ਗੁਰਦਾਸਪੁਰ, 2 ਜੁਲਾਈ (ਸਰਬਜੀਤ ਸਿੰਘ)–ਅੱਜ ਇੱਥੇ ਐਸ ਐਸ ਪੀ ਦਫਤਰ ਬਟਾਲਾ ਵਿਖੇ ਖ਼ਬੀਆਂ ਧਿਰਾਂ ਸੀ ਪੀ ਆਈ, ਸੀ ਪੀ ਆਈ ਐਮ,ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਆਰ ਐਮ ਪੀ ਆਈ ਦੇ ਵਰਕਰਾਂ ਨੇ ਇਕੱਠੇ ਹੋ ਕਿ ਨਾਅਰੇਬਾਜ਼ੀ ਕੀਤੀ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ, ਰਣਬੀਰ ਸਿੰਘ ਵਿਰਕ, ਸ਼ਮਸ਼ੇਰ ਸਿੰਘ ਨਵਾਂ ਪਿੰਡ ਅਤੇ ਜਰਨੈਲ ਸਿੰਘ ਦੀ ਅਗਵਾਈ ਵਿੱਚ ਐਸ ਐਸ ਪੀ ਨੂੰ ਮੰਗ ਪੱਤਰ ਦਿੱਤਾ ਕਿ ਬਟਾਲੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਸਖ਼ਤੀ ਨਾਲ ਕੰਟਰੌਲ ਕੀਤਾ ਜਾਵੇ।
ਯਾਦ ਰਹੇ ਕਰੀਬ ਇਕ ਹਫ਼ਤਾ ਪਹਿਲਾਂ ਦਿਨ ਦਿਹਾੜੇ ਬਟਾਲੇ ਦੇ ਨੀਲਮ ਟੀ ਵੀ ਸੈਂਟਰ ਵਿਚ ਘੁਸ ਕੇ ਦੋ ਅਣਪਛਾਤੇ ਵਿਅਕਤੀਆਂ ਨੇ ਦੁਕਾਨ ਦਾਰ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ ਜੋ ਅਜੇ ਵੀ ਜੇਰੇ ਇਲਾਜ ਹਨ, ਪੁਲਿਸ ਅਜੇ ਤੱਕ ਵੀ ਦੋਸ਼ੀਆਂ ਤਕ ਨਹੀਂ ਪਹੁੰਚ ਸਕੀ ਜਿਸ ਕਾਰਨ ਬਟਾਲਾ ਸ਼ਹਿਰ ਵਿਚ ਬੇਹੱਦ ਡਰ ਅਤੇ ਭੈ ਪਾਇਆ ਜਾ ਰਿਹਾ ਹੈ। ਖੱਬੇ ਪੱਖੀ ਆਗੂਆਂ ਐਸ ਐਸ ਪੀ ਦੇ ਧਿਆਨ ਵਿੱਚ ਲਿਆਂਦਾ ਕਿ ਬਟਾਲੇ ਵਿਚ ਗੋਲੀ ਚਲਾਉਣ ਦੀ ਘਟਨਾ ਤੋਂ ਕੁਝ ਦਿਨ ਪਹਿਲਾਂ ਸ਼ਿਵ ਸੈਨਾ ਬਾਲ ਠਾਕਰੇ ਦੇ ਇਕ ਆਗੂ ਨੇ ਮੁਸਲਮਾਨ ਵਰਗ ਦੇ ਵਿਰੁੱਧ ਇਕ ਫਿਰਕੂ ਅੱਗ ਉਗਲਦੀ ਇਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿਰੁੱਧ ਪੁਲੀਸ ਤੋਂ ਕਾਰਵਾਈ ਦੀ ਮੰਗ ਕੀਤੀ ਗਈ। ਆਗੂਆਂ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਭਾਰਤ ਦੀ ਪੁਲਿਸ ਨੂੰ ਹਦਾਇਤ ਕੀਤੀ ਹੋਈ ਹੈ ਕਿ ਕੋਈ ਵੀ ਨਫਤਰੀ ਭਾਸ਼ਨ ਕਰੇ ਉਸ ਵਿਰੁੱਧ ਫੌਰੀ ਕਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਰ ਹੈਰਾਨੀ ਹੈ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਦੀ ਵਾਇਰਲ ਹੋਈ ਵੀਡੀਓ ਪੁਲਿਸ ਦੀ ਜਾਣਕਾਰੀ ਵਿੱਚ ਹੀ ਨਹੀਂ ਹੈ। ਆਗੂਆਂ ਕਿਹਾ ਕਿ ਮਾਨ ਸਰਕਾਰ ਦੇ ਰਾਜ ਵਿੱਚ ਅਮਨ ਕਾਨੂੰਨ ਦੀਆਂ ਧਜੀਆ ਸਾਰੇ ਪੰਜਾਬ ਵਿੱਚ ਹੀ ਉਡ ਰਹੀਆਂ ਹਨ ਜਿਸ ਕਾਰਨ ਸਾਰੇ ਪੰਜਾਬ ਦੀ ਜਨਤਾ ਡਰ ਅਤੇ ਭੈ ਵਿਚ ਰਹਿ ਰਹੀ ਹੈ।ਮਾਨ ਸਰਕਾਰ ਨੂੰ ਵਿਰੋਧੀ ਧਿਰਾਂ ਵਿਰੁੱਧ ਨਿਜੀ ਚਿੱਕੜ ਉਛਾਲੀ ਕਰਨ ਦੀ ਬਜਾਏ ਪੰਜਾਬ ਦੇ ਅਮਨ ਕਾਨੂੰਨ ਦੀ ਹਾਲਤ ਨੂੰ ਸੁਧਾਰਨ ਲਈ ਸੋਚਣਾ ਚਾਹੀਦਾ ਹੈ। ਇਸ ਸਮੇਂ ਗੁਲਜ਼ਾਰ ਸਿੰਘ ਭੁੰਬਲੀ, ਮਾਸਟਰ ਰਘਬੀਰ ਸਿੰਘ ਪਕੀਵਾਂ,ਜਨਕ ਰਾਜ,ਛਿਦਾ ਛਿਥ, ਸੁਰਜੀਤ ਘੁਮਾਣ, ਅਮਰਜੀਤ ਰਿਖੀਆਂ, ਦਲਬੀਰ ਭੋਲਾ, ਪਿੰਟਾ ਤਲਵੰਡੀ ਭਰਥ ਅਤੇ ਰਮਨਪ੍ਰੀਤ ਪਿੰਡੀ ਹਾਜ਼ਰ ਸਨ