ਹੁਣ ਪੰਜਾਬ ਦੇ ਮੁੱਖ ਮੰਤਰੀ ਮੱਧ ਪ੍ਰਦੇਸ਼ ਵਿੱਚ ਪਾਰਟੀ ਦੇ ਵਿਸਥਾਰ ‘ਤੇ ਸੂਬੇ ਦੇ ਸਰੋਤਾਂ ਦੀ ਦੁਰਵਰਤੋਂ ਕਰਨ ਲਈ ਤਿਆਰ ਹਨ: ਬਾਜਵਾ

ਪੰਜਾਬ

ਲੱਗਦਾ ਹੈ ਕਿ ਪੰਜਾਬ ‘ਆਪ’ ਦਾ ਏਟੀਐਮ ਬਣ ਗਿਆ ਹੈ, ਉਹ ਜਿੱਥੇ ਵੀ ਚਾਹੁੰਦੇ ਹਨ, ਇਸ ਦੀ ਵਰਤੋਂ ਕਰਦੇ ਹਨ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਦਾਸਪੁਰ, 2 ਜੁਲਾਈ (ਸਰਬਜੀਤ ਸਿੰਘ)– ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਦੂਜੇ ਸੂਬਿਆਂ ਵਿੱਚ ਪਾਰਟੀ ਦੇ ਵਿਸਥਾਰ ਲਈ ਪੰਜਾਬ ਵਿੱਚ ਟੈਕਸ ਭਰਨ ਵਾਲੇ ਲੋਕਾਂ ਦਾ ਪੈਸਾ ਬਰਬਾਦ ਕਰ ਰਹੀ ਹੈ।

ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਕਿਹਾ, “ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦੂਜੇ ਸੂਬਿਆਂ ਵਿੱਚ ਪਾਰਟੀ ਦੀਆਂ ਰੈਲੀਆਂ ਅਤੇ ਮੀਟਿੰਗਾਂ ਦੇ ਉਦੇਸ਼ਾਂ ਲਈ ਬਾਹਰ ਜਾਂਦੇ ਹਨ, ਤਾਂ ਉਹ ਹੈਲੀਕਾਪਟਰ ਦੇ ਖ਼ਰਚੇ ਸਮੇਤ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰਦੇ ਹਨ। ਪੰਜਾਬ ‘ਆਪ’ ਦਾ ਏਟੀਐਮ ਬਣ ਗਿਆ ਜਾਪਦਾ ਹੈ। ਜਦੋਂ ਵੀ ‘ਆਪ’ ਦੀ ਸੀਨੀਅਰ ਲੀਡਰਸ਼ਿਪ ਨੂੰ ਲੋੜ ਮਹਿਸੂਸ ਹੁੰਦੀ ਹੈ ਤਾਂ ਉਹ ਪੰਜਾਬ ਦੇ ਖ਼ਜ਼ਾਨੇ ਦੀ ਸੇਵਾ ਦਾ ਲਾਭ ਉਠਾਉਂਦੇ ਹਨ।

ਬਾਜਵਾ ਨੇ ਕਿਹਾ ਕਿ ਮੱਧ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅੰਤ ‘ਚ ਹੋਣੀਆਂ ਸਨ। ਸੂਬੇ ਦੀ ਆਰਥਿਕਤਾ ਨੂੰ ਹੁਣ ਤੱਕ ਦੇ ਸਭ ਤੋਂ ਭੈੜੇ ਦੌਰ ਵਿਚੋਂ ਕੱਢਣ ਲਈ ਰਣਨੀਤੀਆਂ ਘੜਨ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਉੱਥੇ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ ਅਤੇ ‘ਆਪ’ ਦੀ ਪੰਜਾਬ ਸਰਕਾਰ ਬਾਰੇ ਝੂਠਾ ਪ੍ਰਚਾਰ ਕਰ ਰਹੇ ਸਨ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਗੁਜਰਾਤ, ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੀ ਚੋਣ ਮੁਹਿੰਮ ਪੰਜਾਬ ਨੂੰ ਬਹੁਤ ਮਹਿੰਗੀ ਪਈ। ‘ਆਪ’ ਲੀਡਰਸ਼ਿਪ ਨੇ ਨਾ ਸਿਰਫ਼ ਉੱਥੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕੀਤੀ ਸਗੋਂ ਪੰਜਾਬ ਨੂੰ ‘ਆਪ’ ਦੇ ਸ਼ਾਸਨ ਕਾਲ ਵਿਚ ਚਮਕਾਉਣ ਦੇ ਤੌਰ ‘ਤੇ ਝੂਠਾ ਪ੍ਰਚਾਰ ਕਰਨ ਲਈ ਪੰਜਾਬ ਦੇ ਖ਼ਜ਼ਾਨੇ ਨੂੰ ਇਸ਼ਤਿਹਾਰਾਂ ‘ਤੇ ਵੀ ਲਾਪਰਵਾਹੀ ਨਾਲ ਖ਼ਰਚ ਕੀਤਾ।

“ਹੁਣ, ਚੋਣਾਂ ਮੱਧ ਪ੍ਰਦੇਸ਼ ਵਿੱਚ ਹੋਣੀਆਂ ਹਨ, ਫ਼ੰਡਾਂ ਦੀ ਘਾਟ ਵਾਲੇ ਸੂਬੇ (ਪੰਜਾਬ) ਨੂੰ ਇੱਕ ਵਾਰ ਫਿਰ ਝਟਕਾ ਲੱਗਣਾ ਤੈਅ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਪਾਰਟੀ ਦੇ ਵਿਸਥਾਰ ਲਈ ਸੂਬੇ ਦੇ ਸਰੋਤਾਂ ਦਾ ਸ਼ੋਸ਼ਣ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ”, ਬਾਜਵਾ ਨੇ ਅੱਗੇ ਕਿਹਾ।

ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦਣ ਜਾ ਰਹੀ ਹੈ। “ਇੱਥੇ ਮੈਂ ਦਿੱਲੀ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ‘ਆਪ’ ਪਿਛਲੇ ਲਗਭਗ 10 ਸਾਲਾਂ ਤੋਂ ਦਿੱਲੀ ਵਿੱਚ ਸੱਤਾ ਵਿੱਚ ਹੈ, ਉਸ ਨੇ ਹੁਣ ਤੱਕ ਦਿੱਲੀ ਲਈ ਥਰਮਲ ਪਲਾਂਟ ਕਿਉਂ ਨਹੀਂ ਖਰੀਦਿਆ?

Leave a Reply

Your email address will not be published. Required fields are marked *