ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)–ਇੱਕ ਅਗਸਤ ਨੂੰ ਪਿੰਡ ਭੋਜਰਾਜ,ਬਲਾਕ ਧਾਰੀਵਾਲ, ਜਿਲ੍ਹਾ ਗੁਰਦਾਸਪੁਰ ਦੇ ਵਸਨੀਕ ਗੁਰੂ ਘਰ ਦੇ ਵਜ਼ੀਰ ਭਾਈ ਮਿਲਨਪਾਲ ਸਿੰਘ ਤੇ ਹੋਈ ਐਨ ਆਈ ਏ ਦੀ ਰੇਡ ਸਬੰਧੀ ਜਾਣਕਾਰੀ ਦੇਣ ਪਿੰਡ ਵਾਸੀਆਂ ਦਾ ਇਕ ਵਫਦ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਸਾਬ ਦੇ ਨਿੱਜੀ ਸਕੱਤਰ ਭਾਈ ਅਜੀਤ ਸਿੰਘ ਨੂੰ ਉਹਨਾਂ ਦੇ ਦਫਤਰ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਮਿਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ 1 ਅਗਸਤ 2023 ਨੂੰ ਸਾਡੇ ਨਗਰ ਦੇ ਗ੍ਰੰਥੀ ਭਾਈ ਮਿਲਣਪਾਲ ਸਿੰਘ ਦੇ ਘਰ ਐਨ ਆਈ ਏ ਦੀ ਟੀਮ ਪਹੁੰਚੀ। ਜਿਸ ਨੇ ਘਰ ਦੀ ਛਾਣਬੀਣ ਕੀਤੀ ਅਤੇ ਇੰਗਲੈਂਡ ਵਿਚ ਭਾਰਤੀ ਅੰਬੇਂਸੀ ਉਪਰ ਹੋਏ ਹਮਲੇ ਨਾਲ ਭਾਈ ਮਿਲਣਪਾਲ ਸਿੰਘ ਦੇ ਸਬੰਧ ਜੁੜੇ ਹੋਣ ਦੀ ਗੱਲ ਕੀਤੀ। ਜੋ ਸਰਾਸਰ ਗਲਤ ਇਲਜ਼ਾਮ ਹੈ।
ਭਾਈ ਮਿਲਣਪਾਲ ਸਿੰਘ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਨਾਲ-ਨਾਲ ਗੁਰੂ ਘਰ ਦੇ ਵਜ਼ੀਰ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਬੱਚਿਆਂ ਨੂੰ ਗੁਰਮਤਿ ਵਿਦਿਆ ਦੇਣ ਲਈ ਹਰ ਸਾਲ 3 ਗੁਰਮਤਿ ਟ੍ਰੇਨਿੰਗ ਕੈਂਪ ਨਗਰ ਵਿੱਚ ਲਗਾਏ ਜਾਂਦੇ ਹਨ। ਇਹਨਾਂ ਕੈਂਪਾਂ ਜ਼ਰੀਏ ਇਲਾਕੇ ਦੇ ਸੈਕੜੇ ਪਿੰਡਾਂ ਦੇ ਹਜ਼ਾਰਾਂ ਬੱਚਿਆਂ ਨੂੰ ਭਾਈ ਮਿਲਣਪਾਲ ਸਿੰਘ ਗੁਰਮਤਿ ਨਾਲ ਜੋੜ ਚੁੱਕੇ ਹਨ। ਭਾਈ ਸਾਹਿਬ ਇਲਾਕੇ ਵਿੱਚ ਬਤੋਰ ਏ ਸਿੱਖ ਪ੍ਰਚਾਰਕ ਵਿਚਰਦੇ ਹਨ।
ਉਹਨਾਂ ਕਿਹਾ ਕਿ ਸਾਨੂੰ ਪੂਰਾ ਖਦਸ਼ਾ ਹੈ ਕਿ ਕਿਸੇ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਵੱਲੋਂ ਭਾਈ ਮਿਲਣਪਾਲ ਸਿੰਘ ਨੂੰ ਇਸ ਕੇਸ ਵਿੱਚ ਉਲਝਾਇਆ ਜਾ ਰਿਹਾ ਹੈ। 8 ਅਗਸਤ ਨੂੰ ਦਿੱਲੀ NIA ਨੇ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਬੁਲਾਇਆ ਹੈ। ਜਿਸ ਲਈ ਅਸੀਂ ਐਸਜੀਪੀਸੀ ਦੇ ਪ੍ਰਧਾਨ ਸਾਬ ਤੋਂ ਕਾਨੂੰਨੀ ਪਹੁੰਚ,ਹਰ ਉਚਿਤ ਸਲਾਹ ਅਤੇ ਸਹਿਯੋਗ ਦੀ ਮੰਗ ਕੀਤੀ ਹੈ।ਜਿਸ ਤੇ ਧਾਮੀ ਸਾਬ ਨੇ ਹਰ ਤਰਾਂ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਤਨਾਮ ਸਿੰਘ,ਸਰਪੰਚ ਬੀਬੀ ਅਮਰਜੀਤ ਕੌਰ, ਸਾਬਕਾ ਸਰਪੰਚ ਗੁਰਮੁਖ ਸਿੰਘ,ਭਾਈ ਮਿਲਨਪਾਲ ਸਿੰਘ,ਬਲਵਿੰਦਰ ਸਿੰਘ,ਗ੍ਰੰਥੀ ਲਖਬੀਰ ਸਿੰਘ,ਹਰਦੀਪ ਸਿੰਘ ਕਾਹਲੋ,,ਗੁਰਚਰਨ ਸਿੰਘ,ਸੁਖਦੀਪ ਸਿੰਘ ਮਾਹਲ,ਜਸਵੰਤ ਸਿੰਘ,ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਘੁੰਮਣ, ਜੋਗਿੰਦਰ ਸਿੰਘ ਰੰਧਾਵਾ,ਮੁਖਤਿਆਰ ਸਿੰਘ ਰਿਆੜ ਅਤੇ ਮੈਬਰ ਗੁਰਪ੍ਰੀਤ ਸਿੰਘ ਘੁੰਮਣ ਹਾਜ਼ਰ ਰਹੇ।


