ਭਲਕੇ 13 ਅਗਸਤ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ ਅੰਤਮ ਸੰਸਕਾਰ
ਪਾਸਲਾ ਅਤੇ ਸਾਥੀਆਂ ਨੇ ਭੇਂਟ ਕੀਤੀ ਇਨਕਲਾਬੀ ਸ਼ਰਧਾਂਜਲੀ
ਜਲੰਧਰ, ਗੁਰਦਾਸਪੁਰ,13 ਅਗਸਤ (ਸਰਬਜੀਤ ਸਿੰਘ)– ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੇ ਮੈਂਬਰ ਅਤੇ ਸੀਟੀਯੂ ਪੰਜਾਬ ਦੇ ਪ੍ਰਧਾਨ ਸਾਥੀ ਵਿਜੈ ਮਿਸ਼ਰਾ ਸਦੀਵੀ ਵਿਛੋੜਾ ਦੇ ਗਏ ਹਨ। ਸਾਥੀ ਮਿਸ਼ਰਾ ਲੰਮੇ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਸਨ। ਸਾਥੀ ਮਿਸ਼ਰਾ ਦੇ ਸਨਮਾਨ ਵਜੋਂ ਪਾਰਟੀ ਦੇ ਜਲੰਧਰ ਵਿਚਲੇ ਹੈੱਡ ਕੁਆਰਟਰ ਅਤੇ ਜਿਲ੍ਹਾ ਦਫਤਰਾਂ ਦੇ ਝੰਡੇ ਝੁਕਾ ਦਿੱਤੇ ਗਏ ਹਨ।
ਸਾਥੀ ਮਿਸ਼ਰਾ ਨੇ ਦਹਾਕਿਆਂ ਬੱਧੀ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਪਿੱਛੋਂ ਸਮੁੱਚੇ ਪੰਜਾਬ ਅੰਦਰ ਅਨੇਕਾਂ ਟਰੇਡ ਯੂਨੀਅਨ ਘੋਲਾਂ ਨੂੰ ਮਿਸਾਲੀ ਅਗਵਾਈ ਦਿੱਤੀ। ਪੰਜਾਬ ਦੇ ਕਾਲੇ ਦੌਰ ਅੰਦਰ ਉਨ੍ਹਾਂ ਨੇ ਕਮਿਊਨਿਸਟ ਵਿਚਾਰਧਾਰਾ ਉੱਪਰ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਵਿਦੇਸ਼ੀ ਸ਼ਹਿ ਪ੍ਰਾਪਤ ਵੱਖਵਾਦੀ, ਕਾਤਲ ਟੋਲਿਆਂ ਦੀਆਂ ਬੁਜ਼ਦਿਲਾਨਾ ਕਾਰਵਾਈਆਂ ਦੀ ਬੜੀ ਦਲੇਰੀ ਨਾਲ, ਤਰਕ ਭਰਪੂਰ ਮੁਜੱਹਮਤ ਕੀਤੀ ਸੀ। ਸਾਥੀ ਮਿਸ਼ਰਾ ਦੇ ਯੁੱਧ ਸਾਥੀਆਂ ਲਈ ਇਹ ਵਡੇਰੇ ਮਾਣ ਦਾ ਸਬੱਬ ਹੈ ਕਿ ਆਪ ਖਤਰਨਾਕ ਬੀਮਾਰੀ ਦਾ ਸਿਦਕਦਿਲੀ ਨਾਲ ਟਾਕਰਾ ਕਰਦੇ ਹੋਏ ਅੰਤਮ ਸਾਹਾਂ ਤੱਕ ਪਾਰਟੀ ਸਰਗਰਮੀਆਂ ‘ਚ ਯਥਾ ਸ਼ਕਤੀ ਭਰਪੂਰ ਯੋਗਦਾਨ ਪਾਉਂਦੇ ਰਹੇ। ਸਾਥੀ ਵਿਜੈ ਮਿਸ਼ਰਾ ਦਾ ਅੰਤਮ ਸਸਕਾਰ ਭਲਕੇ 13 ਅਗਸਤ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਸਵੇਰੇ 11 ਵਜੇ ਉਨ੍ਹਾਂ ਦੀ ਕਿਲ੍ਹਾ ਹਕੀਮਾਂ ਨੇੜਲੀ ਰਿਹਾਇਸ਼ ਵਿਖੇ ਅੰਤਮ ਦਰਸ਼ਨਾਂ ਲਈ ਰੱਖੀ ਜਾਵੇਗੀ।
ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਅਤੇ ਸਮੁੱਚੇ ਸਕੱਤਰੇਤ ਨੇ ਸਾਥੀ ਵਿਜੈ ਮਿਸ਼ਰਾ ਦੇ ਵਿਛੋੜੇ ਨੂੰ ਪਾਰਟੀ ਅਤੇ ਖੱਬੀ ਲਹਿਰ ਲਈ ਅਸਹਿ ਘਾਟਾ ਦੱਸਦੇ ਹੋਏ ਆਪਣੇ ਇਸ ਬੇਜੋੜ ਸਾਥੀ ਨੂੰ ਕ੍ਰਾਂਤੀਕਾਰੀ ਸ਼ਰਧਾਂਜਲੀ ਭੇਂਟ ਕੀਤੀ ਹੈ।
ਸੀਟੀਯੂ ਪੰਜਾਬ ਵੱਲੋਂ ਜਨਰਲ ਸਕੱਤਰ ਸਾਥੀ ਨੱਥਾ ਸਿੰਘ, ਵਿੱਤ ਸਕੱਤਰ ਸਾਥੀ ਸ਼ਿਵ ਕੁਮਾਰ ਪਠਾਨਕੋਟ, ਸੂਬਾਈ ਅਹੁਦੇਦਾਰਾਂ ਸਾਥੀ ਧਿਆਨ ਸਿੰਘ ਠਾਕੁਰ, ਜਗਦੀਸ਼ ਚੰਦ, ਦੇਵ ਰਾਜ ਵਰਮਾ, ਸਰਬਜੀਤ ਸਿੰਘ ਵੜੈਚ, ਗੁਰਦੀਪ ਸਿੰਘ ਕਲਸੀ, ਲਾਲ ਚੰਦ, ਪਰਮਜੀਤ ਕੌਰ ਗੁੰਮਟੀ, ਮੱਖਣ ਸਿੰਘ ਜਖੇਪਲ ਨੇ ਸਾਥੀ ਵਿਜੈ ਮਿਸ਼ਰਾ ਦੀਆਂ ਘਾਲਣਾਵਾਂ ਨੂੰ ਸਲਾਮ ਕਰਦੇ ਹੋਏ ਅਕੀਦਤ ਭੇਂਟ ਕੀਤੀ ਹੈ।