ਕਲਾ ਕੇਂਦਰ ਗੁਰਦਾਸਪੁਰ ਦੇ ਮੁਰੰਮਤ ਕਾਰਜਾਂ ਨੂੰ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ
ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਛੋਟਾ ਘੱਲੂਘਾਰਾ ਮੈਮੋਰੀਅਲ ਕਾਹਨੂੰਵਾਨ, ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਦੇ ਕੰਮਾਂ ਅਤੇ ਜ਼ਿਲ੍ਹੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੇ ਪ੍ਰੋਜੈਕਟਾਂ ਦਾ ਰੀਵਿਊ ਕੀਤਾ ਗਿਆ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੀਟਿੰਗ ਦੌਰਾਨ ਕਲਾ ਕੇਂਦਰ ਗੁਰਦਾਸਪੁਰ ਦੀ ਮੁਰੰਮਤ ਦੇ ਕਾਰਜ ਦਾ ਰੀਵਿਊ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਲਾ ਕੇਂਦਰ ਦੇ ਕੰਮ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਇਥੇ ਸੰਗੀਤ, ਕਲਾ ਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਲਾ ਕੇਂਦਰ ਵਿੱਚ ਬੱਚਿਆਂ ਲਈ ਸੰਗੀਤ, ਡਾਂਸ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਲਾ ਕੇਂਦਰ ਗੁਰਦਾਸਪੁਰ ਕਲਾ ਨਾਲ ਸਬੰਧਤ ਗਤੀਵਿਧੀਆਂ ਦੇ ਅਹਿਮ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆਵੇਗਾ।
ਮੀਟਿੰਗ ਦੌਰਾਨ ਛੋਟਾ ਘੱਲੂਘਾਰਾ ਮੈਮੋਰੀਅਲ, ਕਾਹਨੂੰਵਾਨ ਦੀ ਸਾਂਭ-ਸੰਭਾਲ ਅਤੇ ਸਫ਼ਾਈ ਪ੍ਰਬੰਧਾਂ ਵੱਲ ਹੋਰ ਧਿਆਨ ਦੇਣ ’ਤੇ ਜ਼ੋਰ ਦਿੱਤਾ। ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਦੇ ਕੁਝ ਮੁਰੰਮਤ ਕੰਮਾਂ ਨੂੰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੀ ਅਮੀਰ ਵਿਰਾਸਤ ਦਾ ਪ੍ਰਚਾਰ ਤੇ ਪਸਾਰ ਕਰਨ ਲਈ ਗੁਰਦਾਸਪੁਰ ਤੇ ਬਟਾਲਾ ਸਰਕਟ ਤੋਂ ਦੁਬਾਰਾ ਹੈਰੀਟੇਜ ਬੱਸ ਯਾਤਰਾ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀਂ ਨੌਜਵਾਨਾਂ ਨੂੰ ਆਪਣੇ ਵਿਰਸੇ ਤੇ ਵਿਰਾਸਤ ਨਾਲ ਜੋੜਿਆ ਜਾਵੇਗਾ। ਇਸ ਮੌਕੇ ਵਿਰਸਾ ਉਤਸਵ ਅਤੇ ਹੋਰ ਵੱਖ-ਵੱਖ ਪ੍ਰੋਗਰਾਮ ਕਰਵਾਉਣ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੀ ਮੈਂਬਰਸ਼ਿਪ ਵਧਾਉਣ ਉੱਪਰ ਵੀ ਚਰਚਾ ਕੀਤੀ ਗਈ।


