ਚੰਡੀਗੜ੍ਹ ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ )ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਕ)ਭਾਰਤ ਵਿੱਚ ਸ਼ਾਮਿਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ,ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਪ੍ਧਾਨ ਗੁਰਿੰਦਰ ਸਿੰਘ ਭੰਗੂ,ਲੋਕ ਭਲਾਈ ਵੈਲਫੇਅਰ ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਸਿਰਸਾ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ, ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਪੰਜਾਬ ਕਿਸਾਨ ਮਜਦੂਰ ਯੂਨੀਅਨ ਪ੍ਰਧਾਨ ਸੁਖਜੀਤ ਸਿੰਘ ਹਰਦੋਝੰਡੇ,ਦਸੂਹਾ ਗੰਨਾ ਸੰਘਰਸ਼ ਕਮੇਟੀ ਪ੍ਰਧਾਨ ਸੁਖਪਾਲ ਸਿੰਘ ਡੱਫਰ,ਪੱਗੜੀ ਸੰਭਾਲ ਲਹਿਰ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ,ਦੋਆਬਾ ਵੈਲਫੇਅਰ ਸੰਘਰਸ਼ ਕਮੇਟੀ ਪ੍ਰਧਾਨ ਹਰਸ਼ਲਿਦਰ ਸਿੰਘ ਕਿਸ਼ਨਗੜ੍ਹ,ਬੀ.ਕੇ.ਯੂ ਆਜ਼ਾਦ ਪ੍ਰਧਾਨ ਅਮਰਜੀਤ ਸਿੰਘ ਰੱੜਾ,ਬਾਰਡਰ ਕਿਸਾਨ ਸੰਘਰਸ਼ ਯੂਨੀਅਨ ਪ੍ਰਧਾਨ ਰਘਬੀਰ ਸਿੰਘ ਭੰਗਾਲਾ,ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ,ਪ੍ਰਧਾਨ ਰਜਿੰਦਰ ਸਿੰਘ ਬੈਨੀਪਾਲ,ਕਿਸਾਨ ਯੂਥ ਵਿੰਗ ਪੰਜਾਬ,ਪ੍ਰਧਾਨ ਸਮਸ਼ੇਰ ਸਿੰਘ ਸ਼ੇਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੜ੍ਹ ਆਉਣ ਨਾਲ ਲੋਕਾਂ ਦੀ ਜਾਨ ਮਾਲ ਦੇ ਹੋਏ ਨੁਕਸਾਂਨ ਲਈ ਸਿਰਫ ਕੁਦਰਤੀ ਕਰੋਪੀ ਦਾ ਹੀ ਦੋਸ਼ ਨਹੀਂ, ਸਗੋਂ ਪੰਜਾਬ ਵਿੱਚ ਵੱਡੀ ਪੱਧਰ ਤੇ ਹੋਏ ਜਾਨੀ ਮਾਲੀ ਨੁਕਸਾਨ ਲਈ ਮੁੱਖ ਜਿੰਮੇਵਾਰ ਮੌਜੂਦਾ ਪੰਜਾਬ ਸਰਕਾਰ,ਕੇਂਦਰ ਸਰਕਾਰ ਸਮੇਤ ਵੱਖ ਵੱਖ ਸਮੇਂ ਪੰਜਾਬ ਉੱਤੇ ਰਾਜ ਕਰਨ ਵਾਲੀਆਂ ਸਿਆਸੀ ਧਿਰਾਂ ਅਤੇ ਅਫ਼ਸਰਸ਼ਾਹੀ ਹੈ।ਜਿਹਨਾਂ ਨੇ ਹੜ੍ਹਾਂ ਨੂੰ ਰੋਕਣ ਲਈ ਕਦੀ ਵੀ ਅਗਾਉ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਅਤੇ ਨਾ ਹੀ ਡੈਮਾਂ ਵਿਚੋਂ ਗਾਰ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਡੈਮਾਂ ਦੀ ਪਾਣੀ ਸਟੋਰ ਕਰਨ ਦੀ ਸਮਰਥਾ ਘਟ ਗਈ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਅਤੇ ਉੱਚੀਆਂ ਕਰਕੇ ਬਣਾਈਆਂ ਜਾ ਰਹੀਆ ਸੜਕਾਂ ਦੇ ਹੇਠੋਂ ਸਹੀ ਨਿਕਾਸੀ ਦਾ ਨਾਂ ਹੋਣਾਂ ਵੀ ਇਸ ਆਫ਼ਤ ਦੇ ਵਧੇਰੇ ਪ੍ਰਕੋਪ ਦਾ ਕਾਰਨ ਬਣਿਆ।
ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਵਿਕਸਤ ਮੁਲਕਾਂ ਨੇ ਸਮੁੰਦਰਾਂ ਨੂੰ ਆਪਣੇ ਕੰਟਰੋਲ ਵਿਚ ਕੀਤਾ ਹੋਇਆ ਹੈ। ਪਰ ਇੱਥੇ ਦੁੱਖ ਦੀ ਗੱਲ ਹੈ ਕਿ ਸੂਬੇ ਦੇ ਲੋਕਾਂ ਨੂੰ ਪਾਣੀ ਨਾਲ ਹੋਣ ਵਾਲੀ ਤਬਾਹੀ ਤੋਂ ਬਚਾਉਣ ਲਈ ਸਾਡੀਆਂ ਸਰਕਾਰਾਂ ਕੋਲੋ 75 ਸਾਲਾਂ ਵਿਚ ਦਰਿਆਵਾਂ ਦੇ ਬਨ ਮਜ਼ਬੂਤ ਨਹੀਂ ਹੋਏ।ਲੋਕਾਂ ਦੀ ਤਬਾਹੀ ਦੇ ਇਹ ਮੰਜਰ ਕੇਂਦਰ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੀ ਦੇਣ ਹਨ ਤੇ ਹੁਣ ਇਹ ਸਾਰੀਆਂ ਸਿਆਸੀ ਧਿਰਾਂ ਮਗਰਮੱਛ ਦੇ ਹੰਝੂ ਵਹਾਉਂਦੇ ਹੋਏ ਵੋਟਾਂ ਖਾਤਿਰ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦੇ ਡਰਾਮੇ ਸ਼ੁਰੂ ਕਰਨਗੀਆਂ।
ਭੋਜਰਾਜ ਨੇ ਅੱਗੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿਸਾਨ ਆਪਸ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਅਤੇ ਦੁਬਾਰਾ ਫਸਲ ਦੀ ਬਿਜਾਈ,ਪਸ਼ੂਆਂ ਦੇ ਚਾਰੇ ਸਮੇਤ ਮਨੁੱਖਾਂ ਨੂੰ ਹਰ ਲੋੜੀਂਦੀ ਵਸਤੂ ਪਹੁੰਚਾਈ ਜਾਵੇ।
ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਫਾਜ਼ਿਲਕਾ ਅਬੋਹਰ ਜਿਥੇ ਕਿਨੂੰ ਅਤੇ ਨਰਮੇਂ ਦੀ ਫ਼ਸਲ ਨੂੰ 85 ਫੀਸਦੀ ਸਿੰਚਾਈ ਨਹਿਰੀ ਪਾਣੀ ਨਾਲ ਹੁੰਦੀ ਹੈ।ਸਰਕਾਰ ਦੀ ਨਾਲਾਇਕੀ ਕਰਨ ਨਹਿਰਾਂ ਟੁੱਟੀਆਂ ਹੋਈਆਂ ਹਨ ਜਿਸ ਕਰਨ ਫਸਲਾਂ ਸੁਕ ਰਹੀਆਂ ਹਨ ਅਤੇ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਬਾਲਕੇ ਫ਼ਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।


