ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)– ਬੱਚੇ ਕਿਸਨੂੰ ਪਸੰਦ ਨਹੀਂ ਹਨ? ਹਰੇਕ ਮਨੁੱਖ ਜੋ ਥੋੜਾ ਵੀ ਸੰਵੇਦਨਸ਼ੀਲ ਹੈ ਬੱਚਿਆ ਪ੍ਰਤੀ ਲਗਾਅ ਮਹਿਸੂਸ ਕਰਦਾ ਹੈ। ਮਨੁੱਖ ਸਾਰੇ ਜੀਵਾਂ ’ਚੋਂ ਜਿਆਦਾ ਉੱਨਤ ਜੀਵ ਹੈ ਜੋ ਆਪਣੇ ਬੱਚਿਆਂ ਤੋਂ ਬਿਨਾਂ ਹੋਰਾਂ ਮਨੁੱਖਾਂ ਦੇ ਬੱਚਿਆਂ ਪ੍ਰਤੀ ਵੀ ਲਗਾਅ ਰੱਖਦਾ ਹੈ। ਬੱਚੇ ਸਾਨੂੰ ਆਪਣੇ ਵੱਲ਼ ਆਪਣੇ ਕੋਮਲ ਚਿਹਰਿਆਂ ਤੇ ਹਰਕਤਾਂ ਨਾਲ਼ ਹੀ ਨਹੀਂ ਖਿੱਚਦੇ ਸਗੋਂ ਅਸੀਂ ਉਨ੍ਹਾਂ ’ਚ ਭਵਿੱਖ ਵੀ ਵੇਖਦੇ ਹਾਂ। ਪਰ ਅਸੀਂ ਜਿਹੋ-ਜਿਹੇ ਪ੍ਰਬੰਧ ’ਚ ਰਹਿ ਰਹੇ ਹਾਂ, ਉਸਦਾ ਸਾਡੀਆਂ ਇਨ੍ਹਾਂ ਕੋਮਲ ਜਿੰਦਾ ਵੱਲ਼ ਰਵੱਈਆ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਇਹ ਪ੍ਰਬੰਧ ਭਵਿੱਖ ਪ੍ਰਤੀ ਕਿੰਨਾ ਵੈਰ ਭਾਵੀ ਹੈ।
ਇਹ ਜਾਨਣ ਲਈ ਅਸੀਂ ਦੁਨੀਆਂ ਦੇ ਇੱਕ ਹਿੱਸੇ ਅਫਰੀਕੀ ਮਹਾਂਦੀਪ ’ਤੇ ਵਸਦੇ ਬੱਚਿਆਂ ਨੂੰ ਲੈਂਦੇ ਹਾਂ। ਜਿੱਥੇ ਕਰੋੜਾਂ ਹੀ ਬੱਚੇ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਵੱਲੋਂ ਫੈਲਾਈ ਭੁੱਖਮਰੀ ਕਾਰਨ ਭੁੱਖੇ ਮਰ ਰਹੇ ਹਨ। ਪਿਛਲੇ ਸਮੇਂ ’ਚ ਅਫਰੀਕੀ ਬੱਚਿਆਂ ਲਈ ਨੀਤੀ ਸਬੰਧੀ ਫੋਰਮ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਏਥੇ 6 ਕਰੋੜ ਬੱਚੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਇਹ ਕੋਈ ਆਮ ਭੁੱਖਮਰੀ ਦੀ ਹਾਲਤ ਨਹੀਂ ਹੈ ਸਗੋਂ ਇਸਨੂੰ ਅਕਾਲ ਦੀ ਸਥਿਤੀ ਐਲਾਨਿਆ ਗਿਆ ਹੈ। ਏਥੇ ਲੱਖਾਂ ਹੀ ਅਜਿਹੇ ਬੱਚੇ ਹਨ ਜੋ ਬਚੇ-ਖੁਚੇ ਭੋਜਨ ਭਾਵ ਦੂਜਿਆਂ ਦਾ ਜੂਠ ਖਾਣ ਲਈ ਮਜਬੂਰ ਹਨ ਤਾਂ ਕਿ ਆਪਣੇ ਸਾਹ ਚੱਲਦੇ ਰੱਖ ਸਕਣ। ਏਸ ਮਹਾਂਦੀਪ ’ਚ ਬੱਚਿਆਂ ਦੀਆਂ ਅੱਧੀਆਂ ਮੌਤਾਂ ਭੁੱਖਮਰੀ ਕਾਰਨ ਹੁੰਦੀਆਂ ਹਨ। ਦਸ ’ਚੋਂ ਨੌਂ ਬੱਚਿਆਂ ਨੂੰ ਖਾਣ ਲਈ ਸੰਤੁਲਿਤ ਭੋਜਨ ਨਹੀਂ ਮਿਲ਼ ਰਿਹਾ। ਪੰਜ ਪਿੱਛੇ ਦੋ ਬੱਚੇ ਹਰ-ਰੋਜ ਭੁੱਖੇ ਰਹਿੰਦੇ ਹਨ। ਹਰੇਕ ਤੀਜਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ ਤੇ ਏਸ ਮਹਾਂਦੀਪ ਦੀ 20 ਫੀਸਦੀ ਅਬਾਦੀ ਭੁੱਖਮਰੀ ਹੰਢਾ ਰਹੀ ਹੈ।
ਬੱਚਿਆਂ ਤੋਂ ਅਗਾਂਹ ਵੱਡਿਆਂ ਦੀ ਗੱਲ ਕਰੀਏ ਤਾਂ ਦਸ ਹਜਾਰ ਪਿੱਛੇ ਦੋ ਮੌਤਾਂ ਭੁੱਖਮਰੀ ਕਾਰਨ ਹੋ ਰਹੀਆਂ ਹਨ। ਅਫਰੀਕਾ ਦੇ ਸਬ-ਸਹਾਰਾ ਖੇਤਰ ’ਚ ਹਰੇਕ ਚੌਥਾ ਵਿਅਕਤੀ ਭੁੱਖਮਰੀ ਹੰਢਾ ਰਿਹਾ ਹੈ।
2017 ਦੀ ਇੱਕ ਰਿਪੋਰਟ ਅਨੁਸਾਰ ਇਥੋਪੀਆ ਦੇ 80 ਲੱਖ, ਮਾਲੀ ਦੇ 50 ਲੱਖ, ਜਿੰਬਾਬਵੇ ਦੇ 40 ਲੱਖ ਤੇ 30 ਲੱਖ ਕੀਨੀਆਈ ਲੋਕ ਭੁੱਖਮਰੀ ਦੀ ਮਾਰ ਹੇਠ ਸਨ ਪਰ 2017 ਤੋਂ ਬਾਅਦ ਹਾਲਤ ਕੋਈ ਬਿਹਤਰ ਬਣੀ ਹੋਏਗੀ, ਤਾਜਾ ਆਈਆਂ ਰਿਪੋਰਟਾਂ ਇਸਦੀ ਕੋਈ ਪੁਸ਼ਟੀ ਕਰਨ ਦੀ ਬਜਾਏ ਉਲਟਾ ਇਸ਼ਾਰਾ ਕਰ ਰਹੀਆਂ ਹਨ। ਮਤਲਬ ਹਾਲਤ ਹੋਰ ਭਿਅੰਕਰ ਬਣੀ ਹੈ। ਮੋਜੂਦਾ ਸਥਿਤੀ ਇਹ ਹੈ ਕਿ ਲੋਕ ਭੋਜਨ ਦੀ ਭਾਲ ’ਚ ਆਪਣੇ ਘਰ ਛੱਡਕੇ ਜਾ ਰਹੇ ਹਨ।
ਗਰੇਸ ਕੀਨੀਆਂ ਦਾ ਰਹਿਣ ਵਾਲ਼ਾ ਇੱਕ ਬੱਚਾ ਹੈ ਜੋ ਆਪਣੇ ਮਾਪਿਆਂ ਦੇ ਲੱਕੜ-ਕਾਨਿਆਂ ਦੇ ਘਰ ’ਚ ਇਕੱਲਾ ਰਹਿ ਰਿਹਾ ਹੈ। ਪਹਿਲਾਂ ਉਸਦੇ ਪਿਤਾ ਘਰੋਂ ਚਲੇ ਗਏ ਤੇ ਬਾਅਦ ’ਚ ਉਸਦੀ ਮਾਂ ਵੀ ਕੰਮ ਦੀ ਭਾਲ਼ ’ਚ ਇਥੋਪੀਆ ਚਲੀ ਗਈ ਤੇ ਦੋਵਾਂ ’ਚੋਂ ਕੋਈ ਵੀ ਵਾਪਸ ਨਹੀਂ ਮੁੜਿਆ। ਹੁਣ ਇਹ ਬੱਚਾ ਮਾਪਿਆਂ ਦੇ ਹੁੰਦਿਆਂ ਵੀ ਅਨਾਥ ਬਣ ਚੁੱਕਿਆ ਹੈ। ਇਹ ਇੱਕ ਪਰਿਵਾਰ ਦੀ ਉਦਾਹਰਨ ਜਰੀਏ ਅਸੀਂ ਬਾਕੀ ਅਫਰੀਕੀ ਪਰਿਵਾਰਾਂ ਦੀ ਹਾਲਤ ਵੀ ਸਮਝ ਸਕਦੇ ਹਾਂ।
2022 ਦੇ ਆਲਮੀ ਭੁੱਖਮਰੀ ਸੂਚਕ ਅੰਕ ਅਨੁਸਾਰ ਅਫਰੀਕੀ ਮਹਾਂਦੀਪ ਦੇ 54 ਦੇਸ਼ਾਂ ’ਚੋਂ 37 ਦੇਸ਼ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਦੁਨੀਆਂ ਦੇ 10 ਸਭ ਤੋਂ ਜਿਆਦਾ ਗੰਭੀਰ ਭੁੱਖਮਰੀ ਦਾ ਸਿਕਾਰ ਦੇਸ਼ਾਂ ’ਚੋਂ 7 ਅਫਰੀਕੀ ਦੇਸ਼ ਹਨ। 2022 ’ਚ ਸੈਂਟਰਲ ਅਫਰੀਕਨ ਰਿਪਬਲਿਕ, ਚਾਡ, ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ, ਮੈਡਾਗਸਕਰ ਨੂੰ ਭੁੱਖਮਰੀ ਦੀ ਚੇਤਾਵਨੀ ਦਿੱਤੀ ਗਈ ਸੀ ਪਰ ਚੇਤਾਵਨੀ ਦਾ ਕੀ ਮਤਲਬ ਜਦੋਂ ਲੋੜੀਂਦੇ ਕਦਮ ਲੈਣੇ ਹੀ ਨਹੀਂ। ਇਹ ਤਾਂ ਐਵੇਂ ਦੀ ਹਾਲਤ ਹੈ ਜਿਵੇਂ ਕੋਈ ਭੁੱਖੇ ਨੂੰ ਦੱਸ ਰਿਹਾ ਹੋਵੇ ਕਿ ਤੂੰ ਭੁੱਖਾਂ ਏ ਜਦਕਿ ਇਹ ਤਾਂ ਉਸਨੂੰ ਵੀ ਪਤਾ ਹੀ ਹੈ। ਉਸਨੂੰ ਤਾਂ ਕੁੱਝ ਖਾਣ ਲਈ ਲੋੜੀਂਦਾ ਹੈ।
ਦੂਜੇ ਪਾਸੇ ਅਨਾਜ ਦੀ ਪੈਦਾਵਾਰ ਦੇ ਮਾਮਲੇ ’ਚ ਬਿਨਾਂ ਸ਼ੱਕ ਪਹਿਲਾਂ ਨਾਲ਼ੋਂ ਅਫਰੀਕਾ ਦੀ ਹਾਲਤ ਸੁਧਰੀ ਹੈ। ਇਸਦੀ ਕੁੱਲ ਘਰੇਲੂ ਪੈਦਾਵਾਰ ’ਚ ਵੀ 17 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਪਰ ਏਸੇ ਰਫਤਾਰ ਨਾਲ਼ ਏਥੇ ਭੁੱਖਮਰੀ ਵੀ ਵਧੀ ਹੈ। ਇਸਤੋਂ ਪਤਾ ਲੱਗਦਾ ਹੈ ਕਿ ਜਿਹੜਾ ਵਾਧਾ ਹੋਇਆ ਹੈ ਇਸਨੇ ਆਮ ਲੋਕਾਂ ਦੇ ਪੱਲੇ ਕੁੱਝ ਪਾਉਂਣ ਦੀ ਬਜਾਏ ਸਰਮਾਏਦਾਰਾਂ ਦੀਆਂ ਜੇਬਾ ਹੀ ਭਾਰੀਆਂ ਕੀਤੀਆਂ ਹਨ ਤੇ ਆਮ ਲੋਕਾਂ ਦੇ ਮੂੰਹੋਂ ਬਚਦਾ ਟੁੱਟ ਵੀ ਖੋਹਿਆ ਹੈ। ਏਥੇ ਤਕਰੀਬਨ 46 ਕਰੋੜ ਲੋਕ ਗਰੀਬੀ ਹੰਢਾ ਰਹੇ ਹਨ।
ਆਮ ਲੋਕਾਂ ਲਈ ਏਸ ਖਿੱਤੇ ਦਾ ਕੁਦਰਤੀ ਤੌਰ ’ਤੇ ਅਮੀਰ ਹੋਣਾ ਕੁੱਝ ਦੇਣ ਦੀ ਬਜਾਏ ਜਿੰਦਗੀਆਂ ਦੁੱਭਰ ਹੀ ਬਣਾ ਰਿਹਾ ਹੈ। ਏਥੇ ਸੋਨਾ, ਚਾਂਦੀ, ਤੇਲ ਤੇ ਹੋਰ ਖਣਿਜ ਪਦਾਰਥਾਂ ਦੇ ਭੰਡਾਰ ਹਨ। ਪਰ ਇਸਦੇ ਨਤੀਜੇ ਵਜੋਂ ਸਾਮਰਾਜੀ ਦੇਸ਼ਾਂ ਦੀ ਨਜਰ ਵੀ ਏਸ ਖਿੱਤੇ ’ਤੇ ਲਗਾਤਾਰ ਬਣੀ ਹੋਈ ਹੈ ਜਿਹੜੇ ਏਥੇ ਦੇ ਸਰਮਾਏਦਾਰਾਂ ਨਾਲ਼ ਸਾਂਝ ਭਿਆਲ਼ੀ ਨਾਲ਼ ਲਗਾਤਾਰ ਕੁਦਰਤੀ ਵਸੀਲਿਆਂ ਨੂੰ ਲੁੱਟਦੇ ਹਨ। ਸਾਮਰਾਜੀ ਖਹਿਭੇੜ ਕਰਕੇ ਇਹ ਖਿੱਤਾ ਲੰਬੇ ਸਮੇਂ ਤੋਂ ਸਿਆਸੀ ਅਸਥਿਰਤਾ ’ਚੋਂ ਲੰਘ ਰਿਹਾ ਹੈ ਤੇ ਇਸ ਸਿਆਸੀ ਅਸਥਿਰਤਾ, ਜੰਗਾਂ ਦਾ ਸਭ ਤੋਂ ਵੱਡਾ ਬੋਝ ਕਿਰਤੀ ਲੋਕਾਈ ਨੂੰ ਹੀ ਹੰਢਾਉਣਾ ਪੈਂਦਾ ਹੈ।
ਹੇਠਲੀ ਰਿਪੋਰਟ ਅਨੁਸਾਰ ਸਾਮਰਾਜੀ ਮੁਲਕ ਦੀ ਏਥੋਂ ਕੀਤੀ ਜਾ ਰਹੀ ਲੁੱਟ ਨੂੰ ਵਿਖਾਇਆ ਗਿਆ ਹੈ। ਇਹ ਰਿਪੋਰਟ ਪੁਰਾਣੀ ਹੈ ਨਵੇਂ ਅੰਕੜੇ ਇਸਤੋਂ ਕਿਤੇ ਜਿਆਦਾ ਹੋਣ ਦੀ ਉਮੀਦ ਹੈ। ਏਸ ਖਿੱਤੇ ’ਚ ਹਰ ਸਾਲ 134 ਅਰਬ ਅਮਰੀਕੀ ਡਾਲਰ ਕਰਜਾ, ਵਿਦੇਸ਼ੀ ਨਿਵੇਸ਼ ਅਤੇ ਫੰਡਾਂ ਦੇ ਰੂਪ ’ਚ ਆਉਂਦਾ ਹੈ ਪਰ ਦੂਸਰੇ ਪਾਸੇ 192 ਅਰਬ ਅਮਰੀਕੀ ਡਾਲਰ ਮੁਨਾਫੇ ਦੇ ਰੂਪ ’ਚ ਏਥੋਂ ਬਾਹਰ ਜਾਂਦਾ ਹੈ। ਇਸਤੋਂ ਇਲਾਵਾ ਦੁਨੀਆਂ ਪੱਧਰ ਉੱਤੇ ਅਣਗਿਣਤ ਸੰਸਥਾਵਾਂ ਅਫਰੀਕੀ ਬੱਚਿਆਂ ਦੀਆਂ ਭੁੱਖੇ-ਨੰਗਿਆਂ ਦੀਆਂ ਫੋਟੋਆਂ ਵਿਖਾਕੇ ਕਰੋੜਾਂ ਰੁਪਏ ਫੰਡ ਇਕੱਠਾ ਕਰਦੀਆਂ ਹਨ ਪਰ ਏਥੋਂ ਦੀ ਅਸਲ ਹਾਲਤ ਫੇਰ ਵੀ ਹੋਰ ਭਿਅੰਕਰ ਹੁੰਦੀ ਜਾ ਰਹੀ ਹੈ। ਇਹ “ਚੈਰੀਟੇਬਲ” ਸੰਸਥਾਵਾਂ ਦਾ ਕੰਮ ਭੁੱਖਮਰੀ, ਗਰੀਬੀ ਦੇ ਪਿੱਛਲੇ ਅਸਲ ਦੋਸ਼ੀ ਏਸ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਨੂੰ ਢਕਣਾ ਤੇ ਇਸਦੀ ਉਮਰ ਲੰਬੀ ਕਰਨਾ ਹੈ।
ਸੰਤ ਰਾਮ ਉਦਾਸੀ ਦੀਆਂ ਕਹੀਆਂ ਸਤਰਾਂ ਵਾਂਗ ‘ਜੇ ਸੋਕਾ ਇਹ ਹੀ ਜਰਦੇ ਨੇ, ਜੇ ਡੋਬਾ ਇਹ ਹੀ ਜਰਦੇ ਨੇ, ਸਭ ਕਹਿਰ ਇਨ੍ਹਾਂ ਸਿਰ ਵਰਦੇ ਨੇ’ ਵਾਂਗ ਅਫਰੀਕੀ ਮਹਾਂਦੀਪ ਦਾ ਹਾਰਨ ਆਫ ਅਫਰੀਕਾ ਦਾ ਇਲਾਕਾ ਸੋਕਾ ਪ੍ਰਭਾਵਿਤ ਹੈ, ਜਿੱਥੇ ਸੋਕੇ ਨੇ ਸਾਢੇ ਤਿੰਨ ਕਰੋੜ ਤੋਂ ਉੱਪਰ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਦੂਸਰੇ ਪਾਸੇ ਕੇਂਦਰੀ ਤੇ ਪੂਰਬੀ ਅਫਰੀਕਾ ਹੜਾਂ ਦੀ ਮਾਰ ਝੱਲਕੇ ਹਟਿਆ ਹੈ।
ਕੀ ਇਹ ਸਭ ਕੁਦਰਤੀ ਹੀ ਹੈ? ਨਹੀਂ ਸਗੋਂ ਇਹ ਸਰਮਾਏਦਾਰਾ ਪ੍ਰਬੰਧ ਇਸ ਲਈ ਜਿੰਮੇਵਾਰ ਹੈ। ਕੁਦਰਤੀ ਭੰਡਾਰਾਂ ਨੂੰ ਲੁੱਟਣ ਲੱਗਿਆ ਇਸ ਗੱਲ ਦੀ ਭੋਰਾ ਵੀ ਪਰਵਾਹ ਨਹੀਂ ਕੀਤੀ ਜਾ ਰਹੀ ਕਿ ਇਸਦਾ ਆਮ ਲੋਕਾਂ ਤੇ ਵਾਤਾਵਰਣ ’ਤੇ ਕੀ ਅਸਰ ਹੋਵੇਗਾ।
ਦਹਾਕਿਆ ਤੋਂ ਚੱਲ ਰਹੇ ਸਾਮਰਾਜੀ ਖਹਿਭੇੜ ਕਾਰਨ ਬਣੀ ਸਿਆਸੀ ਅਸਥਿਰਤਾ ਕਾਰਨ ਤੇ ਸੋਕੇ-ਹੜ ਵਰਗੀਆਂ ਹਾਲਤਾਂ ਕਾਰਨ ਲੋਕ ਇੱਕ ਥਾਂ ਨਿਚਲੇ ਬੈਠ ਵੀ ਨਹੀਂ ਸਕਦੇ। ਕਈਆਂ ਦੇਸ਼ਾਂ ਦੀ ਹਾਲਤ ਏਥੋਂ ਤੱਕ ਬਣੀ ਹੋਈ ਹੈ ਕਿ ਜਿਸ ਉਮਰ ’ਚ ਬੱਚੇ ਦੇ ਮੋਢਿਆਂ ’ਚੋਂ ਕਿਤਾਬਾਂ ਦਾ ਬੈਗ ਹੋਣਾ ਚਾਹੀਦਾ ਸੀ, ਉਸ ਉਮਰੇ ਮਾਪੇ ਆਪਣੇ ਬੱਚਿਆਂ ਦੇ ਮੋਢੇ ਮੰਗਣ ਵਾਲ਼ਾ ਝੋਲ਼ਾ ਪਾਕੇ ਭੀਖ ਮੰਗਣ ਲਈ ਭੇਜਦੇ ਹਨ।
ਅਫਰੀਕਾ ਤੋਂ ਬਾਅਦ ਅੱਗੇ ਭਾਰਤ ਗੁਆਂਢੀ ਦੇਸ਼ ਪਾਕਿਸਤਾਨ ਦੀ ਗੱਲ ਕਰੀਏ ਤਾਂ ਏਥੇ ਵੀ ਜਿਆਦਾਤਰ ਪਛੜੇ ਸਰਮਾਏਦਾਰਾ ਦੇਸ਼ਾਂ ਵਾਂਗ ਹਾਲਤ ਕੋਈ ਵੱਖਰੀ ਨਹੀਂ ਹੈ। ਪਿਛਲੇ ਸਾਲ ਪਾਕਿਸਤਾਨ ਦੇ ਲੋਕਾਂ ਨੇ ਵੱਡੇ ਹੜਾਂ ਦੀ ਮਾਰ ਝੱਲੀ ਸੀ, ਜਿਸਦੇ ’ਚ ਮਨੁੱਖੀ ਜਾਨਾਂ ਤੋਂ ਇਲਾਵਾ ਹੋਰ ਵੀ ਬਹੁਤ ਨੁਕਸਾਨ ਹੋਇਆ ਸੀ। 1700 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ। 30000 ਸਕੂਲ, 2000 ਸਿਹਤ ਕੇਂਦਰ ਤੇ 4300 ਪੀਣ ਵਾਲ਼ੇ ਪਾਣੀ ਦੇ ਕੇਂਦਰ ਤਬਾਹ ਹੋ ਗਏ ਸੀ। ਇਨ੍ਹਾਂ ਹੜਾਂ ਨੂੰ ਬੀਤਿਆ ਇੱਕ ਸਾਲ ਦਾ ਸਮਾਂ ਹੋ ਗਿਆ ਪਰ ਅਜੇ ਤੱਕ ਉਪਰੋਕਤ ਉਜਾੜੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪਹਿਲਾਂ ਹੀ ਸਕੂਲਾਂ ਤੋਂ ਬਾਹਰ ਇੱਕ ਤਿਹਾਈ ਬੱਚਿਆਂ ਦੀ ਗਿਣਤੀ ’ਚ ਹੋਰ ਵਾਧਾ ਹੋ ਗਿਆ। 40 ਲੱਖ ਬੱਚਿਆਂ ਕੋਲ਼ ਪੀਣ ਵਾਲ਼ਾ ਸਾਫ ਪਾਣੀ ਨਹੀਂ ਹੈ ਤੇ 15 ਲੱਖ ਬੱਚੇ ਭੁੱਖ ਦੀ ਮਾਰ ਹੰਢਾ ਰਹੇ ਹਨ।
ਭਾਰਤ ਦੀ ਗੱਲ ਕਰੀਏ ਤਾਂ ਇਸਦਾ ਭੁੱਖਮਰੀ ਸੂਚਕ ਅੰਕ ’ਚ 101 ਵਾਂ ਨੰਬਰ ਹੈ ਤੇ ਏਥੇ 33 ਲੱਖ ਤੋਂ ਉੱਪਰ ਬੱਚਿਆਂ ਨੂੰ ਲੋੜੀਂਦਾ ਭੋਜਨ ਨਹੀਂ ਮਿਲ਼ ਰਿਹਾ। ਇਸਦੇ ’ਚੋ 17 ਲੱਖ ਬੱਚੇ ਤਾਂ ਨਾਜੁਕ ਹਾਲਤ ’ਚ ਹਨ। ਹੋਰ ਅੱਗੇ ਦੱਸੀਏ ਭਾਰਤ ਦੀ ਹਾਲਤ ਬਾਰੇ ਇਹ ਸਰਕਾਰੀ ਰਿਪੋਰਟ ਹੈ ਪਰ ਜੇ ਅਸੀਂ ਅਸਲ ਜਮੀਨੀ ਹਾਲਤ ਵੇਖੀਏ ਤਾਂ ਹੋਰ ਵੀ ਭਿਅੰਕਰ ਹੋਵੇਗੀ। ਹੋਰ ਰਿਪੋਰਟਾਂ ਅਨੁਸਾਰ ਭਾਰਤ ’ਚ ਪੰਜ ਸਾਲ ਦੀ ਉਮਰ ਤੱਕ ਦੇ 4500 ਬੱਚੇ ਹਰ ਰੋਜ ਭੁੱਖਮਰੀ ਕਾਰਨ ਦਮ ਤੋੜਦੇ ਹਨ। ਇਹ ਹਾਲਤ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਦੀ ਹੈ।
ਅਫਰੀਕਾ ਮਹਾਂਦੀਪ ਦੀ ਹਾਲਤ ਬਿਨਾ ਸ਼ੱਕ ਬਾਕੀ ਦੁਨੀਆਂ ਨਾਲ਼ੋਂ ਜਿਆਦਾ ਭਿਆਨਕ ਬਣੀ ਹੋਈ ਹੈ। ਇਸ ਲਈ ਸਾਨੂੰ ਸਮਝਣ ਦੀ ਲੋੜ ਹੈ ਕਿ ਇਸਦੇ ਪਿੱਛੇ ਕੋਈ ਵਿਅਕਤੀ ਨਹੀਂ ਹੈ ਸਗੋਂ ਇੱਕ ਪੂਰਾ-ਸੂਰਾ ਪ੍ਰਬੰਧ ਹੈ ਜਿਹੜਾ ਮਨੁੱਖੀ ਲਹੂ ’ਤੇ ਪਲ਼ਦਾ ਹੈ ਜਿਸਨੂੰ ਪ੍ਰਸਿੱਧ ਸਾਹਿਤਕਾਰ ਮੈਕਸਿਮ ਗੋਰਕੀ ਨੇ ਪੀਲ਼ਾ ਦੈਂਤ ਆਖਿਆ ਹੈ। ਦੁਨੀਆਂ ਪੱਧਰ ’ਤੇ ਭੁੱਖਮਰੀ ਦੇ ਨਾਮ ’ਤੇ ਚੱਲਦੀਆਂ ਸੰਸਥਾਵਾਂ ਇਸ ਪੀਲ਼ੇ ਦੈਂਤ ਦੀ ਉਮਰ ਲੰਮੀ ਕਰਨ ਦਾ ਕੰਮ ਕਰਦੀਆਂ ਹਨ। ਜਿੰਨਾਂ ਚਿਰ ਇਹ ਪੀਲ਼ਾ ਦੈਂਤ ਜਿਉਂਦਾ ਹੈ ਉਦੋਂ ਤੱਕ ਇਹ ਪੀਲ਼ਾ ਦੈਂਤ ਏਦਾਂ ਹੀ ਸਾਡੀਆਂ ਆਉਣ ਵਾਲ਼ੀਆਂ ਨਸਲਾਂ ਨੂੰ ਖਾਂਦਾ ਰਹੇਗਾ ਤੇ ਬਚਦਿਆਂ ਨੂੰ ਸਿਰਫ ਜਿਉਂਦੇ ਰਹਿਣ ਜੋਗਾ ਟੁੱਕਰ ਦੇਵੇਗਾ। ਇਸ ਲਈ ਅੱਜ ਦੀ ਜਰੂਰਤ ਇਸ ਪੀਲ਼ੇ ਦੈਂਤ ਦਾ ਖਾਤਮਾ ਕਰਨ ਤੇ ਇਸਦੀ ਥਾਂ ਮਨੁੱਖ ਕੇਂਦਰਿਤ ਪ੍ਰਬੰਧ ਉਸਾਰਨ ਦੀ ਹੈ। ਜਿਹੜਾ ਬਿਨਾਂ ਲੋਕਾਈ ਦੇ ਜਥੇਬੰਦ ਹੋਇਆ ਸੰਭਵ ਨਹੀਂ ਹੈ। ਇਸ ਲਈ ਜਿੰਨਾਂ ਛੇਤੀ ਹੋ ਸਕੇ ਮਾਸੂਮਾਂ ਦੇ ਕਾਤਲ ਏਸ ਪ੍ਰਬੰਧ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
ਲਲਕਾਰ ਤੋਂ ਧੰਨਵਾਦ ਸਹਿਤ।


