ਗੁਰਦਾਸਪੁਰ 8 ਅਗਸਤ (ਸਰਬਜੀਤ ਸਿੰਘ)– ਲਾਭ ਸਿੰਘ ਅਕਲੀਆ ਲਿਖਦੇ ਹਨ ਕਿ 1943 ਵਿੱਚ ਦੂਜਾ ਵਿਸ਼ਵ ਯੁੱਧ ਖ਼ਤਮ ਹੋ ਚੁੱਕਾ ਸੀ ਅਤੇ ਜਪਾਨ ਆਤਮ ਸਮਰਪਣ ਕਰਨ ਲਈ ਵੀ ਤਿਆਰ ਸੀ। ਪਰ ਇਸਦੇ ਬਾਵਜੂਦ ਅਮਰੀਕੀ ਸਾਮਰਾਜਵਾਦੀਆਂ ਵੱਲੋਂ ਜਪਾਨ ਦੇ ਦੋ ਘੁੱਗ ਵਸਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ 6 ਅਤੇ 9 ਅਗਸਤ 1945 ਨੂੰ ਸਵੇਰੇ ਦਿਨ ਚੜ੍ਹਦੇ ਤੋਂ ਪਹਿਲਾਂ ਕ੍ਰਮਵਾਰ ‘ਲਿਟਲ ਬੁਆਏ’ ਅਤੇ ‘ਫੈਟ ਮੈਨ’ ਨਾਂ ਦੇ ਦੋ ਪ੍ਰਮਾਣੂੰ ਬੰਬ ਸੁੱਟ ਕੇ ਵਿਨਾਸ਼ਕਾਰੀ ਲੀਲ੍ਹਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਮਿੰਟਾਂ-ਸਕਿੰਟਾਂ ਵਿੱਚ ਲੱਖਾਂ ਲੋਕਾਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਗਿਆ। ਅਮਰੀਕੀ ਸਾਮਰਾਜਵਾਦ ਪਿਛਲੇ ਕਈ ਸਾਲਾਂ ਤੋਂ ਦੁਨੀਆਂ ਤੋਂ ਛੁਪਾਕੇ ‘ਮਨਹੱਟਨ ‘ ਵਿਖੇ ਪ੍ਰਮਾਣੂੰ ਬੰਬ ਬਨਾਉਣ ਵਿੱਚ ਲੱਗਿਆ ਹੋਇਆ ਸੀ ਅਤੇ ਵਿਸ਼ਵ ਯੁੱਧ ਦੀ ਤਿਆਰੀ ਕਰ ਰਿਹਾ ਸੀ। ਦੱਸ ਦਈਏ ਕਿ ਲਾਭ ਸਿੰਘ ਅਕਲੀਆ ਸਵ. ਪ੍ਰਸਿੱਧ ਕਵੀ ਸੰਤ ਰਾਮ ਦਾਸੀ ਜੀ ਦੇ ਜਵਾਈ ਹਨ ਹਨ।
ਦੁਨੀਆਂ ਭਰ ਦੇ ਲੋਕਾਂ ਅਤੇ ਬੁੱਧੀਜੀਵੀਆਂ ਦੇ ਮਨਾਂ ਵਿੱਚ ਇਹ ਸਵਾਲ ਬਾਰ ਬਾਰ ਉੱਠ ਰਹੇ ਸਨ, ਕਿ ਜਦੋਂ ਜਰਮਨੀ, ਇਟਲੀ ਅਤੇ ਜਪਾਨ ਵਿਸ਼ਵ ਯੁੱਧ ਹਾਰ ਚੁੱਕੇ ਸਨ, ਤਾਂ ਅਮਰੀਕਾ ਨੇ ਜਪਾਨ ਵਿੱਚ ਇੰਨੀ ਤਬਾਹੀ ਕਿਓਂ ਮਚਾਈ ? ਕਰੀਬ ਛੇ ਲੱਖ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਕਿਓਂ ਧੱਕਿਆ? ਅਸਲ ਵਿੱਚ ਕਾਰਣ ਕੁੱਝ ਹੋਰ ਸੀ, ਕਿਉਂ ਕਿ ਵਿਸ਼ਵ ਯੁੱਧ ਵਿੱਚ ਹਿਟਲਰ ਦੀ ਅਗਵਾਈ ਵਾਲੇ ਨਾਜ਼ੀ ਜਰਮਨੀਆਂ ਦੀ ਹੋਈ ਹਾਰ ਤੋਂ ਬਾਅਦ ਕਾਮਰੇਡ ਸਟਾਲਿਨ ਦੀ ਅਗਵਾਈ ਹੇਠ ਸਮਾਜਵਾਦੀ ਸੋਵੀਅਤ ਸੰਘ ਜਿੱਤ ਦੇ ਰੂਪ ਵਿੱਚ ਅੱਗੇ ਵਧ ਰਿਹਾ ਸੀ ਅਤੇ ਯੂਰਪੀ ਖਿੱਤੇ ਵਿੱਚ ਵੱਡੀ ਸਮਾਜਵਾਦੀ ਸ਼ਕਤੀ ਵਜੋਂ ਉੱਭਰ ਰਿਹਾ ਸੀ। ਯੂਰਪ ਦੇ ਬਾਕੀ ਦੇਸ਼ਾਂ ਵਿੱਚ ਵੀ ਮਾਰਕਸਵਾਦੀ -ਲੈਨਿਨਵਾਦੀ ਦਿਸ਼ਾ ਤਹਿਤ ਕਮਿਊਨਿਸਟ ਕ੍ਰਾਂਤੀਕਾਰੀ ਪਾਰਟੀਆਂ ਨਾਜ਼ੀਵਾਦ ਦੇ ਖ਼ਿਲਾਫ਼ ਲੜਦੀਆਂ ਹੋਈਆਂ ਅੱਗੇ ਵਧ ਰਹੀਆਂ ਸਨ ਅਤੇ ਸਮਾਜਵਾਦ ਦੇ ਲਈ ਰਸਤਾ ਅਖ਼ਤਿਆਰ ਕਰ ਰਹੀਆਂ ਸਨ। ਸਾਮਰਾਜਵਾਦੀਆਂ ਅਤੇ ਵਿਸ਼ਵ ਦੇ ਵੱਡੇ ਪੂੰਜੀਪਤੀਆਂ ਵੱਲੋਂ ਇਸਨੂੰ ਵੱਡੀ ਚਣੌਤੀ ਵਜੋਂ ਦੇਖਿਆ ਜਾ ਰਿਹਾ ਸੀ। ਸਮਾਜਵਾਦ ਦੀ ਚੜ੍ਹਤ ਨੂੰ ਰੋਕਣ ਲਈ ਅਤੇ ਦੁਨੀਆਂ ਦੀ ਅਮਨ ਪਸੰਦ ਜਨਤਾ ਵਿੱਚ ਖੌਫ਼ਨਾਕ ਦਹਿਸ਼ਤ ਪੈਦਾ ਕਰਨ ਲਈ ਅਮਰੀਕੀ ਸਾਮਰਾਜਵਾਦ ਵੱਲੋਂ ਆਪਣੀ ਜਿੱਤ ਦਾ ਝੰਡਾ ਗੱਡਣ ਲਈ ਇਹ ਖ਼ੂਨੀ ਕਾਂਡ ਰਚਿਆ ਗਿਆ ਸੀ। ਜੋ ਪਹਿਲਾਂ ਬਰਤਾਨੀਆਂ ਦੇ ਹੱਥਾਂ ਵਿੱਚ ਸੀ। ਇਸੇ ਕਰਕੇ ਅਮਰੀਕੀ ਸਾਮਰਾਜਵਾਦ ਵੱਲੋਂ ਸੋਚੇ-ਸਮਝੇ ਇਹ ਵਿਨਾਸ਼ਕਾਰੀ ਲੀਲ੍ਹਾ ਰਚਾਈ ਗਈ। ਇਸ ਤੋਂ ਇਹ ਵੀ ਸਾਫ਼ ਹੋ ਗਿਆ ਸੀ ਕਿ ਪ੍ਰਮਾਣੂੰ ਬੰਬ ਕਿੰਨੀ ਤਬਾਹੀ ਮਚਾ ਸਕਦੇ ਹਨ। ਜਪਾਨ ਦੀ ਜਨਤਾ ਅੱਜ ਵੀ ਇਸਦੇ ਭਿਆਨਕ ਨਤੀਜ਼ਿਆਂ ਤੋਂ ਭੈ- ਭੀਤ ਅਤੇ ਪੀੜ੍ਹਤ ਹੈ ਅਤੇ ਕਈ ਸਦੀਆਂ ਤੱਕ ਪੀੜ੍ਹਤ ਰਹੇਗੀ।
ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਮੰਜ਼ਰ ਤੋਂ ਬਾਅਦ ਅਮਰੀਕੀ ਸਾਮਰਾਜੀਆਂ ਕੋਲ਼ ਭਿਆਨਕ ਪ੍ਰਮਾਣੂੰ ਹਥਿਆਰਾਂ ਦਾ ਅਜੇ ਵੀ ਵੱਡਾ ਜ਼ਖ਼ੀਰਾ ਹੈ- ਜਿਸ ਨਾਲ ਇਸ ਧਰਤੀ ਨੂੰ ਕਈ ਵਾਰ ਖ਼ਤਮ ਕੀਤਾ ਜਾ ਸਕਦਾ ਹੈ। ਅਮਰੀਕਾ ਦੀ ਪ੍ਰਮਾਣੂੰ ਚਣੌਤੀ ਦਾ ਸਾਹਮਣਾ ਕਰਨ ਲਈ ਹੋਰਨਾਂ ਸਾਮਰਾਜਵਾਦੀ ਸ਼ਕਤੀਆਂ ਨੇ ਵੀ ਪ੍ਰਮਾਣੂੰ ਬੰਬਾਂ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਸੀ। ਸਭ ਤੋਂ ਪਹਿਲਾਂ ਸੋਵੀਅਤ ਸੰਘ ਅਤੇ ਚੀਨ ਵੱਲੋਂ ਪ੍ਰਮਾਣੂੰ ਬੰਬਾਂ ਦਾ ਨਿਰਮਾਣ ਕੀਤਾ ਗਿਆ। ਅੱਜ ਰੂਸ ਅਤੇ ਚੀਨ ਕੋਲ਼ ਜੋ ਪ੍ਰਮਾਣੂੰ ਬੰਬਾਂ ਦਾ ਭੰਡਾਰ ਹੈ, ਉਹ ਅਮਰੀਕਾ ਤੋਂ ਵੀ ਕਿਤੇ ਵੱਡਾ ਹੈ। ਇਹ ਦੋਵੇਂ ਮੁਲਕ ਅਮਰੀਕੀ ਸਾਮਰਾਜਵਾਦ ਦਾ ਵਿਰੋਧ ਕਰਨ ਦੀ ਬਜਾਏ, ਖੁਦ ਸਾਮਰਾਜਵਾਦੀ ਮਨਸੂਬਿਆਂ ਦਾ ਵੱਡਾ ਸਾਧਨ ਬਣੇ ਹੋਏ ਹਨ।
ਦੁਨੀਆਂ ਦੇ ਕਈ ਵਿਕਾਸਸ਼ੀਲ ਮੁਲਕਾਂ ਨੇ ਵੀ ਇਹੀ ਰਸਤਾ ਅਪਣਾ ਲਿਆ ਹੈ। ਭਾਰਤ, ਇਜ਼ਰਾਈਲ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੇ ਵੀ ਪ੍ਰਮਾਣੂੰ ਹਥਿਆਰਾਂ ਦਾ ਨਿਰਮਾਣ ਕਰ ਲਿਆ ਹੈ, ਜੋ ਕਿਸੇ ਵੀ ਤਰ੍ਹਾਂ ਇਨ੍ਹਾਂ ਦੇਸ਼ਾਂ ਦੀ ਜਨਤਾ ਦੇ ਹਿੱਤ ਵਿੱਚ ਨਹੀਂ ਹੈ। ਇਨ੍ਹਾਂ ਦਾ ਇਸਤੇਮਾਲ ਜਨਤਾ ਵਿੱਚ ਫੁੱਟ ਪਾਉਣ, ਹਥਿਆਰਾਂ ਦੀ ਹੋੜ ਨੂੰ ਤੇਜ਼ ਕਰਨ ਅਤੇ ਆਪਣੇ ਸਾਮਰਾਜਵਾਦੀ ਪ੍ਰਭੂਆਂ ਦੇ ਆਰਥਿਕ ਹਿੱਤਾਂ ਦੀ ਪੂਰਤੀ ਲਈ ਕੀਤਾ ਜਾ ਰਿਹਾ ਹੈ।
ਪ੍ਰਮਾਣੂੰ ਹਥਿਆਰਾਂ ਦੇ ਨਾਲ-ਨਾਲ ਪ੍ਰਮਾਣੂੰ ਊਰਜਾ ਦਾ ਵੀ ਵਿਰੋਧ ਕਰੋ-
1950 ਵਿੱਚ ਸਾਮਰਾਜਵਾਦੀ ਮੁਲਕਾਂ ਅੰਦਰ ਪਹਿਲੀ ਵਾਰ ਪ੍ਰਮਾਣੂੰ ਊਰਜਾ ਪਲਾਂਟ ਸਥਾਪਿਤ ਕੀਤੇ ਗਏ ਸਨ। ਓਦੋਂ ਤੋਂ ਹੀ ਯੂਰੇਨੀਅਮ ਦੀ ਖੁਦਾਈ ਅਤੇ ਪ੍ਰਮਾਣੂੰ ਬਿਜਲੀ ਘਰਾਂ ਤੋਂ ਨਿਕਲਣ ਵਾਲੀਆਂ ਖ਼ਤਰਨਾਕ ਰੇਡੀਏਸ਼ਨ (ਗੈਸਾਂ) ਦਾ ਹਵਾ ਵਿੱਚ ਫ਼ੈਲਣ ਕਰਕੇ ਅਤੇ ਇਸ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਪਲਾਂਟਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਨੇੜੇ – ਤੇੜੇ ਰਹਿਣ ਵਾਲੀ ਵਸੋਂ ਨੂੰ ਇਸਤੋਂ ਹੋਣ ਵਾਲੇ ਤਬਾਹਕੁੰਨ ਪ੍ਰਭਾਵਾਂ ਉੱਪਰ ਵੀ ਉਂਗਲੀ ਉੱਠਣੀ ਸ਼ੁਰੂ ਹੋ ਗਈ ਸੀ। ਅੱਜ ਇਨ੍ਹਾਂ ਪਲਾਂਟਾਂ ਰਾਹੀ ਪੈਦਾ ਹੋ ਰਹੇ ਹਜ਼ਾਰਾਂ ਟਨ ਕਚਰੇ ਨੂੰ ਖਪਾਉਣ ਦਾ ਸਵਾਲ ਵੀ ਸੰਸਾਰ ਭਰ ਵਿੱਚ ਗੰਭੀਰ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰੰਤੂ ਉਸ ਸਮੇਂ ਪ੍ਰਮਾਣੂੰ ਲਾਬੀ ਤਾਕਤਵਰ ਬਣ ਚੁੱਕੀ ਸੀ। ਕਈ ਪ੍ਰਮਾਣੂੰ ਵਿਗਿਆਨੀ ਜਿਵੇਂ ਕਿ ਭਾਰਤ ਵਿਚ ਹੋਮੀ ਭਾਵਾ ਵੱਲੋਂ ਪ੍ਰਮਾਣੂੰ ਊਰਜਾ ਦੀ ਲੋੜ ਨੂੰ ਵਧਾ ਚੜ੍ਹਾਕੇ ਪੇਸ਼ ਕੀਤਾ ਜਾ ਰਿਹਾ ਸੀ। ਇਸੇ ਤਰ੍ਹਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੀ ਪ੍ਰਮਾਣੂੰ ਊਰਜਾ ਤੇ ਕਾਫੀ ਮੋਹਿਤ ਸਨ।
ਸਭ ਤੋਂ ਪਹਿਲੀ ਵਾਰ ਜਦੋਂ 1979 ਵਿੱਚ ਅਮਰੀਕਾ ਦੇ ਸ਼ਹਿਰ ‘ਥ੍ਰੀ ਮਾਈਲ ਆਈਲੈਂਡ’ ਵਿਖੇ ਪ੍ਰਮਾਣੂੰ ਪਲਾਂਟ ਵਿੱਚ ਵੱਡਾ ਹਾਦਸਾ ਵਾਪਰਿਆ , ਹਜ਼ਾਰਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ , ਲੱਖਾਂ ਲੋਕ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਓਦੋਂ ਪ੍ਰਮਾਣੂੰ ਲਾਬੀ ਦੇ ਮੂੰਹ ਤੇ ਕਰਾਰੀ ਚਪੇੜ ਸਾਬਿਤ ਹੋਇਆ। ਇਸੇ ਤਰ੍ਹਾਂ 1986 ਵਿੱਚ ਸੋਵੀਅਤ ਸੰਘ ਵਿੱਚ’ ਚੇਨਰੋਵਿਲ (ਯੂਕਰੇਨ)’ ਵਿਖੇ ਪ੍ਰਮਾਣੂੰ ਬਿਜਲੀ ਘਰ ਵਿੱਚ ਹਾਦਸਾ ਵਾਪਰ ਗਿਆ, ਜਿਸ ਨਾਲ ਭਾਰੀ ਤਬਾਹੀ ਮੱਚ ਗਈ । ਉਸ ਸਮੇਂ ਅਮਰੀਕੀ ਸਾਮਰਾਜਵਾਦ ਅਤੇ ਉਸਦੇ ਦਲਾਲਾਂ ਵਲੋਂ ਇਹ ਪ੍ਰਚਾਰ ਕੀਤਾ ਗਿਆ, ਕਿ ਇਹ ਸਮਾਜਵਾਦੀ ਪ੍ਰਬੰਧ ਦੇ ਤਕਨੀਕੀ ਪਛੜੇਪਣ ਦੇ ਕਾਰਣ ਵਾਪਰਿਆ ਹੈ। ਹਾਲਾਤ ਅਜਿਹੇ ਬਣਾ ਦਿੱਤੇ ਗਏ, ਕਿ ਪ੍ਰਮਾਣੂੰ ਊਰਜਾ ਤੇ ਕੋਈ ਉਸਾਰੂ ਬਹਿਸ ਨਹੀਂ ਹੋਣ ਦਿੱਤੀ ਗਈ। ਸਾਮਰਾਜਵਾਦੀ ਦੇਸ਼ਾਂ ਅੰਦਰ ਵਾਤਾਵਰਣ ਮਾਹਿਰਾਂ ਵੱਲੋਂ ਪ੍ਰਮਾਣੂੰ ਊਰਜਾ ਦੇ ਖ਼ਿਲਾਫ਼ ਤਿੱਖੇ ਅੰਦੋਲਨ ਸ਼ੁਰੂ ਹੋ ਗਏ। ਇਸ ਦਾ ਨਤੀਜ਼ਾ ਇਹ ਹੋਇਆ ਕਿ ਅਮਰੀਕਾ ਅਤੇ ਫਰਾਂਸ ਨੇ ਨਵੇਂ ਪ੍ਰਮਾਣੂੰ ਪਲਾਂਟ ਲਾਉਂਣੇ ਬੰਦ ਕਰ ਦਿੱਤੇ । ਸਾਮਰਾਜਵਾਦੀ ਸ਼ਕਤੀਆਂ ਨੇ ਵਿਕਾਸਸ਼ੀਲ ਦੇਸ਼ਾਂ ਦੇ ਪ੍ਰਮਾਣੂੰ ਮਾਹਿਰਾਂ ਤੇ ਦਲਾਲਾਂ ਨੂੰ ਆਪਣੇ ਪੱਖ ਵਿੱਚ ਕਰਕੇ ਪ੍ਰਮਾਣੂੰ ਸਮੱਗਰੀ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਇਸਦੀ ਸਭ ਤੋਂ ਵੱਡੀ ਉਦਾਹਰਣ ਹੈ। ਭਾਰਤ ਵਿੱਚ ਪ੍ਰਮਾਣੂੰ ਸੰਸਥਾਵਾਂ ਅਤੇ ਵਿਗਿਆਨੀਆਂ ਦੀ ਸ਼ੁਰੂ ਤੋਂ ਹੀ ਸੋਵੀਅਤ ਪੱਖੀ ਲਾਬੀ ਮੌਜੂਦ ਰਹੀ ਹੈ। ਜਿਸਨੇ ਦੇਸ਼ ਵਿੱਚ ਸੋਵੀਅਤ ਨਮੂਨੇ ਦੇ ਯੰਤਰ ਲਾਉਣ ਨੂੰ ਤਰਜੀਹ ਦਿੱਤੀ। ਇਹ ਲਾਬੀ ਤਾਮਿਲਨਾਡੂ ਵਿੱਚ ‘ਕੁਡਨਕੁਲਮ, ਮਹਾਂਰਾਸ਼ਟਰ ਦੇ ‘ਜਗਤਪੁਰ, ਮੱਧ-ਪ੍ਰਦੇਸ ਦੇ ‘ਚੁਟਕਾ ‘, ਹਰਿਆਣਾ ਦੇ ਫਤਿਹਵਾਦ ਜ਼ਿਲ੍ਹੇ ਦੇ ‘ਗੋਰਖਪੁਰ’ ਤੋਂ ਇਲਾਵਾ ਦੇਸ਼ ਦੇ ਹੋਰਨਾਂ ਦਰਜਨਾਂ ਥਾਵਾਂ ‘ਤੇ ਅਜਿਹੇ ਪ੍ਰਮਾਣੂੰ ਬਿਜਲੀ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ। ਜੋ ਕਦੇ ਵੀ ‘ਪ੍ਰਮਾਣੂੰ ਟਾਈਮ ਬੰਬ’ ਬਣ ਸਕਦੇ ਹਨ। ਤਕਨੀਕ ਦੇ ਪੱਖ ਤੋਂ ਸਭ ਤੋਂ ਵੱਧ ਵਿਕਸਤ ਸਾਮਰਾਜਵਾਦੀ ਮੁਲਕ ‘ਜਪਾਨ’ , ਜਿੱਥੇ ਬਾਰ੍ਹਾਂ ਸਾਲ ਪਹਿਲਾਂ 11 ਮਾਰਚ 2011 ਨੂੰ ‘ਫੂਕੂਸੀਮਾਂ ‘ ਵਿਖੇ ਪ੍ਰਮਾਣੂੰ ਪਲਾਂਟ ਵਿੱਚ ਸੁਨਾਮੀ ਦੀ ਵਜ੍ਹਾ ਕਰਕੇ ਭਿਆਨਕ ਹਾਦਸਾ ਵਾਪਰਿਆ ਸੀ, ਹਵਾ ਵਿੱਚ ਫੈਲੀਆਂ ਹਾਨੀਕਾਰਕ ਰੇਡੀਏਸ਼ਨ ਦੇ ਕਾਰਣ ਕੁੱਝ ਹੀ ਘੰਟਿਆਂ ਵਿੱਚ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਅਤੇ ਲੱਖਾਂ ਲੋਕ ਭਿਆਨਕ ਬੀਮਾਰੀਆ ਦਾ ਸ਼ਿਕਾਰ ਹੋ ਗਏ ਸਨ। ਅੱਜ ਵੀ ਜ਼ਹਿਰੀਲੀਆਂ ਗੈਸਾਂ ਤੋਂ ਪ੍ਰਭਾਵਿਤ ਨਵ -ਜਨਮੇ ਬੱਚੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰੋਗਾਂ ਦੇ ਸ਼ਿਕਾਰ ਪੈਦਾ ਹੋ ਰਹੇ ਹਨ।
ਇਹ ਬਹੁਤ ਵੱਡੀ ਤ੍ਰਾਸ਼ਦੀ ਹੈ, ਕਿ ਮੁਨਾਫ਼ਾ ਕਮਾਉਣ ਦੇ ਲਈ ਅਤੇ ਪ੍ਰਮਾਣੂੰ ਊਰਜਾ ਦੇ ਕਾਰੋਬਾਰ ਵਿੱਚ ਲੱਗੀਆਂ ਬਹੁ- ਰਾਸ਼ਟਰੀ ਕੰਪਨੀਆਂ, ਵੱਡੇ ਕਾਰਪੋਰੇਟ ਘਰਾਣੇ ਅਤੇ ਨਵ-ਬਸਤੀਵਾਦੀ ਦੇਸ਼ਾਂ ਦੀਆਂ ਦਲਾਲ ਹਾਕਮ ਜਮਾਤਾਂ ਇਸ ਤੋਂ ਨਿਕਲਣ ਵਾਲੇ ਭਿਆਨਕ ਛਿੱਟਿਆਂ ਤੇ ਪਰਦਾ ਪਾ ਰਹੀਆਂ ਹਨ। ਪ੍ਰਮਾਣੂੰ ਪਲਾਂਟਾਂ ਵਿੱਚੋਂ ਨਿਕਲਣ ਵਾਲੀਆਂ ਖ਼ਤਰਨਾਕ ਕਿਰਨਾਂ ਅਤੇ ਗਰੀਨ ਹਾਊਸ ਗੈਸਾਂ ਆਮ ਜਨਤਾ ਲਈ ਮੌਤ ਦਾ ਸਬੱਬ ਬਣ ਰਹੀਆਂ ਹਨ। ਸਾਮਰਾਜਵਾਦੀ ਸ਼ਕਤੀਆਂ ਆਪਣੇ ਪ੍ਰਮਾਣੂੰ ਹਥਿਆਰਾਂ ਦੇ ਭੰਡਾਰਾਂ ਨੂੰ ਵੀ ਖ਼ਤਮ ਕਰਨ ਲਈ ਤਿਆਰ ਨਹੀਂ ਹਨ, ਅਤੇ ਵਿਕਾਸਸ਼ੀਲ ਮੁਲਕਾਂ ਵਿੱਚ ਪ੍ਰਮਾਣੂੰ ਊਰਜਾ ਪਲਾਂਟਾਂ ਦਾ ਵੱਡੇ ਪੱਧਰ ਤੇ ਨਿਰਮਾਣ ਕੀਤਾ ਜਾ ਰਿਹਾ ਹੈ। ਜਦੋਂ ਜਪਾਨ ਸਮੇਤ ਕਈ ਮੁਲਕ ਆਪਣੇ -ਆਪਣੇ ਪ੍ਰਮਾਣੂ ਬਿਜਲੀ ਘਰ ਬੰਦ ਕਰਨ ਦਾ ਐਲਾਨ ਕਰ ਚੁੱਕੇ ਹਨ। ਉਹੀ ਦੇਸ਼ ਆਪਣਾ ਕੂੜਾ- ਕਬਾੜ ਭਾਰਤ ਵਰਗੇ ਨਵ-ਬਸਤੀਵਾਦੀ ਦੇਸ਼ਾਂ ਨੂੰ ਵੇਚਕੇ ਡਾਲਰ ਕਮਾ ਰਹੇ ਹਨ। ਪੂਰੀ ਦੁਨੀਆਂ ਪ੍ਰਮਾਣੂੰ ਊਰਜਾ ਅਤੇ ਪ੍ਰਮਾਣੂੰ ਹਥਿਆਰਾਂ ਦੇ ਖ਼ਤਰੇ ਤੋਂ ਜਾਗਰੂਕ ਹੋ ਰਹੀ ਹੈ। ਅੱਜ ਵਿਸ਼ਵ ਪੱਧਰ ‘ਤੇ ਇਸਦੇ ਖ਼ਿਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ, ਤਾਂ ਕਿ ਪ੍ਰਮਾਣੂੰ ਹਥਿਆਰਾਂ ਅਤੇ ਪ੍ਰਮਾਣੂੰ ਬਿਜਲੀ ਘਰਾਂ ਤੋਂ ਮੁਕਤ ਦੁਨੀਆਂ ਦੀ ਰਚਨਾ ਕੀਤੀ ਜਾ ਸਕੇ ਅਤੇ ਭਵਿੱਖ ਵਿੱਚ ਆਮ ਜਨਤਾ ਨੂੰ ਵਿਨਾਸ਼ਕਾਰੀ ਖ਼ਤਰਿਆਂ ਤੋਂ ਬਚਾਇਆ ਜਾ ਸਕੇ।


