ਬੀਜੇਪੀ ਚੋਣਾਂ ‘ਚ ਸਿਆਸੀ ਲਾਹੇ ਲਈ ਮੁੜ ਕਿਸੇ ਪੁਲਵਾਮਾ ਬਾਲਾਕੋਟ ਜਾਂ ਗੋਦਰਾ ਵਰਗੀ ਕਾਰਵਾਈ ਦੇ ਇੰਤਜ਼ਾਰ ਵਿਚ
ਮਾਨਸਾ, ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਮੋਦੀ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਤੇ ਸਾਬਕਾ ਚੀਫ਼ ਆਫ਼ ਆਰਮੀ ਸਟਾਫ ਜਨਰਲ ਵੀਕੇ ਸਿੰਘ ਦੇ ਉਸ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਜਿਸ ਵਿਚ ਉਨਾਂ ਨੇ ਕਸ਼ਮੀਰ ਘਾਟੀ ਵਿਚ ਬੀਤੇ ਚਾਰ ਦਿਨ ਤੋਂ ਪੁਲਸ ਫੌਜ ਅਤੇ ਦਹਿਸ਼ਤਗਰਦਾਂ ਦਰਮਿਆਨ ਚੱਲ ਰਹੀ ਇਕ ਵੱਡੀ ਮੁਠਭੇੜ – ਜਿਸ ਵਿਚ ਹੁਣ ਤੱਕ ਇਕ ਕਰਨਲ, ਇਕ ਮੇਜਰ, ਇਕ ਡੀਐਸਪੀ ਅਤੇ ਤਿੰਨ ਜਵਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ – ਨੂੰ ਇਕ ‘ਛੋਟੀ ਮੋਟੀ ਘਟਨਾ’ ਕਰਾਰ ਦਿੱਤਾ ਹੈ।
ਇਥੇ ਹੋਈ ਪਾਰਟੀ ਦੀ ਇਕ ਮੀਟਿੰਗ ਤੋਂ ਬਾਦ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਬਕਾ ਜਨਰਲ ਤੇ ਕੇਂਦਰੀ ਮੰਤਰੀ ਦੇ ਇਸ ਬਿਆਨ ਤੋਂ ਜ਼ਾਹਰ ਹੈ ਕਿ ਮੋਦੀ ਸਰਕਾਰ ਤੇ ਸੰਘ ਬੀਜੇਪੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੜ ਪੁਲਵਾਮਾ, ਬਾਲਾਕੋਟ ਜਾਂ ਗੋਦਰਾ ਵਰਗੀ ਕਿਸੇ ਵੱਡੀ ਵਾਰਦਾਤ ਦੀ ਉਡੀਕ ਹੈ, ਤਾਂ ਜੋ ਪਹਿਲਾਂ ਵਾਂਗ ਦਰਜਨਾਂ ਫੌਜੀ ਜਵਾਨਾਂ ਤੇ ਅਫਸਰਾਂ ਜਾਂ ਸੈਂਕੜੇ ਦੇਸ਼ਵਾਸੀਆਂ ਦੀ ਬਲੀ ਦੇ ਕੇ ਮੁੜ ਚੋਣਾਂ ਜਿੱਤਣ ਦਾ ਜੁਗਾੜ ਕੀਤਾ ਜਾ ਸਕੇ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਵੱਡੀ ਮੁਠਭੇੜ ਮੋਦੀ ਸਰਕਾਰ ਦੇ ਉਸ ਦਾਹਵੇ ਦੀਆਂ ਵੀ ਧੱਜੀਆਂ ਉਡਾ ਰਹੀ ਹੈ ਕਿ ਜੰਮੂ ਕਸ਼ਮੀਰ ਵਿਚ ਗਵਰਨਰੀ ਰਾਜ ਲਾਗੂ ਕਰਨ ਅਤੇ ਇਸ ਰਿਆਸਤ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਵੰਡਣ ਤੋਂ ਬਾਦ ਉਥੇ ਦਹਿਸ਼ਤਗਰਦੀ ਦਾ ਖਾਤਮਾ ਕੀਤਾ ਜਾ ਚੁੱਕਾ ਹੈ। ਇਸੇ ਲਈ ਵੀਕੇ ਸਿੰਘ ਇਸ ਬੇਹੱਦ ਘਾਤਕ ਮੁਕਾਬਲੇ ਨੂੰ ਨਜ਼ਰ ਅੰਦਾਜ਼ ਕਰਨ ਲਈ ਅਜਿਹਾ ਬੇਤੁੱਕਾ ਬਿਆਨ ਦੇ ਰਹੇ ਹਨ। ਉਨਾਂ ਦਾ ਇਹ ਬਿਆਨ ਉਸ ਮੁਕਾਬਲੇ ਵਿਚ ਜਾਨਾਂ ਗੁਆਉਣ ਵਾਲੇ ਫੌਜ ਤੇ ਪੁਲਸ ਦੇ ਅਫ਼ਸਰਾਂ ਤੇ ਜਵਾਨਾਂ ਦੇ ਪਰਿਵਾਰਾਂ ਸਮੇਤ ਦੇਸ਼ ਦੇ ਸਮੁੱਚੇ ਸੁਰਖਿਆ ਬਲਾਂ ਦੇ ਜ਼ਖਮਾਂ ਉਤੇ ਨਮਕ ਛਿੜਕਣ ਦੇ ਤੁੱਲ ਹੈ।
ਲਿਬਰੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਪਿਛਲੇ 35 ਤੋਂ ਵੱਧ ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਪੁਲਸ ਫੌਜ ਜਾਂ ਬੰਦੂਕ ਦੇ ਬਲ ‘ਤੇ ਕਸ਼ਮੀਰ ਸਮਸਿਆ ਦਾ ਸਥਾਈ ਹੱਲ ਸੰਭਵ ਨਹੀਂ ਹੈ। ਇਸ ਦੀ ਬਜਾਏ, ਕਸ਼ਮੀਰ ਮਸਲੇ ਦਾ ਅਮਨ ਪੂਰਨ ਤੇ ਸਥਾਈ ਹੱਲ, ਭਾਰਤ ਪਾਕਿਸਤਾਨ ਦਰਮਿਆਨ ਆਮ ਵਰਗੇ ਸਬੰਧ ਕਾਇਮ ਕਰਨ, ਬੇਲੋੜੀਆਂ ਰੋਕਾਂ ਤੇ ਵੀਜੇ ਦੀ ਸ਼ਰਤ ਖ਼ਤਮ ਕਰਕੇ ਸੜਕੀ ਰਸਤੇ ਆਵਾਜਾਈ ਤੇ ਵਪਾਰ ਖੋਹਲਣ ਅਤੇ ਤਿੰਨ ਧਿਰੀ ਵਾਰਤਾ ਸ਼ੁਰੂ ਦੇ ਜ਼ਰੀਏ ਹੀ ਲੱਭਿਆ ਜਾ ਸਕਦਾ ਹੈ।


