ਗੁਰਦਾਸਪੁਰ, 18 ਸਤੰਬਰ (ਸਰਬਜੀਤ ਸਿੰਘ)– ਪਿਛਲੇ ਦੋ ਤਿੰਨ ਦਿੰਨ ਦੀ ਕਤਾਰਬੰਦੀ ਵਿਚ ਪ੍ਰੋਫੈਸਰ ਸੁਰਜੀਤ ਦੇ ਹਮਾਇਤੀ ਉਸ ਦੇ ਦੁਰ ਵਿਵਹਾਰ ਵਾਲੇ ਰਵੱਈਏ ਨੂੰ ਸਹਿਜੇ ਜਹੇ ਸਵਿਕਾਰ ਕਰ ਰਹੇ ਹਨ ਅਤੇ ਹਿੰਸਾ, ਹੁੱਲੜਬਾਜੀ ਅਤੇ ਮਾਬਲਿੰਚਿੰਗ ਬਰਗੇ ਬਿਰਤਾਂਤ ਨੂੰ ਅਧਾਰ ਬਨਾਅ ਕੇ ਸਾਰੀ ਗੱਲ ਇਸ ਦੁਆਲੇ ਬੁਣ ਰਹੇ ਹਨ। ਜਿਸ ਨਾਲ ਉਸ ਦੇ ਦੁਰਵਿਵਹਾਰ ਨੂੰ ਸਹੀ ਸਾਬਿਤ ਕਰਨ ਲੱਗੇ ਹੋਏ ਹਨ। ਪਹਿਲਾ ਸਵਾਲ ਇਹ ਹੈ ਕਿ ਜਿਸ ਕਿਸਮ ਦਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਖਲਾਅ ਭਾਰਤ ਸਮੇਤ ਪੰਜਾਬ ਵਿਚ ਪਸਰਿਆ ਹੋਇਆ ਹੈ, ਯੂਨੀਵਰਸਿਟੀ ਉਸ ਤੋਂ ਬਾਹਰ ਨਹੀਂ ਹੈ। ਖਲਾਅ ਐਸੀ ਅਵਸਥਾ ਹੈ ਜਿਹੜਾ ਲੋਕਾਂ ਦੀ ਨੀਰਸ ਪ੍ਰਵਿਰਤੀ, ਅਵਿਸ਼ਵਾਸੀ ਅਤੇ ਗੁੱਸੇ ਨਾਲ ਲਗਾਤਾਰ ਭਰਿਆ ਰਹਿੰਦਾ ਹੈ। ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਜੋ ਆਲ ਦੁਆਲ ਨੂੰ ਝੰਜੋੜ ਦਿੰਦੀ ਹੈ, ਲੋਕਾਂ ਦੀ ਨੀਰਸਤਾ, ਅਵਿਸ਼ਵਾਸੀ ਅਤੇ ਗੁੱਸਾ ਆਪਮੁਹਾਰੇ ਲਾਮਬੰਦ ਹੋ ਜਾਂਦਾ ਹੈ। ਇਸ ਵਿਚ ਮੌਜੂਦਾ ਪ੍ਰਸ਼ਾਸਨ ਲੋਕਾਂ ਨੂੰ ਵਿਸ਼ਵਾਸ ਵਿਚ ਲੈਕੇ ਘਟਨਾ ਦਾ ਨਿਪਟਾਰਾ ਕਰਨਾ ਹੁੰਦਾ ਹੈ, ਜਦੋਂ ਪ੍ਰਸ਼ਾਸਨ ਇਸ ਵਿਚ ਫੇਲ ਹੋ ਜਾਵੇ ਤਾਂ ਰੋਹ ਹੋਰ ਭਾਰੂ ਹੋ ਜਾਂਦਾ ਹੈ ਅਤੇ ਘਟਨਾ ਦੇ ਪ੍ਰਤੱਖ ਜਿੰਮੇਵਾਰ ਖਿਲਾਫ਼ ਇਹ ਗੁੱਸਾ ਲਾਮਬੰਦ ਹੋ ਜਾਂਦਾ ਹੈ। ਇਸ ਗੁੱਸੇ ਨੂੰ ਲੋਕ ਪੱਖ ਵਿਚ ਭੁਗਤਾਉਣਾ ਲੋਕ ਪੱਖੀ ਤਾਕਤਾਂ ਦਾ ਕੰਮ ਹੁੰਦਾ ਹੈ। ਪੰਜਾਬੀ ਯੂਨੀਵਰਸਿਟੀ ਵਿਚ ਲੋਕ ਪੱਖੀ ਤਾਕਤਾਂ ਦੀ ਹਾਲਤ ਕਿੱਨੀ ਪਤਲੀ ਹੈ ਉਹ ਇਸ ਘਟਨਾ ਤੋਂ ਸਾਫ ਹੋ ਗਿਆ ਹੈ। ਜਦੋਂ ਲੋਕ ਪੱਖੀ ਤਾਕਤਾਂ ਕਮਜੋਰ ਹਨ ਤਾਂ ਲੋਕ ਰੋਹ ਆਪਣਾ ਰਾਹ ਆਪ ਚੁੱਣੇ ਜਾਂ ਕੋਈ ਵੀ ਸੇਧ ਦੇਵੇ, ਉਹ ਕਿਸ ਵੀ ਰਸਤੇ ਵੱਲ ਉੰਗਲ ਕਰੇ ਲੋਕ ਉਹ ਰਾਹ ਚੁੱਣਦੇ ਹਨ।
ਪਰ ਬੁਨਿਆਦੀ ਸਵਾਲ ਇਹ ਹੈ ਕਿ ਲੋਕ ਰੋਹ ਪੈਦਾ ਕਿਵੇਂ ਹੋਇਆ ਹੈ? ਜਿਸ ਵਿਚ ਮੌਜੂਦਾ ਘਟਨਾ ਵਿਚ ਲੋਕ ਰੋਹ ਨੂੰ ਪੈਦਾ ਕਰਨ ਵਾਲੇ ਪਿਛਲੇ ਕਾਰਨਾਂ ਤੋਂ ਜਾਣੂ ਹੋਣਾ ਪਹਿਲੀ ਸ਼ਰਤ ਹੈ, ਇਸ ਮੁਢਲੀ ਜਾਣਕਾਰੀ ਬਿਨ੍ਹਾਂ ਘਟਨਾ ਨੂੰ ਸਮਝਣਾ ਮੁਸ਼ਕਿਲ ਹੈ। ਅਗਲਾ ਸਵਾਲ ਲੋਕ ਰੋਹ ਦਾ ਨਿਸ਼ਾਨਾ ਹੋਏ ਪ੍ਰਸ਼ਾਸਨਿਕ ਅਧਿਕਾਰੀ ਨਾਲ ਲੋਕ ਰੋਹ ਨੇ ਇਨਸਾਫ ਕੀਤਾ ਕਿ ਨਹੀਂ ਕੀਤਾ? ਉਸ ਦੀ ਇਨਕਵਾਰੀ ਹੋਈ ਕਿ ਨਹੀਂ ਹੋਈ? ਉਹ ਕਸੂਰ ਵਾਰ ਸੀ ਜਾ ਨਹੀਂ? ਉਸ ਨੂੰ ਸਜਾ ਦੇਣ ਦਾ ਢੰਗ ਗਲਤ ਹੈ? ਮਾਬਲਿੰਚ ਦੇ ਵਰਤਾਰੇ ਨੂੰ ਸਹੀ ਕਿਵੇਂ ਕਹੋਗੇ? ਵਗੈਰਾ ਵਗੈਰਾ…. ਇਸ ਪਿੱਛੇ ਫਲਾਣੀ ਤਾਕਤ ਸੀ…ਇਹ ਫਲਾਣੇ ਨੇ ਕਰਵਾਇਆ ਹੈ…ਵਗੈਰਾ… ਇਹ ਸਾਰੇ ਸਵਾਲ ਪ੍ਰਸ਼ਾਸਨ ਤੋਂ ਕਰਨੇ ਬਣਦੇ ਹਨ ਨਾਕਿ ਵਿਦਿਆਰਥੀਆਂ ਤੋਂ! ਪੀੜਤ ਧਿਰ ਨੂੰ ਜਵਾਬ ਚਾਹੀਦੇ ਹੁੰਦੇ ਹਨ ਨਾਂ ਕਿ ਉਲਟਾ ਸਵਾਲਾਂ ਦੇ ਜਵਾਬ ਵੀ ਪੀੜਤ ਧਿਰ ਨੇ ਦੇਣੇ ਹੋਣ। ਇਸ ਲਈ ਪੀੜਤ ਧਿਰ ਵਿਦਿਆਰਥੀ ਹਨ।
ਹਰ ਘਟਨਾ ਨੂੰ ਖਾਸ ਸਮੇਂ ਅਤੇ ਸਥਾਨ ਮੁਤਾਬਿਕ ਸਮਝਣਾ ਚਾਹੀਦਾ ਹੈ। ਕੀ ਉਸ ਵਕਤ ਪ੍ਰਸ਼ਾਸਨ ਘਟਨਾ ਨੂੰ ਸਹੀ ਢੰਗ ਨਾਲ ਡੀਲ ਕਰ ਰਿਹਾ ਸੀ? ਕੀ ਉਸ ਸਮੇਂ ਵਿਦਿਆਰਥੀਆਂ ਦੀ ਅਗਵਾਈ ਕੋਈ ਜੱਥੇਬੰਦਕ ਤਾਕਤ ਦੇ ਹੱਥ ਵਿਚ ਸੀ? ਜੇਕਰ ਨਹੀਂ ਸੀ ਤਾਂ ਫਿਰ ਇਸ ਘਟਨਾ ਦਾ ਜਿੰਮੇਵਾਰ ਕੌਣ ਹੈ? ਸਿਰਫ ਪ੍ਰਸ਼ਾਸਨ ਹੈ ਤੇ ਜਿਸ ਨੇ ਇਹ ਗੁੱਸੇ ਲਈ ਅਧਾਰ ਸਿਰਜਿਆ ਹੈ।
ਪ੍ਰੋਫੈਸਰ ਦੇ ਕੁੱਟ ਪੈਣੀ ਘਟਨਾ ਦੀ ਪ੍ਰਤੀਕ੍ਰਿਆ ਹੈ! ਹੁੱਣ ਲਿਬਰਲ ਮਹਿਕਮਾ ਸਿਰਫ ਤੇ ਸਿਰਫ ਪ੍ਰਤੀਕ੍ਰਿਆ ਤੇ ਗੱਲ ਕਰਨਾ ਚਾਹੁੰਦਾ ਹੈ। ਪ੍ਰਤੀਕ੍ਰਿਆ ਵਿਚੋਂ ਸਹੀ ਗਲਤ ਦੇ ਨਤੀਜੇ ਤੱਕ ਪਹੁੰਚਣਾ ਚਾਹੁੰਦਾ ਹੈ। ਇਸ ਘਟਨਾ ਨੂੰ ਜਨਮ ਦੇਣ ਵਾਲੇ ਪ੍ਰਤੱਖ ਵਰਤਾਰੇ ਤੋਂ ਖਹਿੜਾ ਸ਼ੁਡਵਾਇਆ ਜਾ ਰਿਹਾ ਹੈ। ਇਸ ਘਟਨਾ ਵਿਚ ਲੜਕੀ ਦੀ ਮੌਤ ਇਕ ਵਰਤਾਰੇ ਦੀ ਪ੍ਰਤੀਕ੍ਰਿਆ ਦਾ ਸਾਧਨ ਬਣੀ ਹੈ। ਇਹ ਵਰਤਾਰਾ ਪ੍ਰੋਫੈਸਰ ਸੁਰਜੀਤ ਦੀਆਂ ਲਗਾਤਾਰ ਕੀਤੀਆਂ ਬੱਦਸਲੂਕੀਆਂ ਦੀ ਦੇਣ ਹੈ। ਲੜਕੀ ਦੀ ਮੌਤ ਨੇ ਵਿਦਿਆਰਥੀਆਂ ਨੂੰ ਇਹਨਾਂ ਬੱਦਸਲੂਕੀਆਂ ਖਿਲਾਫ਼ ਇਕੱਠੇ ਹੋਣ ਦਾ ਮੌਕਾ ਪ੍ਰਦਾਨ ਕੀਤਾ ਹੈ। ਇਹਨਾਂ ਬੱਦਸਲੂਕੀਆਂ ਦੀ ਲਗਾਤਾਰਤਾ ਦਾ ਪਹਿਲਾਂ ਜਿੰਮੇਵਾਰ ਪ੍ਰੋਫੈਸਰ ਸੁਰਜੀਤ ਹੈ, ਫਿਰ ਉਸ ਦੇ ਖੋਜਾਰਥੀ ਹਨ ਜਿਨ੍ਹਾਂ ਨੇ ਇਸ ਵਰਤਾਰੇ ਖਿਲਾਫ਼ ਇਕੱਠੇ ਹੋਕੇ ਬੋਲਣ ਦੀ ਬਜਾਏ ਇਕ ਦੂਜੇ ਨੂੰ ਚੁੱਪ ਰਹਿਣ ਅਤੇ ਸਹਿਣ ਕਰਨ ਦਾ ਬਲ ਬਖਸ਼ਿਆ ਹੈ, ਤੀਜਾ ਉਸ ਦੇ ਯਾਰ ਮਿੱਤਰ ਬੇਲੀ ਹਨ ਜਿਨ੍ਹਾਂ ਨੇ ਉਸ ਦੇ ਦੁਰਵਿਵਹਾਰ ਦੇ ਬਾਵਜੂਦ ਉਸ ਨੂੰ ਕਦੇ ਗੰਭਿਰਤਾ ਨਾਲ ਨਹੀਂ ਲਿਆ। ਜੇਕਰ ਲਿਆ ਹੈ ਤਾਂ ਫਿਰ ਪ੍ਰੋਫੈਸਰ ਸੁਰਜੀਤ ਲਾਜਮੀ ਤੌਰ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੈ।
ਇਸ ਤੋਂ ਬਾਅਦ ਵਿਦਿਆਰਥੀ ਜੱਥੇਬੰਦੀਆਂ ਨੇ ਵਾਰ ਵਾਰ ਸ਼ਕਾਇਤਾਂ ਆਉਣ ਦੇ ਬਾਵਜੂਦ ਕਦੇ ਗੰਭੀਰਤਾ ਨਾਲ ਇਸ ਦੁਰਵਿਵਹਾਰ ਨੂੰ ਵਰਤਾਰੇ ਵਜੋਂ ਚਿੰਨਤ ਕਰਕੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਵਰਤਾਰਾ ਲੰਮੇ ਸਮੇਂ ਤੋਂ ਪਣਪ ਰਿਹਾ ਹੈ। ਪਹਿਲਾਂ ਇਹ ਵਰਤਾਰਾ ਸਿਰਫ ਪੰਜਾਬੀ ਵਿਭਾਗ ਤੱਕ ਸੀਮਿਤ ਸੀ ਪਰ ਪ੍ਰੋਫੈਸਰ ਸੁਰਜੀਤ ਦੇ ਪੰਜ ਸਾਲਾ ਕੋਰਸਾਂ ਦੀ ਜਿੰਮੇਵਾਰੀ ਤੋਂ ਬਾਅਦ ਇਹ ਹੋਰ ਫੈਲ ਗਿਆ ਹੈ। ਬਦਸਲੂਕੀ ਦੇ ਪੀੜਤਾਂ ਦੀ ਗਿਣਤੀ ਵਧ ਗਈ ਹੈ। ਪ੍ਰਸ਼ਾਸਨ ਵਿਚ ਅਹਿਲਕਾਰ ਦੀ ਭੂਮੀਕਾ ਨੇ ਪ੍ਰੋਫੈਸਰ ਸੁਰਜੀਤ ਨੂੰ ਹੋਰ ਹੰਕਾਰੀ ਤੇ ਬੱਤਮੀਜ ਬਣਾਇਆ ਹੈ। ਪਰ ਅਹਿੰਸਾ ਦੇ ਪੁਜਾਰੀ ਸਿਰਫ ਹਿੰਸਾ ਗਲਤ ਠੀਕ ਦੇ ਬਿਰਤਾਂਤ ਨੂੰ ਉਭਾਰਨ ਲੱਗੇ ਹੋਏ ਹਨ। ਜਿਸ ਨਾਲ ਨਾਂ ਤਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹੱਲ ਹੋਣੀਆਂ ਹਨ ਅਤੇ ਨਾਂ ਹੀ ਪ੍ਰੋਫੈਸਰ ਸੁਰਜੀਤ ਦਾ ਵਿਵਹਾਰ। ਇਸ ਲਈ ਵਿਦਿਆਰਥੀ ਰੋਹ ਦੇ ਪਿਛਲੇ ਕਾਰਨਾਂ ਉੱਤੇ ਗੱਲ ਕਰਕੇ ਸਹੀ ਸਿੱਟੇ ਤੇ ਪਹੁੰਚ ਸਕਦੇ ਹਾਂ।
ਕੁੱਝ ਲੋਕ ਉਸ ਥਾਂ ਇਨਕਵਾਰੀ ਦੀ ਆਸ ਕਰ ਰਹੇ ਹਨ ਜਿਥੇ ਦੋਸ਼ੀ ਹੀ ਵਕੀਲ ਹੋਵੇ ਤੇ ਉਸ ਨੇ ਹੀ ਫੈਸਲਾ ਸੁਨਾਉਣਾ ਹੋਵੇ। ਪੰਜ ਸਾਲਾ ਏਕਾਕ੍ਰਿਤ ਕੋਰਸਾਂ ਵਿਚ ਪ੍ਰੋਫੈਸਰ ਸੁਰਜੀਤ ਸਿੰਘ ਹੀ ਦੁਰਵਿਵਹਾਰ ਦਾ ਦੋਸ਼ੀ ਹੈ, ਉਹ ਹੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਨਿਵਾਰਨ ਦਾ ਮੁੱਖ ਅਧਿਕਾਰੀ ਹੈ, ਉਹ ਹੀ ਹਰ ਪੱਖ ਤੋਂ ਰੋਟੀਨ ਫੈਸਲੇ ਲੈਣ ਦੀ ਪਦਵੀ ਤੇ ਹੈ। ਫਿਰ ਵਿਦਿਆਰਥੀ ਕਿਸ ਤੋਂ ਇਨਸਾਫ ਦੀ ਆਸ ਕਰਨ। ਮੁਕਦੀ ਗੱਲ ਕਿ ਹੁੱਣ ਵਿਦਿਆਰਥੀਆਂ ਨੇ ਇਨਕਵਾਰੀ ਨਹੀਂ ਸੀ ਕਰਨੀ, ਉਹਨਾਂ ਦੇ ਹੱਥ ਵਿਚ ਪ੍ਰਸ਼ਾਸਨਿਕ ਤਾਕਤ ਨਹੀਂ ਸੀ, ਉਹਨਾਂ ਨੇ ਆਪਣਾ ਗੁੱਸਾ ਕੱਢਿਆ ਹੈ, ਉਹਨਾਂ ਨੇ ਜਾਪਤਾ ਜਾਪਤਾ, ਹਿੰਸਾ ਹਿੰਸਾ ਕੂਕਣ ਵਾਲਿਆਂ ਨੂੰ ਧਿਆਨ ਵਿਚ ਨਹੀਂ ਰੱਖਿਆ। ਉਹਨਾਂ ਨੇ ਆਪਣਾ ਕੰਮ ਕੀਤਾ ਤੇ ਪ੍ਰਤੀਕਰਮ ਦਰਜ ਕਰਵਾਇਆ ਹੈ।
ਜਿਸ ਗੱਲ ਨੂੰ ਅਧਾਰ ਬਨਾਅ ਕੇ ਹਿੰਸਾ, ਜਾਬਤਾ, ਮਾਬਲਿੰਚ ਆਦਿ ਦਾ ਜਿਕਰ ਹੋ ਰਿਹਾ ਹੈ ਅਤੇ ਪਹਿਲਾਂ ਇਨਕੁਆਰੀ ਕਰਕੇ ਕਸੂਰਵਾਰ ਤੇ ਬੇਕਸੂਰ ਹੋਣ ਦੇ ਨਤੀਜੇ ਤੇ ਪਹੁੰਚਣ ਚਾਹੀਦਾ ਹੈ। ਉਸ ਸਿਧਾਂਤ ਨੂੰ ਕਿਸੇ ਦੇ ‘ਬੇਕਸੂਰ ਹੋਣ ਦੀ ਸੰਭਾਵਨਾ’ ਦਾ ਸਿਧਾਂਤ ਕਹਿੰਦੇ ਹਨ। ਜਿਸ ਨੂੰ ਪ੍ਰੋਫੈਸਰ ਸੁਰਜੀਤ ਨੇ ਕਦੇ ਮਾਨਤਾ ਨਹੀਂ ਦਿੱਤੀ। ਉਸ ਨੂੰ ਵਿਦਿਆਰਥੀਆਂ ਦੇ ਪੜ੍ਹਨ ਵਿਚ ਆਈ ਸਮੱਸਿਆ, ਪ੍ਰੋਫੈਸਰ ਸੁਰਜੀਤ ਦੇ ਪੈਮਾਨੇ ਉੱਤੇ ਖਰੇ ਨਾ ਉਤਰ ਸਕਨ ਵਿਚ ਆਈ ਜਾਇਜ ਸਮੱਸਿਆ ਨੂੰ ਹਮੇਸ਼ਾ ਬਹਾਨਾ ਹੀ ਸਮਝਿਆ ਗਿਆ ਹੈ। ਵਿਦਿਆਰਥੀ ਦੀ ਜਾਇਜ ਸਮੱਸਿਆ ਨੂੰ ਰੱਦ ਕਰਕੇ ਉਸ ਦੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਤੀਰਾਂ ਵਰਗੇ ਸ਼ਬਦ ਬਾਣ ਨਾਲ ਵਿਦਿਆਰਥੀਆਂ ਨੂੰ ਹੋਰ ਲਹੂ ਲੁਹਾਨ ਕੀਤਾ ਹੈ। ਜੇਕਰ ਤੁਸੀਂ ਕਿਸੇ ਨੂੰ ਕੋਈ ਰਿਆਇਤ ਨਹੀਂ ਦੇਣੀ ਤਾਂ ਤੁਹਾਨੂੰ ਬੱਤਮੀਜੀ ਕਰਨ ਦਾ ਹੱਕ ਯੂਨੀਵਰਸਿਟੀ ਦਾ ਕਿਹੜਾ ਕਾਨੂੰਨ ਦੇ ਰਿਹਾ ਹੈ। ਤੁਹਾਡੇ ਹੱਥ ਵਿਚ ਪ੍ਰਸ਼ਾਸਨਿਕ ਤਾਕਤ ਹੈ ਤੁਸੀਂ ਉਸ ਮੁਤਾਬਿਕ ਫੈਸਲਾ ਕਰੋ। ਪਰ ਦੁਰਵਿਵਹਾਰ ਨੂੰ ਕਿਵੇਂ ਜਾਇਜ ਕਹੋਗੇ। ਕੀ ਹਰ ਵਿਦਿਆਰਥੀ ਸਿਰਫ ਬਹਾਨੇ ਬਾਜ ਹੈ? ਜਿਵੇਂ ਕਿ ਇਹ ਮਰਨ ਵਾਲੀ ਵਿਦਿਆਰਥਨ ਦੀ ਮਿਸਾਲ ਲੈ ਸਕਦੇ ਹਾਂ। ਇਕ ਅਧਿਆਪਕ ਉਸ ਦੀ ਹਾਲਤ ਵੇਖ ਕੇ ਉਸ ਨੂੰ ਮੈਡੀਕਲ ਤੇ ਹਾਜਰੀ ਪੂਰੀ ਕਰਨ ਅਤੇ ਇਲਾਜ ਵੱਲ ਧਿਆਨ ਦੇਣ ਲਈ ਕਹਿੰਦਾ ਹੈ ਤੇ ਦੂਜਾ ਪ੍ਰੋਫੈਸਰ ਉਸ ਨੂੰ ਕਲਾਸਾਂ ਜਾ ਇਲਾਜ ਵਿਚੋਂ ਇਕ ਚੁੱਣ ਲੈਣ ਦੀ ਗੱਲ ਕਰਦਾ ਹੈ। ਜਦੋਂ ਕਿ ਸਿਖਿਆ ਅਤੇ ਜਿੰਦਗੀ ਦਾ ਮੌਲਿਕ ਅਧਿਕਾਰ ਭਾਰਤੀ ਸਵਿਧਾਨ ਦਾ ਅਨੁਸ਼ੇਦ 21 and 21A ਅਨੁਸਾਰ ਹਰ ਭਾਰਤੀ ਨਾਗਰਿਕ ਨੂੰ ਪ੍ਰਾਪਤ ਹੈ। ਫਿਰ ਤੁਸੀਂ ਦੋਨਾ ਵਿਚੋਂ ਇਕ ਚੁਣਨ ਲਈ ਕਿਵੇਂ ਕਹਿ ਸਕਦੇ ਹੋ। ਇਨਸਾਫ ਦੇ ਤਕਾਜੇ ਨੂੰ ਪਹਿਲਾਂ ਪ੍ਰੋਫੈਸਰ ਸੁਰਜੀਤ ਨੇ ਰੱਦ ਕੀਤਾ ਹੈ ਨਾਕਿ ਵਿਦਿਆਰਥੀਆਂ ਨੇ।
ਮੇਰੀ ਪੰਜਾਬੀ ਯੂਨੀਵਰਸਿਟੀ ਦੀਆਂ ਸੰਘਰਸ਼ਸ਼ੀਲ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਪੰਜ ਸਾਲਾ ਕੋਰਸਾ ਵਿਚ ਦਾਖਲ ਹੋਏ ਵਿਦਿਆਰਥੀਆਂ ਦੀ ਹਰ ਸਮੱਸਿਆ ਨੂੰ ਮੁਖਾਤਬ ਹੋਵੋ। ਉਹਨਾਂ ਨੂੰ ਭਰੋਸੇ ਵਿਚ ਲਵੋ। ਪ੍ਰਸ਼ਾਸਨਿਕ ਬਦਇੰਤਜਾਮੀਆਂ ਨੂੰ ਦੂਰ ਕਰੋ ਅਤੇ ਜੱਥੇਬੰਦੀਆਂ ਨੂੰ ਮਜਬੂਤ ਕਰੋ। ਭਵਿਖ ਵਿਚ ਜੱਥੇਬੰਦਕ ਤਾਕਤ ਹੀ ਵਿਦਿਆਰਥੀਆਂ ਮੁੱਦਿਆਂ ਨੂੰ ਸਹੀ ਢੰਗ ਹੱਲ ਕਰ ਸਕਦੀ ਹੈ।


