ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪੀ.ਜੀ.ਆਰ.ਐੱਸ ਪੋਰਟਲ ‘ਤੇ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ 12 ਘੰਟੇ ਦੇ ਅੰਦਰ ਕਰਨ ਦੀਆਂ ਹਦਾਇਤਾਂ ਦਿੱਤੀਆਂ
ਸੁਸਾਸ਼ਨ ਸਪਤਾਹ (ਗੁੱਡ ਗਵਰਨੈਂਸ ਵੀਕ) ਦੌਰਾਨ ਜ਼ਿਲ੍ਹੇ ਭਰ ਵਿੱਚ ਲਗਾਏ ਜਾਣਗੇ ਵਿਸ਼ੇਸ਼ ਕੈਂਪ
ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ ) – ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਦੇਸ਼ ਵਿਆਪੀ ਮੁਹਿੰਮ ‘ਪ੍ਰਸ਼ਾਸਨ ਗਾਓਂ ਕੀ ਔਰ’ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 19 ਤੋਂ 24 ਦਸੰਬਰ ਤੱਕ ‘ਸੁਸਾਸ਼ਨ ਸਪਤਾਹ’ (ਗੁੱਡ ਗਵਰਨੈਂਸ ਵੀਕ) ਮਨਾਇਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਹਰਜਿੰਦਰ ਸਿੰਘ, ਆਈ.ਏ.ਐੱਸ. ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿੱਚ ਗੁੱਡ ਗਵਰਨੈਂਸ ਵੀਕ ਮਨਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਐੱਸ.ਡੀ.ਐੱਮ. ਦੀਨਾਨਗਰ. ਜਸਪਿੰਦਰ ਸਿੰਘ ਆਈ.ਏ.ਐੱਸ., ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ, ਐੱਸ.ਡੀ.ਐੱਮ. ਕਲਾਨੌਰ ਜਯੋਤਸਨਾ ਸਿੰਘ, ਐੱਸ.ਡੀ.ਐੱਮ. ਬਟਾਲਾ ਵਿਕਰਮਜੀਤ ਸਿੰਘ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਰਾਜਪਾਲ ਸਿੰਘ ਸੇਖੋਂ, ਐੱਸ.ਡੀ.ਐੱਮ. ਫ਼ਤਿਹਗੜ੍ਹ ਚੂੜੀਆਂ ਸ੍ਰੀਮਤੀ ਵੀਰਪਾਲ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ)ਹਰਜਿੰਦਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਦੇਸ਼ ਵਿਆਪੀ ਮੁਹਿੰਮ ‘ਪ੍ਰਸ਼ਾਸਨ ਗਾਓਂ ਕੀ ਔਰ’ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 19 ਤੋਂ 24 ਦਸੰਬਰ ਤੱਕ ‘ਸੁਸਾਸ਼ਨ ਸਪਤਾਹ’ (ਗੁੱਡ ਗਵਰਨੈਂਸ ਵੀਕ) ਮਨਾਇਆ ਜਾਵੇਗਾ, ਜਿਸ ਤਹਿਤ ਸੁਸਾਸ਼ਨ ਸਪਤਾਹ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐੱਸ) ਪੋਰਟਲ ‘ਤੇ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ 12 ਘੰਟੇ ਦੇ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਆਮ ਲੋਕਾਂ ਵੱਲੋਂ ਪੀ.ਜੀ.ਆਰ.ਐੱਸ ਪੋਰਟਲ ਰਾਹੀਂ ਭੇਜੀਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਨਿਸ਼ਚਿਤ ਸਮੇਂ ਵਿੱਚ ਹੱਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਸੁਸਾਸ਼ਨ ਸਪਤਾਹ ਦੌਰਾਨ ਵਿਸ਼ੇਸ਼ ਮੁਹਿੰਮ ਚਲਾਉਣ ਅਤੇ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਦੇਣ। ਉਨ੍ਹਾਂ ਕਿਹਾ ਕਿ 24 ਦਸੰਬਰ ਨੂੰ ਸੁਸਾਸ਼ਨ ਸਪਤਾਹ ਦੀ ਸਮਾਪਤੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸਦਰ ਮੁਕਾਮ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ ਜਿਸ ਵਿੱਚ ਸੇਵਾ ਮੁਕਤ ਪ੍ਰਸ਼ਾਸਨਿਕ ਅਧਿਕਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।