ਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ)–ਇੱਕ ਜੱਜ ਦੇ ਘਰ ਵਿੱਚ ਚੋਰੀ ਕਰਨ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਈ ਗਈ ਲੜਕੀ ਨਾਲ ਥਾਣੇ ਚ ਤਸ਼ੱਸ਼ਦ ਕਰਨ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹ੍ਹਮਣੇ ਆਇਆ ਹੈ। ਕਿਸਾਨਾਂ ਦੇ ਰੋਹ ਅੱਗੇ ਝੁਕਦੇ ਹੋਏ 2 ਪੁਲਸ ਮੁਲਾਜਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਵਰਣਯੋਗ ਹੈ ਕਿ 2 ਜੁਲਾਈ ਨੂੰ ਜੱਜ ਦੇਘਰ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਸਾਫ-ਸਫਾਈ ਦਾ ਕੰਮ ਕਰਨ ਵਾਲੀ ਇੱਕ ਲੜਕੀ ਨੂੰ ਥਾਣਾ ਸਿਟੀ ਦੀ ਪੁਲਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਜਿਸ ਤੋਂ ਬਾਅਦ ਥਾਣਾ ਮੁੱਖੀ ਗੁਰਮੀਤ ਸਿੰਘ ਸਮੇਤ 3 ਮੁਲਾਜ਼ਮਾਂ ਖਿਲਾਫ ਲੜਕੀ ਨਾਲ ਤਸ਼ੱਸ਼ਦ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਬਾਰੇ ਜਦੋਂ ਕਿਸਾਨ ਜੱਥੇਬੰਦੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪਹਿਲਾਂ ਲੜਕੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਅਤੇ ਬਾਅਦ ਵਿੱਚ ਧਰਨਾ ਲਗਾ ਕੇ ਪੁਲਸ ਮੁਲਾਜਮਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਦਿੱਤਾ ਗਿਆ। ਹਾਲਾਂਕਿ ਲੜਕੀ ਦੇ ਸਮਰਥਨ ਵਿੱਚ ਕਈ ਜੱਥੇਬੰਦੀਆਂ ਵੱਲੋਂ ਵੀ ਆਪਣਾ ਸਮਰਥਨ ਦਿੱਤਾ ਗਿਆ। ਕਿਸਾਨਾਂ ਦੋ ਰੋਹ ਨੂੰ ਦੇਖਦੇ ਹੋਏ ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਇਨ੍ਹਾਂ ਮੁਲਾਜਮਾਂ ਨੂੰ ਸਸਪੈਂਡ ਕੀਤਾ ਗਿਆ। ਹਾਲਾਂਕਿ ਕਿਸਾਨ ਜਥੇਬੰਦੀਆ ਵੱਲੋਂ ਸਸਪੈਂਡ ਦੀ ਬਜਾਏ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਫਿਰ ਐਸ.ਐਸ.ਪੀ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਸਮਾਂ ਮੰਗਿਆ ਗਿਆ ਸੀ। ਜਿਨ੍ਹਾਂ ਦੇ ਭਰੋਸੇ ਤੋਂ ਬਾਅਦ ਧਰਨਾ ਨੂੰ ਸਮਾਪਤ ਕਰ ਦਿੱਤਾ ਗਿਆ ਅਤੇ ਚੇਤਾਵਨੀ ਦਿੱਤੀ ਗਈ ਕਿ ਜਦਕਿ ਇੰਨ੍ਹਾਂ ਮੁਲਾਜਮਾਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।
ਕਿਸਾਨਾਂ ਦੇ ਰੋਹ ਅੱਗੇ ਝੁਕਦੇ ਹੋਏ ਪੁਲਸ ਪ੍ਰਸ਼ਾਸਨ ਵੱਲੋਂ ਏ.ਐਸ.ਆਈ ਮੰਗਲ ਸਿੰਘ ਅਤੇ ਅਸ਼ਵਨੀ ਕੁਮਾਰ ਖਿਲਾਫ ਧਾਰਾ 330, 348 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


