ਮੁਫ਼ਤ ਬੱਸ ਯਾਤਰਾ ਰਾਹੀਂ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਨੂੰ ਜ਼ਿਲ੍ਹੇ ਦੇ ਅਮੀਰ ਇਤਿਹਾਸਕ ਅਤੇ ਧਾਰਮਿਕ ਵਿਰਸੇ ਦੇ ਦਰਸ਼ਨ ਕਰਵਾਏ ਗਏ

ਗੁਰਦਾਸਪੁਰ

ਗੁਰਦਾਸਪੁਰ, 22 ਮਈ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟਜ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਅਮੀਰ ਧਾਰਮਿਕ ਅਤੇ ਇਤਿਹਾਸਕ ਵਿਰਸੇ ਨੂੰ ਉਜਾਗਰ ਕਰਨ, ਸੰਭਾਲਣ ਅਤੇ ਪ੍ਰਚਾਰਣ ਦੇ ਯਤਨਾਂ ਤਹਿਤ ਚਲਾਏ ਜਾ ਰਹੇ `ਵਿਰਸਾ ਦਰਸ਼ਨ` ਪ੍ਰੋਗਰਾਮ ਤਹਿਤ ਅੱਜ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਨੂੰ ਜ਼ਿਲ੍ਹੇ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਗਏ। ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਰਿਟਾਇਡ ਪ੍ਰੋ. ਰਾਜ ਕੁਮਾਰ ਸ਼ਰਮਾਂ ਨੇ ਸਥਾਨਕ ਪੰਚਾਇਤ ਭਵਨ ਵਿਖੇ ਹਰੀ ਝੰਡੀ ਦਿਖਾ ਕੇ ਵਿਸ਼ੇਸ਼ ਯਾਤਰੂ ਬੱਸ ਨੂੰ ਰਵਾਨਾ ਕੀਤਾ।

ਇਸ ਯਾਤਰਾ ਰਾਹੀਂ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਦੇ ਦਰਸ਼ਨ ਕੀਤੇ। ਛੋਟਾ ਘੱਲੂਘਾਰਾ ਦੀ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਸ਼ਹੀਦੀ ਗੈਲਰੀ ਦੇਖਣ ਤੋਂ ਇਲਾਵਾ ਇੱਕ ਵਿਸ਼ੇਸ਼ ਦਸਤਾਵੇਜੀ ਫਿਲਮ ਵੀ ਦੇਖੀ। ਇਸ ਉਪਰੰਤ ਯਾਤਰਾ ਦੇ ਅਗਲੇ ਪੜਾਵਾਂ ਤਹਿਤ ਵਿਦਿਆਰਥੀਆਂ ਨੇ ਗੁਰਦਾਸ ਨੰਗਲ ਗੜ੍ਹੀ, ਸ਼ਿਵ ਮੰਦਰ ਕਲਾਨੌਰ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਚੋਲਾ ਸਾਹਿਬ ਡੇਰਾ ਬਾਬਾ ਨਾਨਕ, ਸ੍ਰੀ ਧਿਆਨਪੁਰ ਧਾਮ, ਬਟਾਲਾ ਵਿਖੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕੀਤੇ। ਬਾਅਦ ਦੁਪਹਿਰ ਇਹ ਯਾਤਰਾ ਵਾਪਸ ਗੁਰਦਾਸਪੁਰ ਵਿਖੇ ਪਹੁੰਚ ਕੇ ਸਮਾਪਤ ਹੋਈ।

ਵਿਦਿਆਰਥੀਆਂ ਨੇ ਵਿਰਸਾ ਦਰਸ਼ਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਜ਼ਿਲ੍ਹਾ ਹੈਰੀਟਜ ਸੁਸਾਇਟੀ ਗੁਰਦਾਸਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਜ਼ਿਲ੍ਹਾ ਦਾ ਵਿਰਸਾ ਬਹੁਤ ਅਮੀਰ ਹੈ ਅਤੇ ਅੱਜ ਉਨ੍ਹਾਂ ਨੇ ਬਹੁਤ ਸਾਰੇ ਸਥਾਨਾਂ ਦੇ ਪਹਿਲੀ ਵਾਰ ਦਰਸ਼ਨ ਕੀਤੇ ਹਨ।

ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਅਮੀਰ ਧਾਰਮਿਕ ਅਤੇ ਇਤਿਹਾਸਕ ਵਿਰਸੇ ਦੇ ਦਰਸ਼ਨਾਂ ਲਈ ਗੁਰਦਾਸਪੁਰ ਤੇ ਬਟਾਲਾ ਤੋਂ ਹਫ਼ਤਾਵਾਰੀ ਮੁਫ਼ਤ ਬੱਸਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਰਾਹੀਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਜ਼ਿਲ੍ਹਾ ਵਾਸੀਆਂ ਨੂੰ ਵਿਰਸੇ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਸਦਕਾ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲ ਜੁੜਨ ਦੇ ਨਾਲ ਵਿਰਸੇ ਦੀ ਸੰਭਾਲ ਲਈ ਵੀ ਅੱਗੇ ਆ ਰਹੀ ਹੈ।      

Leave a Reply

Your email address will not be published. Required fields are marked *