ਧੰਨਵਾਦ ਸਹਿਤ ਲਲਕਾਰ ਤੋਂ

ਗੁਰਦਾਸਪੁਰ

ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਬੀਤੀ 9 ਜੁਲਾਈ 2023 ਨੂੰ ਪੰਜਾਬੀ ਦੇ ਕਵੀ, ਅਨੁਵਾਦਕ ਦਾ ਦਿਹਾਂਤ ਹੋ ਗਿਆ। ਉਹਨਾਂ ਦਾ ਜਨਮ ਮਾਰਚ 1934 ਨੂੰ ਲਾਇਲਪੁਰ ’ਚ ਹੋਇਆ ਤੇ 1947 ਦੇ ਉਜਾੜੇ ਵੇਲੇ ਉਹਨਾਂ ਦਾ ਪਰਿਵਾਰ ਚੜ੍ਹਦੇ ਪੰਜਾਬ ’ਚ ਆਕੇ ਵਸ ਗਿਆ। ਵਿਦਿਆਰਥੀ ਜੀਵਨ ਵਿੱਚ ਹੀ ਉਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਤੇ ਨਾਲ਼ ਹੀ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਬਣ ਗਏ। ਉਹ ਮਾਰਕਸਵਾਦ ਨੂੰ ਆਪਣੀ ਮਾਰਗ-ਦਰਸ਼ਕ ਵਿਚਾਰਧਾਰਾ ਮੰਨਦੇ ਸਨ। ਉਂਝ ਸਿਆਸੀ ਕਾਰਕੁੰਨ ਵਜੋਂ ਉਹ ਮਾਰਕਸਵਾਦ ਦੀ ਥਾਂ ਸੋਧਵਾਦੀ ਸਿਆਸਤ (ਪਹਿਲਾਂ ਭਾ.ਕਾ.ਪਾ.(ਮ), ਤੇ ਫੇਰ ਉਸ ਚੋਂ ਨਿੱਕਲੀ ਦੂਜੀ ਸੋਧਵਾਦੀ ਪਾਰਟੀ ਨਾਲ ਹੀ ਜੁੜੇ ਰਹੇ, ਪਰ ਅਸਲ ਵਿੱਚ ਸਿਆਸੀ ਖੇਤਰ ਨਾਲੋਂ ਸਾਹਿਤਕ ਖੇਤਰ ਹੀ ਉਹਨਾਂ ਦੀ ਸਰਗਰਮੀ ਦਾ ਮੁੱਖ ਖੇਤਰ ਸੀ। ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਪੂਰੀ ਉਮਰ ਲੋਕਾਂ ਦੀ ਧਿਰ ਮੱਲੀ ਰੱਖੀ ਤੇ ਇਸ ਉੱਪਰ ਅਡੋਲ ਰਹੇ ਅਤੇ ਇਸੇ ਨਜਰੀਏ ਤੋਂ ਹੀ ਉਹਨਾਂ ਨੇ ਕਵਿਤਾ ਲਿਖਣ ਤੇ ਅਨੁਵਾਦ ਕਰਨ ਜਿਹੇ ਸਭ ਸਾਹਿਤਕ ਕੰਮ ਕੀਤੇ।

ਉਹਨਾਂ ਵੱਲੋਂ ਲਿਖੀਆਂ, ਅਨੁਵਾਦਿਤ ਤੇ ਸੰਪਾਦਿਤ ਪੁਸਤਕਾਂ ਦੀ ਗਿਣਤੀ 100 ਦੇ ਕਰੀਬ ਹੈ। ਇਸ ਵਿੱਚ ਉਹਨਾਂ ਦੇ ਆਪਣੇ ਕਾਵਿ ਸੰਗ੍ਰਹਿ ਵੀ ਕਾਫੀ ਹਨ। ਪਰ ਉਹਨਾਂ ਦਾ ਸਭ ਤੋਂ ਅਹਿਮ ਕੰਮ ਸੰਸਾਰ ਦੇ ਨਾਮੀ ਲੋਕ ਪੱਖੀ ਕਵੀਆਂ ਨੂੰ ਪੰਜਾਬੀ ਪਾਠਕਾਂ ਅੱਗੇ ਪੇਸ਼ ਕਰਨਾ ਹੈ। ਉਹਨਾਂ ਨੇ ਨਾਜਿਮ ਹਿਕਮਤ, ਪਾਬਲੋ ਨੇਰੂਦਾ, ਮਾਇਆਕੋਵਸਕੀ, ਮਹਿਮੂਦ ਦਰਵੇਸ਼ ਜਿਹੇ ਅਨੇਕਾਂ ਕਵੀਆਂ ਦੀਆਂ ਕਵਿਤਾਵਾਂ ਦਾ ਪੰਜਾਬੀ ਭਾਸ਼ਾ ਵਿੱਚ ਉਲੱਥਾ ਕੀਤਾ ਹੈ। ਉਹਨਾਂ ਨੇ ਪਾਬਲੋ ਨੇਰੂਦਾ ਦੇ ਲੇਖ ਸ੍ਰੰਗਿਹ ਤੇ ਸਵੈਜੀਵਨੀ ‘ਮੇਰੀਆਂ ਜੀਵਨ ਯਾਦਾਂ’ ਨੂੰ ਵੀ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪਾਇਆ ਹੈ। ਉਹਨਾਂ ਨੇ ਜਿਆਦਾਤਰ ਅਨੁਵਾਦ ਅੰਗਰੇਜੀ ਭਾਸ਼ਾ ਤੋਂ ਕੀਤੇ ਹਨ ਤੇ ਕਵਿਤਾ ਨੂੰ ਤੀਜੀ ਭਾਸ਼ਾ ’ਚ ਅਨੁਵਾਦ ਕਰਦੇ ਹੋਏ ਉਸਦੀ ਮੂਲ ਭਾਵਨਾ ਤੇ ਸੁਹਜ ਨੂੰ ਕਾਇਮ ਰੱਖਣਾ ਜਿੰਮੇਵਾਰੀ ਭਰਿਆ ਤੇ ਔਖਾ ਕੰਮ ਹੈ, ਅਤੇ ਇਸ ਜਿੰਮੇਵਾਰੀ ਨੂੰ ਨਿਭਾਉਣ ਦੀ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਸੀ। ਅਨੁਵਾਦ ਕੀਤੀਆਂ ਪੁਸਤਕਾਂ ਪਿੱਛੇ ਦਿੱਤੀ ਕਿਤਾਬਾਂ ਦੀ ਸੂਚੀ ਤੋਂ ਉਹਨਾਂ ਵੱਲੋਂ ਕੀਤੀ ਮਿਹਨਤ ਦਾ ਵੀ ਪਤਾ ਲਗਦਾ ਹੈ। ਇਹ ਵੀ ਸੱਚ ਹੈ ਕਿ ਸੰਸਾਰ ਪ੍ਰਸਿੱਧ ਇਹਨਾਂ ਕਵੀਆਂ ਨੂੰ ਪੰਜਾਬੀ ਭਾਸ਼ਾ ’ਚ ਅਨੁਵਾਦ ਕਰਨ ਦੇ ਇਸ ਔਖੇ ਕੰਮ ਨੂੰ ਹੁਣ ਤੱਕ ਵੀ ਬਹੁਤ ਘੱਟ ਲੋਕਾਂ ਨੇ ਹੱਥ ਪਾਇਆ ਹੈ ਤੇ ਲੋਕ ਪੱਖੀ ਕਵੀਆਂ ਨੂੰ ਪੰਜਾਬੀ ਭਾਸ਼ਾ ’ਚ ਅਨੁਵਾਦ ਕਰਨ ਦਾ ਕੰਮ ਉਹਨਾਂ ਬਰਾਬਰ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ।

ਉਹ ਸਾਹਿਤਕ ਰਸਾਲੇ ‘ਚਿਰਾਗ’ ਦੇ ਵੀ ਸੰਪਾਦਕ ਰਹੇ ਤੇ ਇਸ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਕਵੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਪਾਠਕਾਂ ਅੱਗੇ ਪੇਸ਼ ਕੀਤਾ। ਉਹਨਾਂ ਨੇ ਲਹਿੰਦੇ ਪੰਜਾਬ ਦੇ ਫੈਜ਼ ਅਹਿਮਦ ਫੈਜ਼, ਹਬੀਬ ਜਾਲਿਬ ਅਤੇ ਸਾਈਂ ਅਖ਼ਤਰ ਆਦਿ ਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਫੈਜ ਅਹਿਮਦ ਫੈਜ ਦੀ ਜਨਮ ਸ਼ਤਾਬਦੀ ਮੌਕੇ ਉਹਨਾਂ ਨੇ ਚਿਰਾਗ ਦਾ ਵਿਸ਼ੇਸ਼ ਅੰਕ ਵੀ ਕੱਢਿਆ ਸੀ।

ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਸੀਂ ਉਹਨਾਂ ਵੱਲੋਂ ਆਖਰੀ ਸਮਿਆਂ ’ਚ ਲਿਖੀ ਇਹ ਕਵਿਤਾ ਪਾਠਕਾਂ ਅੱਗੇ ਪੇਸ਼ ਕਰ ਰਹੇ ਹਾਂ ਜੋ ਉਹਨਾਂ ਬਾਰੇ ਕਾਫੀ ਕੁੱਝ ਦੱਸਦੀ ਹੈ।

ਮੇਰੀ ਵਸੀਅਤ

ਭਾਗਵਾਨੇ ! ਮੈਂ ਏਸ ਮਾਰਚ ਨੂੰ

ਨੱਬੇ ਸਾਲਾਂ ਦਾ ਹੋ ਜਾਵਾਂਗਾ।

ਕਵਿਤਾ ਲਿਖਦਿਆਂ, ਪੜ੍ਹਦਿਆਂ

ਜੀਣ ਦਾ ਲੋਭ ਵੱਧਦਾ ਜਾਂਦਾ ਹੈ

ਵਿਸ਼ਵ-ਕਵਿਤਾ ਦੇ ਸਮੁੰਦਰ ਵਿੱਚੋਂ

ਮੋਤੀ ਚੁਗਣ ਦੀ ਤਾਂਘ

ਹੋਰ ਤੀਬਰ ਹੋਈ ਜਾਂਦੀ ਹੈ।

ਜੇ ਭਲਾ ਮਰਨਾ ਵੀ ਹੋਇਆ

ਤਾਂ ਰਾਤ ਨੂੰ ਸੁੱਤੇ-ਸੁੱਤਿਆਂ

ਚੁੱਪ-ਚਾਪ ਤੁਰ ਜਾਣ ਨੂੰ

ਜੀ ਕਰਦਾ ਹੈ।

ਤੂੰ ਸਵੇਰੇ ਸਵੇਰੇ

ਚਾਹ ਦਾ ਗਲਾਸ ਲੈਕੇ ਆਵੀਂ

ਤੇ ਆਖੀਂ: ਉੱਠੋ ਚਾਹ ਲਵੋ

ਤੇ ਮੈਂ ਉਸ ਵੇਲੇ ਤੀਕ

ਪਿੰਡ ਦੀ ਜੂਹ ਨੂੰ ਟੱਪ

ਲੰਮੇ ਸਫਰ ’ਤੇ ਤੁਰ ਗਿਆ ਹੋਵਾਂ।

ਵੇਖ ਕੇ ਨਾਟਕੀ ਧਾਹਾਂ ਨਾ ਮਾਰੀਂ

ਧੀਰਜ ਨਾਲ਼ ਘਰਦਿਆਂ ਨੂੰ ਦੱਸੀਂ

ਤੇ ਯਾਦ ਰੱਖੀਂ

ਮੇਰੇ ਗਿਆਂ ਕੋਈ ਪਹਾੜ

ਨਹੀਂ ਢਹਿ ਪੈਣਾ

ਤੇ ਨਾ ਕਵੀ ਦੀ ਕਲਪਨਾ ਨੇ

ਉਡਾਣ ਤੋਂ ਰੁਕ ਜਾਣਾ ਹੈ।

ਮੇਰੇ ਤੋਂ ਅਗਲੀ ਪੀੜ੍ਹੀ

ਮੇਰੇ ਤੋਂ ਬਿਹਤਰ ਕਵਿਤਾ ਲਿਖੇਗੀ

ਲੋਕ ਗੀਤਾਂ ਦੇ ਮੁੱਖ ਵਰਗੀ

ਸੁਰਖ ਗੁਲਾਬ ਦੇ ਰੰਗ ਵਰਗੀ

ਤਪੇ ਹੋਏ ਲੋਹੇ ਦੇ ਰੋਹ ਵਰਗੀ।

ਪੂਜਾ ਪਾਠਾਂ ਦੇ ਚੱਕਰਾਂ ਵਿੱਚ

ਨਾ ਪਵੀਂ

ਮੇਰੀ ਰੂਹ ਨੂੰ ਪਾਠਾਂ ਨਾਲ ਸ਼ਾਂਤੀ

ਨਹੀਂ ਮਿਲ਼ਣੀ

ਕਵੀ ਸ਼ਾਂਤ ਨਹੀਂ ਅਸ਼ਾਂਤ ਹੀ ਰਹਿੰਦਾ ਹੈ ਹਮੇਸ਼ਾ।

ਸਵੇਰ ਦੀ ਚਾਹ ਪੀ ਕੇ

ਆਰਾਮ ਨਾਲ

ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਫੋਨ ਕਰੀਂ।

ਮੇਰੀ ਪਾਰਟੀ ਨੂੰ ਦੱਸਣਾ ਨਾ ਭੁੱਲੀਂ

ਮੇਰੇ ਉੱਤੇ ਲੋਈਆਂ ਨਹੀਂ

ਲਾਲ ਝੰਡਾ ਪਾਵੀਂ

ਸੁਰਖ ਗੁਲਾਬ ਦੇ ਰੰਗ ਵਰਗਾ

ਲਾਲ ਸੂਹਾ।

ਸਸਕਾਰ ਤੋਂ ਬਾਅਦ

ਘਰ ਆ ਕੇ ਲੌਂਗਾਂ ਵਾਲੀ

ਚਾਹ ਬਣਾਵੀਂ ਤੇ ਕਹੀਂ:

“ਉਸ ਨੂੰ ਇਹ ਚਾਹ

ਬੜੀ ਚੰਗੀ ਲੱਗਦੀ ਸੀ”

ਵੈਣ ਨਾ ਪਾਵੀਂ

ਮੈਂ ਜਿੰਦਗੀ ਨੂੰ ਰੱਜ ਕੇ ਜੀਵਿਆ ਹੈ

ਸ਼ੁਕਰ ਜੇ ਕਰਨਾ ਵੀ ਪਵੇ

ਤਾਂ ਰੱਬ ਦਾ ਨਹੀਂ

ਕਵਿਤਾ ਦਾ ਕਰੀਂ

ਜਿਸ ਮੈਨੂੰ ਜਿੰਦਗੀ ਬਖਸ਼ੀ ਹੈ।

ਮੇਰੀ ਰਾਖ ਨੂੰ ਮੇਰੀ ਬਗੀਚੀ ਵਿੱਚ

ਖਿਲਾਰ ਦੇਈਂ ਤੇ ਫੁੱਲ

ਬਿਆਸਾ ਦੇ ਪੁਲ ਤੋਂ

ਵਗਦੇ ਪਾਣੀਆਂ ਨੂੰ

ਸੌਂਪ ਦੇਵੀ।

ਮੇਰਾ ਅਫਸੋਸ ਨਾ ਕਰੀਂ

ਮਾਣ ਕਰੀਂ ਮੇਰੇ ਉੱਤੇ

ਜੇ ਹੋ ਸਕੇ

ਤੇ ਮਿਲਣ ਆਇਆਂ ਨੂੰ ਆਖੀਂ:

ਕੌੜਾ ਸੀ ਸੱਚ ਵਰਗਾ

ਨਿੰਮ ਦੇ ਪੱਤਿਆਂ ਜਿਹਾ

ਪਰ ਅੰਦਰੋਂ ਕੋਮਲ ਸੀ

ਕਵਿਤਾ ਵਰਗਾ

ਗੁਲਾਬ ਦੀ ਪੱਤੀ ਤਰ੍ਹਾਂ

ਪਰ ਇੱਕੋ ਗੱਲ ਮਾੜੀ ਸੀ

ਉਸ ਦੀ

ਕਿ ਟਿਕ ਕੇ ਘਰ ਨਹੀਂ ਸੀ

Leave a Reply

Your email address will not be published. Required fields are marked *