾਂ ਦਾ ਮਕਸਦ ਨਹੀਂ ਹੈ?
ਲਲਕਾਰ ਤੋਂ ਧੰਨਵਾਦ ਸਹਿਤ।


