ਪਰਵਿੰਦਰ ਸਿੰਘ ਝੋਟਾ ਦੀ ਮਾਤਾ ਨੂੰ ਆਸ਼ੀਰਵਾਦ ਦੇਣ ਪੁੱਜੇ ਮੈਂਬਰ ਪਾਰਲੀਮੈਂਟ ਸਿਰਮਨਜੀਤ ਸਿੰਘ ਮਾਨ
ਮਾਨਸਾ ਦਾ ਇਹ ਅੰਦੋਲਨ ਮਾਨ ਸਰਕਾਰ ਖ਼ਿਲਾਫ਼ ਇਕ ਵੱਡਾ ਸਿਆਸੀ ਮੁੱਦਾ ਬਣਨ ਲੱਗਾ
ਮਾਨਸਾ, ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਲਈ ਇਥੇ ਲੱਗਿਆ ਪੱਕਾ ਮੋਰਚਾ ਅੱਜ ਦੂਸਰੇ ਦਿਨ ਐਤਵਾਰ ਹੋਣ ਦੇ ਬਾਵਜੂਦ ਵੀ ਭਰਪੂਰ ਹਾਜ਼ਰੀ ਨਾਲ ਜਾਰੀ ਰਿਹਾ। ਜਾਪਦਾ ਹੈ ਕਿ ਹੁਣ ਇਹ ਮੋਰਚਾ ਇਕ ਸਥਾਨਕ ਮਾਮਲਾ ਨਾ ਰਹਿ ਕੇ ਮਾਨ ਸਰਕਾਰ ਖ਼ਿਲਾਫ਼ ਸੂਬਾ ਪੱਧਰ ਦਾ ਇਕ ਵੱਡਾ ਸਿਆਸੀ ਮੁੱਦਾ਼ ਬਣਦਾ ਜਾ ਰਿਹਾ ਹੈ, ਕਿਉਂਕਿ ਸੀਪੀਆਈ (ਐਮ ਐਲ) ਲਿਬਰੇਸ਼ਨ ਤੋਂ ਬਾਦ ਹੁਣ ਇਕ ਇਕ ਕਰਕੇ ਹੋਰ ਸਿਆਸੀ ਪਾਰਟੀਆਂ ਵੀ ਇਸ ਮੋਰਚੇ ਦੇ ਸਮਰਥਨ ਲਈ ਸਾਹਮਣੇ ਆ ਰਹੀਆਂ ਹਨ। ਜਿਥੇ ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਇਸ ਬਾਰੇ ਇਕ ਤਿੱਖਾ ਟਵੀਟ ਕਰਕੇ ਮਾਨ ਸਰਕਾਰ ਨੂੰ ਘੇਰਿਆ ਹੈ, ਉਥੇ ਅਕਾਲੀ ਦਲ (ਮਾਨ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਧਰਨੇ ਵਿਚ ਪਹੁੰਚ ਕੇ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕੀਤਾ।

ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਅੱਜ ਧਰਨੇ ਨੂੰ ਐਂਟੀ ਡਰੱਗ ਟਾਸਕ ਫੋਰਸ ਮਾਨਸਾ ਵੱਲੋਂ ਸੁਰਿੰਦਰ ਮਾਨਸਾ, ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸੀਪੀਐਮ ਦੇ ਜਿਲਾ ਸਕੱਤਰ ਘਣੀਸ਼ਾਮ ਨਿੱਕੂ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਦੇ ਸੁਖਜੀਤ ਰਾਮਾਨੰਦੀ, ਇਨਕਲਾਬੀ ਨੌਜਵਾਨ ਸਭਾ ਦੇ ਬਿੰਦਰ ਅਲਖ, ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਗੁਰਸੇਵਕ ਮਾਨ, ਮਾਨ ਬਠਿੰਡੇ ਵਾਲਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਦਾ ਕਹਿਣਾ ਸੀ ਕਿ ਨਸ਼ੇ ਨੂੰ ਖਤਮ ਕਰਨ ਦੇ ਨਾਮ ‘ਤੇ ਸੂਬੇ ਵਿਚ ਅਗੜ ਪਿੱਛੜ ਤਿੰਨ ਪਾਰਟੀਆਂ ਦੀਆਂ ਸਰਕਾਰਾਂ ਬਣ ਚੁੱਕੀਆਂ ਹਨ, ਪਰ ਪੁਲਸ ਪ੍ਰਸ਼ਾਸਨ ਅਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਤੇ ਮਿਲੀਭੁਗਤ ਨਾਲ ਨਸ਼ਾ ਹਰ ਗਲੀ, ਮੁਹੱਲੇ, ਪਿੰਡ ਅਤੇ ਸ਼ਹਿਰ ਵਿੱਚ ਖੁੱਲੇ ਆਮ ਵਿਕ ਰਿਹਾ ਹੈ। ਨਿੱਤ ਦਿਨ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।ਮਾਨਸਾ ਦੇ ਐਸਐਸਪੀ ਨੇ ਨਸ਼ਾ ਤਸਕਰਾਂ ਅਤੇ ਝੋਟੇ ਖ਼ਿਲਾਫ਼ 307 ਦਾ ਝੂਠਾ ਪਰਚਾ ਦਰਜ ਕਰਨ ਵਾਲੇ ਦੋਸ਼ੀ ਡੀਐੱਸਪੀ ਅਤੇ ਏਐੱਸਆਈ ਉੱਪਰ ਕਾਰਵਾਈ ਕਰਨ ਲਈ ਇੱਕ ਮਹੀਨੇ ਦਾ ਸਮਾਂ ਮੰਗ ਕੇ ਲਿਆ ਸੀ, ਪਰ ਅਜਿਹਾ ਕਰਨ ਦੀ ਬਜਾਏ ਉਨਾਂ ਨੇ ਉਲਟਾ ਸਮਗਲਰਾਂ ਦਾ ਪੱਖ ਲੈਦਿਆਂ ਕੱਲ ਪਰਵਿੰਦਰ ਸਿੰਘ ਝੋਟੇ ਨੂੰ ਗ੍ਰਿਫਤਾਰ ਕਰਵਾ ਕੇ ਜੇਲ ਭੇਜ ਦਿੱਤਾ। ਜਿਸ ਕਰਕੇ ਐਸਐਸਪੀ ਦੇ ਨਾਲ ਨਾਲ, ਮਾਨ ਸਰਕਾਰ ਖਿਲਾਫ ਲੋਕਾਂ ਦੇ ਮਨਾਂ ਵਿੱਚ ਭਾਰੀ ਗੁੱਸਾ ਹੈ। ਸਾਡੀ ਮੰਗ ਹੈ ਕਿ ਝੋਟੇ ਉੱਪਰ ਦੁਬਾਰਾ ਇਕ ਹੋਰ ਝੂਠਾ ਪਰਚਾ ਦਰਜ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਤੁਰੰਤ ਕੇਸ ਦਰਜ ਕੀਤਾ ਜਾਵੇ, ਨਸ਼ਾ ਤਸਕਰੀ ਨੂੰ ਨਕੇਲ ਪਾਈ ਜਾਵੇ ਅਤੇ ਪਰਵਿੰਦਰ ਸਿੰਘ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਅਤੇ ਸਰਕਾਰ ਦੀ ਧੱਕੇਸ਼ਾਹੀ ਖਿਲਾਫ 21 ਜੁਲਾਈ ਨੂੰ ਜ਼ਿਲਾ ਸੈਕਟਰੀਏਟ ਮਾਨਸਾ ਵਿੱਖੇ ਹੋਣ ਵਾਲੀ ਰੈਲੀ ਵਿਚ ਹੁੰਮ ਹੁੰਮਾ ਕੇ ਸ਼ਾਮਲ ਹੋਣ।
ਧਰਨੇ ਨੂੰ ਐਂਟੀ ਡਰੱਗ ਟਾਸਕ ਫੋਰਸ ਵੱਲੋਂ ਕੁਲਵਿੰਦਰ ਸਿੰਘ ਮਾਨਸਾ, ਸੁੱਖੀ ਮਾਨਸਾ, ਹਰਜਿੰਦਰ ਮਾਨਸ਼ਾਹੀਆ, ਅਮਨਦੀਪ ਸਿੰਘ ਮਾਨਸਾ, ਐਡਵੋਕੇਟ ਲਖਨਪਾਲ , ਜੱਸੀ ਮਾਨਸਾ, ਮਨਿੰਦਰ ਸਿੰਘ, ਪ੍ਰਦੀਪ ਖਾਲਸਾ ਅਤੇ ਅਮਨ ਪਟਵਾਰੀ ਨੇਂ ਵੀ ਸੰਬੋਧਨ ਕੀਤਾ।


