ਐਂਟੀ ਡਰੱਗ ਟਾਸਕ ਫੋਰਸ ਨੇ ਸ਼ਹਿਰ ਵਿਚ ਵਿਖਾਵੇ ਪਿੱਛੋਂ ਵਿਧਾਇਕ ਦੇ ਘਰ ਅੱਗੇ ਸਾੜੀ ਕੇਜਰੀਵਾਲ, ਚੱਡੇ, ਮਾਨ ਤੇ ਵਿਧਾਇਕਾਂ ਦੀ ਅਰਥੀ
ਮਾਨਸਾ, ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)–ਅੱਜ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਐਂਟੀ ਡਰੱਗ ਟਾਸਕ ਫੋਰਸ ਦੇ ਸੱਦੇ ‘ਤੇ ਨੌਜਵਾਨ ਭਾਰੀ ਗਿਣਤੀ ਵਿਚ ਧਰਨੇ ‘ਤੇ ਪਹੁੰਚੇ। ਸ਼ਹਿਰ ਵਿਚ ਮਾਨ ਸਰਕਾਰ, ਪੁਲਸ ਪ੍ਰਸ਼ਾਸਨ ਤੇ ਨਸ਼ੇ ਦੇ ਕਾਰੋਬਾਰੀਆਂ ਖ਼ਿਲਾਫ਼ ਇਕ ਜੋਸ਼ੀਲਾ ਮੁਜਾਹਰਾ ਕਰਨ ਤੋਂ ਬਾਦ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਦੇ ਘਰ ਅੱਗੇ ਪਹੁੰਚ ਕੇ ਆਪ ਸੁਪਰੀਮੋ ਕੇਜਰੀਵਾਲ, ਪੰਜਾਬ ਦੇ ਇੰਚਾਰਜ ਤੇ ਰਾਜ ਸਭਾ ਮੈਂਬਰ ਰਾਘਵ ਚੱਡਾ, ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿਲੇ ਮਾਨਸਾ ਦੇ ਸਤਾਧਾਰੀ ਪਾਰਟੀ ਦੇ ਤਿੰਨ ਵਿਧਾਇਕਾਂ ਦੀ ਅਰਥੀ ਸਾੜੀ ਗਈ। ਵਿਖਾਵਾਕਾਰੀਆਂ ਨੇ ਡਾ. ਵਿਜੇ ਸਿੰਗਲਾ ਨੂੰ ਚੇਤਾਵਨੀ ਪੱਤਰ ਵੀ ਸੌਂਪਿਆ, ਜਿਸ ਵਿਚ ਪਰਵਿੰਦਰ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਸਮੇਤ ਨਸ਼ਾ ਵਿਰੋਧੀ ਸੰਘਰਸ਼ ਦੀਆਂ ਸਾਰੀਆਂ ਮੰਗਾਂ ਦਰਜ ਸਨ। ਇਸ ਪੱਤਰ ਵਿਚ ਇਹ ਵੀ ਦਰਜ ਸੀ ਕਿ ਅਗਰ ਵਿਧਾਇਕਾਂ ਨੇ ਸਰਕਾਰ ਉਤੇ ਆਪਣਾ ਦਬਾਅ ਤੇ ਰਸੂਖ ਵਰਤ ਕੇ ਦਿੱਤੇ ਸਮੇਂ ਵਿਚ ਇੰਨਾਂ ਮੰਗਾਂ ਨੂੰ ਪੂਰਾ ਨਾ ਕਰਵਾਇਆ, ਤਾਂ ਉਸ ਤੋਂ ਬਾਦ ਉਨਾਂ ਦੀ ਰਿਹਾਇਸ਼ ਸਾਹਮਣੇ ਪੱਕੇ ਧਰਨੇ ਲਾਏ ਜਾਣਗੇ। ਪ੍ਰਦਰਸ਼ਨਕਾਰੀਆਂ ਨੇ ਡਾ. ਸਿੰਗਲਾ ਨੂੰ ਇਕ ਵਿਸ਼ੇਸ਼ ਆਫਰ ਇਹ ਵੀ ਦਿੱਤੀ ਕਿ ਜੇਕਰ ਮਾਨ ਸਰਕਾਰ ਉਨਾਂ ਦੀ ਗੱਲ ਨਹੀਂ ਮੰਨਦੀ ਅਤੇ ਉਹ ਅਪਣੇ ਘਰ ਸਾਹਮਣੇ ਲੱਗਣ ਵਾਲੇ ਧਰਨੇ ਨੂੰ ਵੀ ਟਾਲਣਾ ਚਾਹੁੰਦੇ ਹਨ, ਤਾਂ ਉਹ ਵੀ ਨਸ਼ਾ ਵਿਰੋਧੀ ਧਰਨੇ ‘ਤੇ ਸਾਡੇ ਨਾਲ ਬੈਠਣਾ ਸ਼ੁਰੂ ਕਰ ਦੇਣ।
ਵਿਧਾਇਕ ਨੇ ਇੱਕਠ ਵਿਚ ਆ ਕੇ ਚੇਤਾਵਨੀ ਪੱਤਰ ਲਿਆ ਅਤੇ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਮਿਲਣਗੇ। ਜੇਕਰ ਉਹ ਇਸ ਕਾਰਜ ਵਿਚ ਸਫ਼ਲ ਨਾ ਹੋਏ, ਤਾਂ ਉਨਾਂ ਨੂੰ ਅਪਣੇ ਹਲਕੇ ਦੇ ਲੋਕਾਂ ਨਾਲ ਧਰਨੇ ‘ਤੇ ਬੈਠਣ ਵਿਚ ਵੀ ਕੋਈ ਹਿਚਕ ਨਹੀਂ ਹੋਵੇਗੀ। ਅੱਜ ਦੇ ਧਰਨੇ ਤੇ ਵਿਖਾਵੇ ਨੂੰ ਝੋਟੇ ਦੇ ਪਿਤਾ ਭੀਮ ਸਿੰਘ, ਗਗਨਦੀਪ, ਅਮਨ ਪਟਵਾਰੀ, ਜਸਬੀਰ ਕੌਰ ਨੱਤ, ਪੰਮਾ ਦਲੀਏ ਵਾਲੀ, ਸੁਖਦਰਸ਼ਨ ਨੱਤ, ਜਬਰ ਜੰਗ ਸਿੰਘ, ਜਸਵੰਤ ਸਿੰਘ ਜਵਾਹਰਕੇ, ਅਮਰੀਕ ਸਿੰਘ ਫਫੜੇ, ਜਗਦੇਵ ਸਿੰਘ ਭੈਣੀਬਾਘਾ, ਮੇਜਰ ਸਿੰਘ, ਦਰਸ਼ਨ ਸਿੰਘ ਕੋਟ ਫੱਤਾ, ਰੂਬੀ ਮਾਨਸਾ, ਗੁਰਮੀਤ ਧਾਲੀਵਾਲ, ਬੱਬਲੂ ਮਾਨਸਾਹੀਆ, ਕੁਲਵਿੰਦਰ ਕਾਲੀ, ਕੁਲਵਿੰਦਰ ਸੁੱਖੀ, ਬਲਜਿੰਦਰ ਮਾਨਸਾ ਖੁਰਦ, ਜੱਸੀ ਬਾਵਾ, ਪ੍ਰਦੀਪ ਖਾਲਸਾ, ਸੋਨੂੰ, ਰਿੱਕੀ, ਸੁਰਿੰਦਰ ਪਾਲ, ਅਮਨ, ਸੰਦੀਪ, ਮੋਹਣਾ, ਸੁਖਬੀਰ ਖਾਰਾ ਨੇ ਸੰਬੋਧਨ ਕੀਤਾ। ਅੱਜ ਦੇ ਅਰਥੀ ਸਾੜ ਵਿਖਾਵੇ ਵਿਚ ਨਸ਼ਾ ਵਿਰੋਧੀ ਕਮੇਟੀ ਪਿੰਡ ਭੂੰਦੜ, ਪਿੰਡ ਭਲਾਈ, ਮਾਖਾ, ਜੋਗਾ, ਬੱਪੀਆਣਾ, ਠੂਠਿਆਂਵਾਲੀ, ਫਫੜੇ ਭਾਈਕੇ, ਕੋਟ ਸ਼ਮੀਰ ਤੋਂ ਇਲਾਵਾ ਢਿੱਲਵਾਂ ਖੁਰਦ (ਫਰੀਦਕੋਟ) ਤੋਂ ਸ਼ਹੀਦ ਹਰਭਗਵਾਨ ਨਸ਼ਾ ਵਿਰੋਧੀ ਕਮੇਟੀ ਦੇ ਕਾਰਕੁੰਨ ਵੀ ਸ਼ਾਮਲ ਸਨ।