ਸਮਾਜਿਕ ਬਰਾਬਰੀ ਲਈ ਔਰਤ ਅੰਦੋਲਨ ਅਤੇ ਨਸ਼ੇ ਵਿਰੋਧੀ ਮੁਹਿੰਮ ਨੂੰ ਮਜ਼ਬੂਤ ਕਰਨ ਦਾ ਸੱਦਾ
ਮਾਨਸਾ, ਗੁਰਦਾਸਪੁਰ 24 ਜੂਨ (ਸਰਬਜੀਤ ਸਿੰਘ)– ਗੁਰਸੇਵਕ ਸਿੰਘ ਮਾਨ (ਸਕੱਤਰ, ਤਹਿਸੀਲ ਕਮੇਟੀ ਮਾਨਸਾ) ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਜਾਣੀ ਪਛਾਣੀ ਇਨਕਲਾਬੀ ਆਗੂ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਲੀਡਰ ਕਾਮਰੇਡ ਜੀਤਾ ਕੌਰ ਦੀ ਸੋਲ੍ਹਵੀਂ ਬਰਸੀ ਅੱਜ ਇਥੇ ਸੀਪੀਆਈ (ਐਮ ਐਲ) ਲਿਬਰੇਸ਼ਨ ਤੇ ਪ੍ਰਗਤੀਸ਼ੀਲ ਇਸਤਰੀ ਸਭਾ ਵਲੋਂ ਚੇਤਨਾ ਕਨਵੈਨਸ਼ਨ ਦੇ ਰੂਪ ਵਿਚ ਮਨਾਈ ਗਈ । ਇਸ ਮੌਕੇ ਸਮਾਜਿਕ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਬਰਾਬਰੀ ਲਈ ਔਰਤਾਂ ਨੂੰ ਸੰਗਠਤ ਕਰਨ ਅਤੇ ਨਸ਼ੇ ਨਹੀਂ- ਰੁਜ਼ਗਾਰ ਦਿਓ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਯਾਦ ਰਹੇ ਕਿ ਮਾਨਸਾ ਵਿਖੇ ਪਾਰਟੀ ਆਰਗੇਨਾਈਜਰ ਵਜੋਂ ਕੰਮ ਕਰ ਰਹੀ ਕਾਮਰੇਡ ਜੀਤਾ ਕੌਰ ਕੈਂਸਰ ਦੀ ਨਾ ਮੁਰਾਦ ਬੀਮਾਰੀ ਕਾਰਨ 23 ਜੂਨ 2007 ਨੂੰ 48 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ ਸਨ।
ਇੱਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਬਲਵਿੰਦਰ ਕੌਰ ਵੈਰਾਗੀ, ਕ੍ਰਿਸ਼ਨਾ ਕੌਰ, ਮਨਜੀਤ ਕੌਰ ਆਲੋਅਰਖ, ਕ੍ਰਿਸ਼ਨਾ ਕੌਰ ਅਤੇ ਸੁਖਦੇਵ ਕੌਰ ਸੁਨਾਮ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਨੂੰ ਪੰਜਾਬ ਦੇ ਕੇਂਦਰੀ ਇੰਚਾਰਜ ਕਾਮਰੇਡ ਪਰਸ਼ੋਤਮ ਸ਼ਰਮਾ, ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ, ਮਜ਼ਦੂਰ ਮੁਕਤੀ ਮੋਰਚੇ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਲੈਕਚਰਾਰ ਹਰਪ੍ਰੀਤ ਕੌਰ ਬਬਲੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਾਮਰੇਡ ਜੀਤਾ ਕੌਰ ਨੇ ਆਪਣੇ ਜੀਵਨ ਸਫ਼ਰ ਦੌਰਾਨ ਇਸ ਪਿਛਾਖੜੀ ਸਮਾਜ ਚ ਔਰਤਾਂ ਦੀ ਆਜ਼ਾਦੀ ਅਤੇ ਨਵੇਂ ਖੁਸ਼ਹਾਲ ਭਾਰਤ ਦੀ ਸਿਰਜਣਾ ਲਈ ਅਥੱਕ ਸੰਘਰਸ਼ ਕੀਤਾ। ਅੱਜ ਦੇਸ਼ ਦੇ ਹਾਕਮ ਕੇਂਦਰ ਪੱਧਰ ‘ਤੇ ਸਾਰੇ ਕੁਦਰਤੀ ਸੋਮੇ ਤੇ ਪੈਦਾਵਾਰੀ ਸਾਧਨ ਕਾਰਪੋਰੇਟ ਕੰਪਨੀਆਂ ਦੀ ਝੋਲੀ ਪਾ ਰਹੇ ਹਨ ਅਤੇ ਦੇਸ਼ ਵਿਚੋਂ ਲੋਕਤੰਤਰ ਦਾ ਖਾਤਮਾ ਕਰਕੇ ਫਿਰਕੂ ਫਾਸ਼ੀਵਾਦ ਨੂੰ ਪੱਕੇ ਪੈਰੀਂ ਕਰਨ ਰਹੇ ਹਨ। ਸੂਬਾ ਸਰਕਾਰ ਇੰਨਾਂ ਪੰਜਾਬ ਵਿਰੋਧੀ ਤੇ ਜਮਹੂਰੀਅਤ ਵਿਰੋਧੀ ਨੀਤੀਆਂ ਖਿਲਾਫ ਲੜਨ ਦੀ ਬਜਾਏ, ਬੇਤੁੱਕੇ ਅੰਡੇ ਉਛਾਲ ਰਹੀ ਹੈ। ਸੂਬੇ ਵਿਚ ਨਸ਼ੇ ਦੇ ਕਾਲੇ ਕਾਰੋਬਾਰੀ ਅਤੇ ਕਬਜ਼ਾ ਮਾਫੀਆ ਨੂੰ ਖੁੱਲੇਆਮ ਸਰਗਰਮ ਹਨ। ਜਿਸ ਦੇ ਖ਼ਿਲਾਫ਼ ਬਹੁਤ ਵੱਡੀ ਜਨਤਕ ਲਹਿਰ ਖੜੀ ਕਰਨ ਦੀ ਲੋੜ ਹੈ। ਕਾਮਰੇਡ ਰਾਣਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਦਲ ਦਲ ਬਣਾ ਦਿੱਤਾ ਗਿਆ ਹੈ, ਜਿਸ ਵਿਰੁੱਧ ਲਿਬਰੇਸ਼ਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਵੱਡਾ ਹੁਲਾਰਾ ਦੇਣ ਦੀ ਲੋੜ ਹੈ।
ਇਸ ਸਮਾਗਮ ਨੂੰ ਪਾਰਟੀ ਆਗੂ ਸੁਖਦਰਸ਼ਨ ਸਿੰਘ ਨੱਤ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੁੜੇਕੇ, ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਭੀਖੀ, ਹਰਭਗਵਾਨ ਭੀਖੀ, ਕਾਮਰੇਡ ਛੱਜੂ ਸਿੰਘ ਦਿਆਲਪੁਰਾ, ਗੁਰਸੇਵਕ ਸਿੰਘ ਮਾਨ, ਆਇਸਾ ਆਗੂ ਸੁਖਜੀਤ ਰਾਮਾਨੰਦੀ, ਨੇ ਵੀ ਸੰਬੋਧਨ ਕੀਤਾ।