ਫ਼ਾਜ਼ਿਲਕਾ ਦਾ ਸਰਹੱਦੀ ਪਿੰਡ ਡੰਗਰਖੇੜਾ ਪੜ੍ਹਾਈ ਵਿੱਚ ਵੱਡੇ ਵੱਡੇ ਸ਼ਹਿਰਾਂ ਨੂੰ ਰਾਹ ਵਿਖਾ ਰਿਹਾ
ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਪਿੰਡ ਵਿੱਚ ਇਸ ਸਮੇਂ 450 ਤੋਂ ਉੱਪਰ ਸਰਕਾਰੀ ਮੁਲਾਜ਼ਮ ਹਨ, ਜਿੰਨ੍ਹਾਂ ਵਿੱਚੋਂ 250 ਦੇ ਕਰੀਬ ਇਕੱਲੇ ਅਧਿਆਪਕ ਹਨ। ਹਰ ਅਧਿਆਪਕ ਭਰਤੀ ਵਿੱਚ ਡੰਗਰਖੇੜਾ ਪਿੰਡ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਭਰਤੀ ਹੁੰਦੇ ਹਨ। ਕਿਸੇ ਭਰਤੀ ਵਿੱਚ 12, ਕਿਸੇ ਵਿੱਚ 26, ਕਿਸੇ ਵਿੱਚ 30 ਅਧਿਆਪਕ ਇਕੱਲੇ ਪਿੰਡ ਦੇ ਹੁੰਦੇ ਹਨ। ਇਸੇ ਤਰ੍ਹਾਂ ਸੁਰੱਖਿਆ ਬਲਾਂ, ਪਟਵਾਰੀ, ਬਿਜਲੀ ਬੋਰਡ, ਸਿਹਤ ਮਹਿਕਮੇ ਆਦਿ ਵਿੱਚ ਪਿੰਡ ਦੇ ਲੋਕ ਨੌਕਰੀ ਕਰ ਰਹੇ ਹਨ। ਨੌਕਰੀ ਲੈਣ ਵਾਲੇ ਜ਼ਿਆਦਾਤਰ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਹਨ। ਇਲਾਕੇ ਵਿੱਚ ਮਿੱਥ ਮਸ਼ਹੂਰ ਹੈ ਕਿ ਜੇ ਤੁਸੀਂ ਅਧਿਆਪਕ ਬਣਨਾ ਹੈ ਤਾਂ ਡੰਗਰਖੇੜਾ ਰਹਿਣ ਲੱਗ ਜਾਓ। ਨੇੜਲੇ ਪਿੰਡਾਂ ਅਤੇ ਪਿੰਡ ਦੇ ਰਿਸ਼ਤੇਦਾਰ ਬੱਚੇ ਤਿਆਰੀ ਲਈ ਇੱਥੇ ਆਉਂਦੇ ਹਨ। 10,000 ਦੀ ਅਬਾਦੀ ਵਾਲਾ ਪਿੰਡ ਪਾਕਿਸਤਾਨ ਬਾਰਡਰ ਤੋਂ 15 ਕਿਲੋਮੀਟਰ ‘ਤੇ ਹੈ। ਰਾਜਸਥਾਨ ਦੀ ਹੱਦ ਵੀ ਤਕਰੀਬਨ ਐਨੀ ਕੂ ਦੂਰ ਹੈ।
ਪਿੰਡ ਵਿੱਚ 5 ਲਾਇਬ੍ਰੇਰੀਆਂ ਹਨ, ਏਅਰ ਕਡੀਸ਼ਨਰ, 5G WiFi, Fresh ਰੂਮ, ਸ਼ੁੱਧ ਪੀਣ ਵਾਲਾ ਪਾਣੀ, ਕੈਮਰੇ ਆਦਿ ਲੱਗੇ ਹੋਏ ਹਨ। ਇਹ ਲਾਇਬ੍ਰੇਰੀਆਂ 24 ਘੰਟੇ ਖੁੱਲ੍ਹੀਆਂ ਰਹਿੰਦੀਆਂ ਹਨ। ਅਸਲ ਵਿੱਚ ਇਹ ਲਾਇਬ੍ਰੇਰੀਆਂ ਨਹੀਂ ਪੇਇਡ ਰੀਡਿੰਗ ਰੂਮ ਹਨ, ਵਿਦਿਆਰਥੀਆਂ ਤੋਂ 500 ਤੋਂ 700 ਰੁਪਏ ਮਹੀਨੇ ਲਿਆ ਜਾਂਦਾ ਹੈ। ਸਕੂਲੀ ਵਿਦਿਆਰਥੀਆਂ ਤੋਂ ਲੈ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿਦਿਆਰਥੀ ਸਵੇਰੇ ਤੋਂ ਰਾਤ ਤੱਕ ਇੱਥੇ ਆਪਣੀਆਂ-ਆਪਣੀਆਂ ਸੀਟਾਂ ‘ਤੇ ਬੈਠ ਕੇ ਇਕਾਂਤ ਵਿੱਚ, ਇਕਾਗਰ ਚਿੱਤ ਹੋ ਪੜ੍ਹਾਈ ਕਰਦੇ ਹਨ। ਪਿੰਡ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਚੋਟੀ ਦੇ 2 ਕੋਚਿੰਗ ਸੈਂਟਰ ਹਨ, ਇਸਤੋਂ ਬਿਨਾਂ ਸਕੂਲੀ ਵਿਦਿਅਰਥੀਆਂ ਲਈ ਵੀ ਕੋਚਿੰਗ ਸੈਂਟਰ ਹਨ। ਪਿੰਡ ਵਿੱਚ ਕੋਈ ਵੀ ਨਿੱਜੀ ਸਕੂਲ ਨਹੀਂ। ਪਿੰਡ ਦੇ ਪ੍ਰਾਇਮਰੀ ਸਕੂਲ਼ ਵਿੱਚ 400 ਦੇ ਕਰੀਬ ਅਤੇ ਸੀਨੀਅਰ ਸੈਕੰਡਰੀ ਸਕੂਲ 1200 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਦੋਵਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਹੈ।
ਹੁਣ ਕੁੱਝ ਕੁਲਜੀਤ ਸਿੰਘ ਬਾਰੇ ਦੱਸੀਏ, ਕੁਲਜੀਤ ਸਿੰਘ ਬਹੁਤ ਸਾਦੇ, ਹੁਸ਼ਿਆਰ, ਨਿਮਰ, ਮਿਹਨਤੀ ਪੰਜਾਬੀ ਅਧਿਆਪਕ ਹਨ। ਲੈਕਚਰਾਰ ਸੁਰਿੰਦਰ ਸਿੰਘ ਅਨੁਸਾਰ ਪਿੰਡ ਵਿੱਚ ਪੜ੍ਹਾਈ ਦੀ ਜਾਗ ਲਾਉਣ, ਮੁੱਢ ਬੰਨ੍ਹਣ ਵਾਲੇ ਹੈ ਕੁਲਜੀਤ ਸਿੰਘ, ਕਿਸੇ ਬੱਚੇ ਨੂੰ ਪੜ੍ਹਾਈ ਵਿੱਚ ਕੋਈ ਸਮੱਸਿਆਂ ਹੋਵੇ ਜਾਂ ਅੱਗੇ ਪੜ੍ਹਨ ਦੀ ਸਲਾਹ ਹੋਵੇ ਤਾਂ ਮਾਸਟਰ ਕੁਲਜੀਤ ਸਿੰਘ ਕੋਲ ਹਰ ਕੋਈ ਪਹੁੰਚ ਜਾਂਦਾ ਹੈ ਅਤੇ ਸਭ ਨੂੰ ਸਹੀ ਰਾਹ ਵਿਖਾਉਂਦੇ ਹਨ। ਪਹਿਲਾਂ ਪਹਿਲ ਮਾਸਟਰ ਜੀ ਹੀ ਸਨ ਜੋ ਬੱਚਿਆਂ ਨੂੰ ਆਪਣੇ ਘਰ ਪੜ੍ਹਾਉਂਦੇ ਸਨ। ਹੁਣ ਇਹਨਾਂ ਤੋਂ ਪੜ੍ਹੇ ਚੇਲੇ, ਗੁਰੂ ਬਣੇ ਹੋਏ ਹਨ, ਅਤੇ ਮਾਸਟਰ ਜੀ ਨੂੰ ਉਤਸ਼ਾਹੀ ਅਤੇ ਸਪੈਸ਼ਲ ਲੈਕਚਰ ਦੇਣ ਲਈ ਬਲਾਉਂਦੇ ਹਨ। ਅਸੀਂ ਜਦੋਂ ਵੱਖ ਵੱਖ ਲਾਇਬ੍ਰੇਰੀਆਂ ਅਤੇ ਸੈਂਟਰਾਂ ਵਿੱਚ ਗਏ ਤਾਂ ਹਰ ਕੋਈ ਮਾਸਟਰ ਜੀ ਨੂੰ ਝੁਕ ਕੇ ਸਤਿਕਾਰ ਨਾਲ ਮਿਲਿਆ। ਮਾਸਟਰ ਕੁਲਜੀਤ ਸਿੰਘ ਬਹੁਪੱਖੀ ਸ਼ਖ਼ਸੀਅਤ ਹਨ, ਉਹ ਅਧਿਆਪਕ ਜਥੇਬੰਦੀ DTF ਵਿੱਚ ਕੰਮ ਕਰਦੇ ਹਨ ਅਤੇ ਤਰਕਸ਼ੀਲ ਸੋਸਾਇਟੀ ਪੰਜਾਬ ਵਿੱਚ ਸਰਗਰਮ ਹਨ। ਮਾਸਟਰ ਜੀ ਹੁਰਾਂ ਦੀ ਟੀਮ ਨੇ ਪਿੰਡ ਵਿੱਚ ਸਮਾਜਿਕ ਸੁਨੇਹੇ ਦਿੰਦੇ ਕੰਧ ਚਿੱਤਰ ਬਣਾਏ ਹੋਏ ਹਨ, ਇਸਤੋਂ ਬਿਨਾਂ ਪਿੰਡ ਵਿੱਚ ਓਹਨਾਂ ਸਾਹਿਤਕ ਲਾਇਬ੍ਰੇਰੀ ਬਣਾਈ ਅਤੇ ਹੋਰ ਕਾਰਜ ਕੀਤੇ। ਕੁਲਜੀਤ ਸਿੰਘ ਦੀ ਬੇਟੀ ਨੇ ਵੀ ਸਰਕਾਰੀ ਅਧਿਆਪਕ ਦੀ ਨੌਕਰੀ ਤੋਂ ਪਹਿਲਾਂ ਪਿੰਡ ਵਿੱਚ ਬੱਚਿਆਂ ਨੂੰ ਪੜ੍ਹਾਇਆ।ਤਸਵੀਰ ਵਿੱਚ ਕੈਪ ਵਿੱਚ ਮਾਸਟਰ ਕੁਲਜੀਤ ਸਿੰਘ ਹਨ।
ਲੈਕਚਰਾਰ ਸੁਰਿੰਦਰ ਕੁਮਾਰ ਅਤੇ ਕੁਲਜੀਤ ਸਿੰਘ ਜੀ ਨਾਲ ਪੜ੍ਹਾਈ ਦੇ ਸਭਿਆਚਾਰ ਬਾਰੇ ਕਾਫ਼ੀ ਗੱਲਬਾਤ ਹੋਈ। ਸੁਰਿੰਦਰ ਕੁਮਾਰ ਕ੍ਰਿਕਟ ਦੇ ਸ਼ੌਕੀਨ ਹਨ, ਓਹਨਾਂ ਦੀ ਇੱਕ ਬੇਟੀ ਪੰਜਾਬ ਟੀਮ ਵਿਚ ਖੇਡ ਰਹੀ ਹੈ, ਇੱਕ ਬੇਟੀ MBBS ਕਰ ਰਹੀ ਹੈ। ਸੁਰਿੰਦਰ ਸਿੰਘ ਬਹੁਤ ਉਤਸ਼ਾਹੀ ਨੌਜਵਾਨ ਹਨ, ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਰਾਜਸਥਾਨੀ ਉਪਰ ਓਹਨਾਂ ਦੀ ਬਰਾਬਰ ਦੀ ਚੰਗੀ ਪਕੜ ਹੈ। ਪਿੰਡ ਵਿੱਚ ਦੁਕਾਨਾਂ ਦੇ ਬੋਰਡ ਜ਼ਿਆਦਾਤਰ ਹਿੰਦੀ ਵਿੱਚ ਹਨ, ਪਿੰਡ ਵਿੱਚ ਇਕ ਵੱਡਾ ਮਾਤਾ ਦਾ ਮੰਦਰ ਹੈ। ਬਰਾਬਰ ਦੀ ਹਿੰਦੂ ਸਿੱਖ ਵਸੋਂ ਦਾ ਪਿੰਡ ਹੈ।
ਇਸ ਸਾਰੇ ਵਿੱਚ ਮਿੱਤਰ ਗੌਰਵ ਸ਼ਰਮਾ ਦਿਵਾਨ ਖੇੜਾ ਨੇ ਅਬੋਹਰ ਦੀਆਂ ਲਾਇਬ੍ਰੇਰੀਆਂ ਤੋਂ ਸ਼ੁਰੂ ਕਰ, ਪਿੰਡ ਡੰਗਰਖੇੜਾ ਤੱਕ ਆਪਣਾ ਪੂਰਾ ਦਿਨ ਸਾਨੂੰ ਦਿੱਤਾ। ਬਾਰਡਰ ਦੇ ਪਿੰਡਾਂ ਦੀ ਖੇਤੀ, ਵਪਾਰ, ਭਾਈਚਾਰਕ ਸਾਂਝ, ਰੁਜ਼ਗਾਰ, ਸਿੱਖਿਆ ਆਦਿ ਬਾਰੇ ਚਰਚਾ ਹੁੰਦੀ ਰਹੀ। ਮਾਸਟਰ ਕੁਲਜੀਤ ਸਿੰਘ, ਸੁਰਿੰਦਰ ਕੁਮਾਰ ਹੁਰਾਂ ਨੂੰ ਮਿਲ, ਸਾਰਾ ਮਾਹੌਲ ਵੇਖ ਕੇ ਊਰਜਾ ਨਾਲ ਭਰ ਗਏ। ਬੇਹੱਦ ਪ੍ਰੇਰਨਾਦਾਇਕ ਹੈ ਇਹ ਸਾਰਾ ਸੀਨ, ਤੁਸੀਂ ਡੰਗਰਖੇੜਾ ਕਹੋ ਜਾਂ ਅਧਿਆਪਕਖੇੜਾ।


