ਮਾਨ ਅਕਸਰ ਆਪਣੇ ਆਪ ਨੂੰ ਇੱਕ ਅਧਿਆਪਕ ਦਾ ਪੁੱਤਰ ਕਹਾਉਣ ‘ਤੇ ਮਾਣ ਮਹਿਸੂਸ ਕਰਦਾ ਹੈ, ਅਤੇ ਫਿਰ ਵੀ ਉਸ ਨੂੰ ਆਪਣੇ ਪਿਤਾ ਦੇ ਪੇਸ਼ੇ ਲਈ ਕੋਈ ਸਤਿਕਾਰ ਨਹੀਂ ਹੈ: ਵਿਰੋਧੀ ਧਿਰ ਦੇ ਆਗੂ
ਚੰਡੀਗੜ੍ਹ, ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਸੋਸ਼ਲ ਮੀਡੀਆ ‘ਤੇ ਵਿਰੋਧ ਦਰਜ ਕਰਵਾਉਣ ਲਈ ਦੋ ਅਧਿਆਪਕਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸਾਂ ਨੂੰ ਕਠੋਰ ਅਤੇ ਗੈਰ-ਜਮਹੂਰੀ ਕਰਾਰ ਦਿੰਦਿਆਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਝੂਠ ਅਤੇ ਅਸਫਲਤਾਵਾਂ ਨੂੰ ਦਬਾਉਣ ਲਈ ਅਸਹਿਮਤੀ ਦੀਆਂ ਆਵਾਜ਼ਾਂ ਦਾ ਹਮਲਾਵਰ ਢੰਗ ਨਾਲ ਗਲ਼ਾ ਘੁੱਟ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕਰਦਿਆਂ ਬਾਜਵਾ ਨੇ ਕਿਹਾ ਕਿ ਉਹ (ਮਾਨ) ਅਕਸਰ ਆਪਣੇ ਆਪ ਨੂੰ ਇੱਕ ਅਧਿਆਪਕ ਦਾ ਪੁੱਤਰ ਕਹਾਉਣ ‘ਤੇ ਮਾਣ ਮਹਿਸੂਸ ਕਰਦਾ ਹੈ, ਅਤੇ ਫਿਰ ਵੀ ਉਨ੍ਹਾਂ ਨੂੰ ਆਪਣੇ ਪਿਤਾ ਦੇ ਪੇਸ਼ੇ (ਅਧਿਆਪਨ) ਦਾ ਕੋਈ ਸਤਿਕਾਰ ਨਹੀਂ ਹੈ।
“ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਦਿਖਾਈ, ਜੋ ਦੇਸ਼ ਅਤੇ ਖ਼ਾਸ ਕਰ ਕੇ ਪੰਜਾਬ ਦੇ ਭਵਿੱਖ ਦੇ ਨਿਰਮਾਣ ਲਈ ਜ਼ਿੰਮੇਵਾਰ ਹਨ। ਉਸ ਦੇ ਅਧੀਨ ਪੁਲਿਸ ਨੇ ਉਸ ਦੇ ਪਿਤਾ ਦੇ ਪੇਸ਼ੇ ਦੇ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਸੀ। ਇਹ ਕਿੰਨਾ ਘਿਣਾਉਣਾ ਹੈ ਕਿ ਸਰਕਾਰ ਦੇ ਜ਼ੁਲਮ ਤੋਂ ਪੀੜਤਾਂ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ‘ਤੇ ਆਪਣੇ ਦੁੱਖਾਂ ਦਾ ਪ੍ਰਗਟਾਵਾ ਨਾ ਕਰਨ ਦਿੱਤਾ ਜਾਵੇ”, ਵਿਰੋਧੀ ਧਿਰ ਦੇ ਆਗੂ ਨੇ ਕਿਹਾ।
ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਮਨਪ੍ਰੀਤ ਕੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿਚ ਉਹ ਆਪਣੇ ਵਿਦਿਆਰਥੀਆਂ ਨੂੰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਉਸ ਵਰਗੇ ਅਸਥਾਈ ਅਧਿਆਪਕਾਂ ਨੂੰ ਰੈਗੂਲਰ ਨਹੀਂ ਕਰ ਰਹੀ। ਉਸ ਨੂੰ ਵਿਦਿਆਰਥੀਆਂ ਨੂੰ ਆਪਣਾ ਜ਼ਖਮੀ ਪੈਰ ਦਿਖਾਉਂਦੇ ਹੋਏ ਇਹ ਕਹਿੰਦੇ ਹੋਏ ਵੀ ਦੇਖਿਆ ਗਿਆ ਸੀ ਕਿ ਹਾਲ ਹੀ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਉਸ ਨੂੰ ਸੱਟਾਂ ਲੱਗੀਆਂ ਸਨ ਜਦੋਂ ਅਧਿਆਪਕਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਵਿਰੋਧ ਕਰਨਾ ਅਤੇ ਅਸਹਿਮਤੀ ਜ਼ਾਹਿਰ ਕਰਨਾ ਜਮਹੂਰੀ ਅਧਿਕਾਰ ਹਨ ਅਤੇ ‘ਆਪ’ ਸਰਕਾਰ ਅਜਿਹੇ ਜ਼ਾਲਮ ਤਰੀਕਿਆਂ ਨਾਲ ਇਨ੍ਹਾਂ ਅਧਿਕਾਰਾਂ ਨੂੰ ਖੋਹ ਨਹੀਂ ਸਕਦੀ। ਪੰਜਾਬ ਦੇ ਮੁੱਖ ਮੰਤਰੀ ਨੇ ਸਤੰਬਰ 2022 ਵਿੱਚ 8736 ਅਧਿਆਪਕਾਂ ਦੀਆਂ ਨੌਕਰੀਆਂ ਨੂੰ ਰੈਗੂਲਰ ਕਰਨ ਕਰਨ ਦਾ ਐਲਾਨ ਕੀਤਾ। ਉਸ ਨੇ ਉਨ੍ਹਾਂ ਦੀ ਮਾਸਿਕ ਤਨਖ਼ਾਹ ਵਧਾ ਕੇ 15,000 ਰੁਪਏ ਕਰਨ ਦੀ ਵਚਨਬੱਧਤਾ ਵੀ ਜਤਾਈ ਸੀ। ਕਥਿਤ ਤੌਰ ‘ਤੇ ਨਾ ਤਾਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਵਧੀਆਂ ਤਨਖ਼ਾਹਾਂ ਮਿਲੀਆਂ ਹਨ।
“ਇਹ ਸਰਕਾਰ ਇਸ਼ਤਿਹਾਰਾਂ ਵਿੱਚ ਜੋ ਵੀ ਦਾਅਵਾ ਕਰਦੀ ਹੈ, ਉਹ ਜਾਅਲੀ ਜਾਣਕਾਰੀ ‘ਤੇ ਆਧਾਰਿਤ ਹੈ। ਅਸਲ ਵਿੱਚ, ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ”, ਬਾਜਵਾ ਨੇ ਅੱਗੇ ਕਿਹਾ।


