ਗੁਰਦਾਸਪੁਰ, 2 ਜੁਲਾਈ (ਸਰਬਜੀਤ ਸਿੰਘ)—ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਲੋਕ ਸਭਾ ਦੇ ਸਰਦ ਰੁੱਤ ਇਜਲਾਸ ਵਿੱਚ ਮੋਦੀ ਸਰਕਾਰ ਦੁਆਰਾ ਲਿਆਂਦੇ ਜਾ ਰਹੇ ਇਕਸਾਰ ਨਾਗਰਿਕ ਜਾਬਤਾ ਕਾਨੂੰਨ ਨੂੰ ਦੇਸ਼ ਦੀਆਂ ਘੱਟ ਗਿਣਤੀਆਂ ਵਿਰੋਧੀ ਸਾਜਿਸ਼ ਦੱਸਿਆ ਹੈ।
ਇਸ ਬਾਬਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਜੰਮੂ ਕਸ਼ਮੀਰ ਦੀ 370 ਤੋੜਨ ਅਤੇ ਅਯੁਧਿਆ ਵਿਚ ਰਾਮ ਮੰਦਰ ਬਨਾਉਣ ਤੋਂ ਬਾਅਦ ਇਕਸਾਰ ਨਾਗਰਿਕ ਜਾਬਤਾ ਕਨੂੰਨ ਪਾਸ ਕਰਕੇ ਆਪਣਾ ਵਾਅਦਾ ਪੂਰਾ ਕਰੇਗੀ ਜਦੋਂ ਕਿ ਮੋਦੀ ਸਰਕਾਰ ਦੇ ਤਿੰਨੇ ਹੀ ਵਾਇਦੇ ਮੁਸਲਮਾਨ ਵਰਗ ਨੂੰ ਨਿਸ਼ਾਨੇ ਉਪਰ ਲੈਣ ਵਾਲੇ ਹਨ। ਬੱਖਤਪੁਰਾ ਨੇ ਕਿਹਾ ਕਿ ਭਾਰਤ ਵੱਖ ਵੱਖ ਧਰਮਾਂ, ਅਕੀਦਿਆਂ ਅਤੇ ਵੱਖ ਵੱਖ ਢੰਗਾਂ ਨਾਲ ਜ਼ਿੰਦਗੀ ਜਿਊਣ ਵਾਲਿਆਂ ਦਾ ਦੇਸ ਹੈ। ਮੋਦੀ ਸਰਕਾਰ ਇਹ ਬਿਲ ਪਾਸ ਕਰਕੇ ਮੁਸਲਮਾਨ, ਬੋਧੀਆਂ, ਸਿਖਾਂ ਅਤੇ ਕਬਾਇਲੀਆਂ ਉਪਰ ਹਿੰਦੂ ਧਰਮ ਦੇ ਰੀਤੀ ਰਿਵਾਜ ਠੋਸਣ ਦੀ ਸਾਜ਼ਿਸ਼ ਘੜੀ ਬੈਠੀ ਹੈ, ਸਰਕਾਰ ਦਾ ਇਹ ਕਦਮ ਦੇਸ਼ ਵਿਚ ਹਿੰਦੂਤਵਵਾਦੀ ਸਤਾ ਸਥਾਪਤੀ ਵੱਲ ਨੂੰ ਜਾਂਦਾ ਹੈ, ਸਰਕਾਰ ਬਾਹਰਮੁਖੀ ਹਕੀਕਤਾਂ ਨੂੰ ਜਾਣ ਚੁੱਕੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਤਾ ਉਸ ਦੇ ਹਥੋਂ ਨਿਕਲ ਰਹੀ ਹੈ ਜਿਸ ਸਤਾ ਦੀ ਪ੍ਰਾਪਤੀ ਲਈ ਵੋਟਾਂ ਦਾ ਧਰੁਵੀਕਰਨ ਕਰਨ ਖਾਤਰ ਦੇਸ਼ ਦੀਆਂ ਘੱਟ ਗਿਣਤੀਆਂ ਅਤੇ ਕਬਾਇਲੀਆਂ ਦੇ ਧਰਮ ਅਤੇ ਰੀਤੀ ਰਿਵਾਜਾਂ ਨੂੰ ਛਿੱਕੇ ਟੰਗਣ ਦਾ ਹੱਲਾ ਬੋਲਿਆ ਜਾ ਰਿਹਾ ਹੈ। ਬੱਖਤਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਮੋਦੀ ਸਰਕਾਰ ਦੀ ਇਕਸਾਰ ਨਾਗਰਿਕ ਜਾਬਤਾ ਕਨੂੰਨ ਦੀ ਸਿਧਾਂਤਕ ਹਮਾਇਤ ਦੇ ਲਏ ਗਏ ਪੈਂਤੜੇ ਨੇ ਸਾਫ਼ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੇਸ਼ ਵਿਚ ਆਰ ਐਸ ਐਸ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਧਾਰੀ ਚੁਪੀ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵਲੋਂ ਖੁਲੇਆਮ ਮੋਦੀ ਸਰਕਾਰ ਦੀ ਹਮਾਇਤ ਵਿੱਚ ਕੀਤੇ ਐਲਾਨ ਮੁਤਾਬਕ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਿਬਰੇਸ਼ਨ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਕੋਈ ਵੀ ਸਾਜ਼ਿਸ਼ ਰੱਚ ਲਵੇ ,2024 ਵਿੱਚ ਮੋਦੀ ਸਰਕਾਰ ਨੂੰ ਭਾਰਤ ਦੀ ਜਨਤਾ ਅਵੱਸ ਚਲਦਾ ਕਰ ਦੇਵੇਗੀ।


