ਗੁਰਦਾਸਪੁਰ ਦੇ ਕ੍ਰਿਕਟ ਮੈਦਾਨ ਵਿੱਚ ਬਾਲਿੰਗ ਮਸ਼ੀਨ, ਸਪੀਡੋ ਮੀਟਰ ਅਤੇ ਇਲੈਕਟ੍ਰਾਨਿਕ ਸਕੋਰ ਬੋਰਡ ਸਥਾਪਤ ਕੀਤੇ ਗਏ

ਗੁਰਦਾਸਪੁਰ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਚੇਅਰਮੈਨ ਰਮਨ ਬਹਿਲ ਨੇ ਆਧੁਨਿਕ ਸਾਜੋ-ਸਮਾਨ ਦਾ ਉਦਘਾਟਨ ਕੀਤਾ

ਕ੍ਰਿਕਟ ਖਿਡਾਰੀਆਂ ਦੀ ਖੇਡ ਵਿੱਚ ਹੋਰ ਨਿਖਾਰ ਲਿਆਏਗਾ ਇਹ ਆਧੁਨਿਕ ਸਾਜੋ-ਸਮਾਨ – ਡਿਪਟੀ ਕਮਿਸ਼ਨਰ

ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ – ਰਮਨ ਬਹਿਲ

ਗੁਰਦਾਸਪੁਰ, 25 ਜੂਨ (ਸਰਬਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਇਨ੍ਹਾਂ ਯਤਨਾ ਸਕਦਾ ਹੀ ਸਰਕਾਰੀ ਕਾਲਜ ਗੁਰਦਾਸਪੁਰ ਦੇ ਕ੍ਰਿਕਟ ਮੈਦਾਨ ਵਿਖੇ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਸਹੂਲਤ ਲਈ ਬਾਲਿੰਗ ਮਸ਼ੀਨ, ਸਪੀਡੋ ਮੀਟਰ ਅਤੇ ਇਲੈਕਟ੍ਰਾਨਿਕ ਸਕੋਰ ਬੋਰਡ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੀ ਗਈ। ਇਨ੍ਹਾਂ ਅਤਿ-ਆਧੁਨਿਕ ਮਸ਼ੀਨਾਂ ਦੇ ਸਥਾਪਤ ਹੋਣ ਨਾਲ ਕ੍ਰਿਕਟ ਖੇਡਣ ਵਾਲੇ ਖਿਡਾਰੀ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੇ ਇਸ ਉਪਰਾਲੇ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

ਬਾਲਿੰਗ ਮਸ਼ੀਨ, ਸਪੀਡੋ ਮੀਟਰ ਅਤੇ ਇਲੈਕਟ੍ਰਾਨਿਕ ਸਕੋਰ ਬੋਰਡ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਆਧੁਨਿਕ ਸਾਜੋ-ਸਮਾਨ ਨਾਲ ਲੈਸ ਹੋਣ ਵਾਲਾ ਗੁਰਦਾਸਪੁਰ ਦਾ ਕ੍ਰਿਕਟ ਮੈਦਾਨ ਸੂਬੇ ਦਾ ਦੂਸਰਾ ਅਜਿਹਾ ਖੇਡ ਮੈਦਾਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਬਾਲਿੰਗ ਮਸ਼ੀਨ ਦੇ ਲੱਗਣ ਨਾਲ ਕ੍ਰਿਕੇਟ ਦੇ ਖਿਡਾਰੀ ਹੁਣ ਹੋਰ ਵੀ ਬੇਹਤਰ ਢੰਗ ਨਾਲ ਪ੍ਰੈਕਟਿਸ ਕਰਕੇ ਆਪਣੀ ਖੇਡ ਵਿੱਚ ਨਿਖਾਰ ਲਿਆ ਸਕਣਗੇ। ਇਸਦੇ ਨਾਲ ਹੀ ਸਪੀਡੋ ਮੀਟਰ ਬਾਲਰਾਂ ਦੀ ਸਪੀਡ ਮਾਪਣ ਵਿੱਚ ਸਹਾਈ ਹੋਵੇਗੀ ਅਤੇ ਉਹ ਆਪਣੀ ਬਾਲਿੰਗ ਦੀ ਸਪੀਡ ਵਿੱਚ ਹੋਰ ਵੀ ਸੁਧਾਰ ਕਰ ਸਕਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡ ਮੈਦਾਨ ਵਿੱਚ ਇਲੈਕਟ੍ਰੋਨਿਕ ਸਕੋਰ ਬੋਰਡ ਮੈਚਾਂ ਅਤੇ ਪਰੈਕਟਿਸ ਦੌਰਾਨ ਖਿਡਾਰੀਆਂ ਦੇ ਸਕੋਰ ਨੂੰ ਰਿਕਾਰਡ ਕਰਨ ਅਤੇ ਡਿਸਪਲੇਅ ਕਰਨ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡਾਂ ਦਾ ਸਾਜ਼ੋ-ਸਮਾਨ ਮੁਹੱਈਆ ਕਰਵਾਉਣ ਦੇ ਯਤਨ ਲਗਾਤਾਰ ਜਾਰੀ ਹਨ ਅਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਦੇ ਖੇਤਰ ਵਿੱਚ ਪੂਰੀ ਮਿਹਨਤ ਕਰਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ।

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਬਹਿਲ ਨੇ ਵੀ ਇਸ ਉੋਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਦਾਸਪੁਰ ਦੇ ਕ੍ਰਿਕਟ ਮੈਦਾਨ ਨੂੰ ਇਹ ਆਧੁਨਿਕ ਮਸ਼ੀਨਾਂ ਮਿਲਣ ਨਾਲ ਖਿਡਾਰੀਆਂ ਦੀ ਖੇਡ ਵਿੱਚ ਨਿਖਾਰ ਆਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ ਅਤੇ ਅਜਿਹੇ ਕਦਮ ਇਸੇ ਦਿਸ਼ਾ ਵੱਲ ਹੀ ਚੁੱਕੇ ਜਾ ਰਹੇ ਹਨ।

ਇਸ ਮੌਕੇ ਕ੍ਰਿਕੇਟ ਕੋਚ ਰਾਕੇਸ਼ ਮਾਰਸ਼ਲ, ਸੰਜੀਵ ਸਰਪਾਲ, ਹੈਪੀ ਗੁਰਦਾਸਪੁਰੀਆ, ਹਰਜੋਤ ਸਿੰਘ, ਪਵਨ ਕੁਮਾਰ, ਜਤਿੰਦਰ ਕੁਮਾਰ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਕ੍ਰਿਕਟ ਖੇਡ ਦਾ ਇਹ ਸਮਾਨ ਖਿਡਾਰੀਆਂ ਨੂੰ ਪਰੈਕਟਿਸ ਕਰਨ ਵਿੱਚ ਬਹੁਤ ਸਹਾਇਤਾ ਕਰੇਗਾ ਅਤੇ ਗੁਰਦਾਸਪੁਰ ਦੇ ਖਿਡਾਰੀ ਆਪਣੀ ਖੇਡ ਪ੍ਰੀਤਿਬਾ ਨੂੰ ਹੋਰ ਵੀ ਨਿਖਾਰ ਸਕਣਗੇ।

Leave a Reply

Your email address will not be published. Required fields are marked *