ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਟੀਮ ਕੰਨਿਆ ਭਰੂਣ ਹੱਤਿਆ ਦੀ ਲਾਹਨਤ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੱਬਾਂ-ਭਾਰ ਹੋਈ

ਗੁਰਦਾਸਪੁਰ

ਜ਼ਿਲ੍ਹਾ ਪ੍ਰਸ਼ਾਸਨ ਨੇ ਬਲਾਕ, ਪਿੰਡਾਂ ਅਤੇ ਸ਼ਹਿਰਾਂ ਦੀ ਵਾਰਡ ਵਾਈਜ ਸੈਕਸ ਰੇਸ਼ੋ ਦੀ ਰੀਪੋਰਟ ਤਿਆਰ ਕੀਤੀ

ਸਿਹਤ ਵਿਭਾਗ ਫ਼ਰਜ਼ੀ ਗ੍ਰਾਹਕ ਬਣਾ ਕੇ ਲਿੰਗ ਨਿਰਧਾਰਤ ਕਰਨ ਵਾਲੇ ਅਲਟਰਾਸਾਊਂਡ ਸਕੈਨਿੰਗ ਸੈਂਟਰਾਂ ਦਾ ਪਰਦਾਫਾਸ਼ ਕਰੇਗਾ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਣ-ਜੰਮੀਆਂ ਧੀਆਂ ਦੀ ਅਵਾਜ਼ ਬਣਨ ਦਾ ਸੱਦਾ

ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਿਹਤ ਵਿਭਾਗ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਟੀਮ ਜ਼ਿਲ੍ਹਾ ਗੁਰਦਾਸਪੁਰ ਵਿਚੋਂ ਕੰਨਿਆ ਭਰੂਣ ਹੱਤਿਆ ਦੀ ਲਾਹਨਤ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੱਬਾਂ-ਭਾਰ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਕੰਨਿਆ ਭਰੂਣ ਹੱਤਿਆ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਸਿਕੰਜਾ ਕੱਸਿਆ ਜਾਵੇਗਾ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਹਰ ਬਲਾਕ, ਪਿੰਡਾਂ ਅਤੇ ਸ਼ਹਿਰਾਂ ਦੀ ਵਾਰਡ ਵਾਈਜ ਸੈਕਸ ਰੇਸ਼ੋ ਦੀ ਰੀਪੋਰਟ ਤਿਆਰ ਕਰ ਲਈ ਗਈ ਹੈ ਅਤੇ ਜਿਹੜੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਲਿੰਗ ਅਨੁਪਾਤ ਵਿੱਚ ਗੜਬੜੀ ਹੈ ਉਨ੍ਹਾਂ ਇਲਾਕਿਆਂ ਵਿੱਚ ਵਿਸ਼ੇਸ਼ ਚੌਕਸੀ ਵਰਤਦੇ ਹੋਏ ਵੱਖ-ਵੱਖ ਏਜੰਸੀਆਂ ਸਰਗਰਮ ਹੋ ਗਈਆਂ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਪੂਰੇ ਜ਼ਿਲ੍ਹੇ ਦੀ ਸੈਕਸ ਰੇਸ਼ੋ ਰੀਪਰੋਟ ਪਹੁੰਚ ਗਈ ਹੈ ਅਤੇ ਜਿਨ੍ਹਾਂ ਪਿੰਡਾਂ-ਸ਼ਹਿਰਾਂ ’ਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਘੱਟ ਹੈ ਓਥੇ ਸੈਕਸ ਰੇਸ਼ੋ ਨੂੰ ਠੀਕ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਅਟਰਾਸਾਊਂਡ ਸਕੈਨਿੰਗ ਸੈਂਟਰਾਂ ਉੱਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਖੁਫ਼ੀਆ ਤੰਤਰ ਰਾਹੀਂ ਵੀ ਹਰ ਤਰਾਂ ਦੀ ਰੀਪੋਰਟ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੁਝ ਗਰਭਵਤੀ ਮਹਿਲਾਵਾਂ ਨੂੰ ਫ਼ਰਜ਼ੀ ਗ੍ਰਾਹਕ ਵਜੋਂ ਵੀ ਤਿਆਰ ਕੀਤਾ ਗਿਆ ਹੈ ਜੋ ਸਕੈਨਿੰਗ ਸੈਂਟਰਾਂ ਵਿੱਚ ਗ੍ਰਾਹਕ ਬਣਕੇ ਜਾਣਗੀਆਂ ਅਤੇ ਲਿੰਗ ਨਿਰਧਾਰਨ ਦੇ ਅਣ-ਮਨੁੱਖੀ ਧੰਦੇ ਦਾ ਪਰਦਾਫਾਸ਼ ਕਰਨਗੀਆਂ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਗਰਭਵਤੀ ਮਹਿਲਾ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ ਅਤੇ ਜ਼ਿਲ੍ਹੇ ਦੇ ਅਟਰਾਸਾਊਂਡ ਸਕੈਨਿੰਗ ਸੈਂਟਰਾਂ ਤੋਂ ਇਲਾਵਾ ਨਾਲਦੇ ਜ਼ਿਲ੍ਹਿਆਂ ਅਤੇ ਰਾਜਾਂ ਦੇ ਅਟਰਾਸਾਊਂਡ ਸਕੈਨਿੰਗ ਸੈਂਟਰਾਂ ਉੱਪਰ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ 6 ਜੁਲਾਈ ਨੂੰ ਸਿਹਤ ਵਿਭਾਗ ਗੁਰਦਾਸਪੁਰ ਦੀ ਟੀਮ ਨੇ ਜੰਮੂ ਵਿਖੇ ਲਿੰਗ ਨਿਰਧਾਰਤ ਕਰਨ ਵਾਲੇ ਇੱਕ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਦਾ ਪਰਦਾਫਾਸ਼ ਕੀਤਾ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਿੰਗ ਨਿਰਧਾਰਨ ਟੈਸਟ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਕਾਰੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।  ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਵੀ ਇਸ ਅਣ-ਮਨੁੱਖੀ ਕਾਰੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖਿਲਾਫ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਕੰਨਿਆ ਭਰੂਣ ਹੱਤਿਆ ਵਰਗੀ ਅਣ-ਮਨੁੱਖੀ ਲਾਹਨਤ ਵਿਰੁਧ ਉੱਠ ਖੜੇ ਹੋਣ ਅਤੇ ਅਣ-ਜੰਮੀਆਂ ਧੀਆਂ ਦੀ ਅਵਾਜ਼ ਬਣ ਕੇ ਮਨੁੱਖਤਾ ਦੇ ਦੁਸ਼ਮਣਾਂ ਦਾ ਪਰਦਾਫਾਸ਼ ਕਰਨ।    

Leave a Reply

Your email address will not be published. Required fields are marked *