ਬੀ.ਐੱਸ.ਐਫ ਵਲੋਂ ਕਰਵਾਇਆ ਪ੍ਰੋਗਰਾਮ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ- ਆਦਿਤਿਆ ਗੁਪਤਾ, ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ
ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)- ਅੱਜ ਡਿਪਟੀ ਕਮਿਸ਼ਨਰ, ਗੁਰਦਾਸਪੁਰ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਵਲੋਂ ਬੀ.ਐਸ.ਐਫ ਬ੍ਰਾਸ ਬੈਂਡ ਦੁਆਰਾ ਰਾਸ਼ਟਰੀ ਗੀਤ “ਵੰਦੇ ਮਾਤਰਮ” ਦੀ ਪੇਸ਼ਕਾਰੀ ਵਾਲੇ ਇੱਕ ਦੇਸ਼ ਭਗਤੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਆਦਿਤਿਆ ਗੁਪਤਾ, ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਐਸ.ਡੀ.ਐਮ ਗੁਰਦਾਸਪੁਰ ਸ੍ਰੀਮਤੀ ਅਨੁਪ੍ਰੀਤ ਕੌਰ, ਡੀ.ਐਸ.ਪੀ ਬਟਾਲਾ, ਦਫਤਰ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਪੁਲਿਸ ਦੇ ਲਗਭਗ 60 ਕਰਮਚਾਰੀ, 25 ਨਾਗਰਿਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਵਿਭਾਗਾਂ ਦੇ 11 ਕਰਮਚਾਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਬੀ.ਐਸ.ਐਫ ਵੱਲੋਂ 03 ਅਧਿਕਾਰੀ ਅਤੇ 23 ਕਰਮਚਾਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸ ਮੌਕੇ ਆਦਿਤਿਆ ਗੁਪਤਾ, ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਨੇ ਬੀ.ਐਸ.ਐਫ ਬ੍ਰਾਸ ਬੈਂਡ ਦੁਆਰਾ ਰਾਸ਼ਟਰੀ ਗੀਤ “ਵੰਦੇ ਮਾਤਰਮ” ਸਮੇਤ ਵੱਖ-ਵੱਖ ਦੇਸ਼ ਭਗਤੀ ਗੀਤਾਂ ਦੀ ਪੇਸ਼ਕਾਰੀ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਅਤੇ ਸਿਵਲ-ਪ੍ਰਸ਼ਾਸਨ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਬੀ.ਐਸ.ਐਫ ਵਲੋਂ ਕੀਤਾ ਗਿਆ ਉਪਰਾਲਾ ਸ਼ਾਨਦਾਰ ਅਤੇ ਸਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਭਵਿੱਖ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਬੀ.ਐਸ.ਐਫ ਬ੍ਰਾਸ ਬੈਂਡ ਦੀ ਟੀਮ ਨੂੰ ਮਿਲਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ।
ਇਸ ਮੌਕੇ ਬੀ.ਐਸ.ਐਫ ਬ੍ਰਾਸ ਬੈਂਡ ਟੀਮ ਜਿਸ ਵਿੱਚ 24 ਜਵਾਨ ਸ਼ਾਮਲ ਸਨ, ਨੇ ਵੰਦੇ ਮਾਤਰਮ ਦੀ ਇੱਕ ਰੂਹਾਨੀ ਅਤੇ ਪ੍ਰੇਰਨਾਦਾਇਕ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ, ਜਿਸ ਨਾਲ ਮੌਜੂਦ ਸਾਰਿਆਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰੀ ਮਾਣ ਦੀ ਭਾਵਨਾ ਪੈਦਾ ਹੋਈ।


