ਡਾਇਰੈਕਟਰ ਖੇਤੀਬਾੜੀ ਪੰਜਾਬ ਵੱਲੋਂ ਜ਼ਿਲਾ ਗੁਰਦਾਸਪੁਰ ਵਿੱਚ ਮਿਆਰੀ ਬਾਸਮਤੀ ਦੀ ਪੈਦਾਵਾਰ ਕਰਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਗੁਰਦਾਸਪੁਰ, 22 ਮਈ (ਸਰਬਜੀਤ ਸਿੰਘ)–ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਂਵਾਂ ਜਾਣ ਤੋਂ ਰੋਕਣ ਅਤੇ ਮਿਆਰੀ ਬਾਸਮਤੀ ਦੇ ਨਿਰਯਾਤ ਵਿੱਚ ਵਾਧਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰੰਮ ਤਹਿਤ ਬਾਸਮਤੀ ਕਾਸਤਕਾਰਾਂ ਨੂੰ ਮਿਆਰੀ ਬਾਸਮਤੀ ਪੈਦਾ ਕਰਨ ਲਈ ਜਾਗਰੁਕ ਕੀਤਾ ਜਾ ਰਿਹਾ ਹੈ।ਇਸ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ,ਡਾ. ਗੁਰਵਿੰਦਰ ਸਿੰਘ ਖਾਲਸਾ ਵੱਲੋਂ ਜ਼ਿਲਾ ਗੁਰਦਾਸਪੁਰ ਵਿੱਚ ਕੀਤੇ ਜਾ ਕਾਰਜਾਂ ਦਾ ਜਾਇਜ਼ਾ ਲੈਣ ਲਈ ਸਮੂਹ ਖੇਤੀਬਾੜੀ ਅਧਿਕਾਰੀਆਂ ਨਾਲ ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿਖੇ ਮੀਟਿੰਗ ਕਰਨ ਉਪਰੰਤ ਬਲਾਕ ਦੀਨਾਨਗਰ ਅਤੇ ਗੁਰਦਾਸਪੁਰ ਦੇ ਕੁਝ ਕਿਸਾਨਾਂ ਨਾਲ ਟੈਲੀਫੂਨ ਤੇ ਗੱਲਬਾਤ ਵੀ ਕੀਤੀ। ਮੀਟਿੰਗ ਵਿੱਚ ਡਾ. ਕਿਰਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ.ਅਮਰੀਕ ਸਿੰਘ ਜ਼ਿਲਾ ਸਿਖਲਾਈ ਅਫਸਰ, ਡਾ. ਰਣਧੀਰ ਸਿੰਘ, ਡਾ.ਹੀਰਾ ਸਿੰਘ, ਡਾ. ਸੰਜੀਵ ਕੁਮਾਰ ਸ਼ਰਮਾ ਖੇਤੀਬਾੜੀ ਅਫਸਰ, ਮੋਹਨ ਸਿੰਘ ਖੇਤੀ ਵਿਸਥਾਰ ਅਫਸਰ ਸਮੇਤ ਸਮੂਹ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਵਿੱਚ ਸ਼ਾਮਿਲ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਤੋਂ ਚਿੰਤਤ ਮਾਨਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਜੀ ਦੀ ਅਗਵਾਈ ਹੇਠ ਮੰਤਰੀਆਂ ਦੇ ਸਮੂਹ ਦੀ ਮਿਤੀ 16 ਫਰਵਰੀ 2023 ਨੂੰ ਹੋਈ ਮੀਟਿੰਗ ਵਿੱਚ ਕੀਤੇ ਫੈਸਲੇ ਅਨੁਸਾਰ ਸਾਲ 2023-24 ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਝੋਨੇ ਹੇਠੋਂ ਰਕਬਾ ਕੱਢ ਕੇ ਬਾਸਮਤੀ ਹੇਠ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ, ਇਸ ਫੈਸਲੇ ਅਨੁਸਾਰ ਪੰਜਾਬ ਦੇ ਪੰਜ ਜ਼ਿਲਿਆਂ ਫਿਰੋਜ਼ਪੁਰ,ਫਜ਼ਿਲਕਾ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ 36 ਬਲਾਕਾਂ ਦੀ ਚੋਣ ਕੀਤੀ ਗਈ ਹੈ। ਇਨਾਂ 36 ਬਲਾਕਾਂ ਵਿੱਚ 3236 ਬਾਸਮਤੀ ਉਤਪਾਦਕ ਪਿੰਡਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫੈਸਲੇ ਅਨੁਸਾਰ ਮਿਆਰੀ ਬਾਸਮਤੀ ਪੈਦਾਵਾਰ ਕਰਨ ਲਈ ਖੇਤੀ ਪਸਾਰ ਸੇਵਾਵਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਉਨਾਂ ਦੱਸਿਆ ਕਿ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਚੁਣੇ ਗਏ ਹਰੇਕ ਦੋ ਪਿੰਡਾਂ ਪਿੱਛੇ ਇੱਕ ਕਿਸਾਨ ਮਿੱਤਰ ਨਿਯੁਕਤ ਗਿਆ ਹੈ ਜੋ ਪਨੀਰੀ ਦੀ ਬਿਜਾਈ ਤੋਂ ਲੈ ਕੇ ਪਰਾਲੀ ਦੀ ਸੰਭਾਲ ਤੱਕ ਬਾਸਮਤੀ ਉਤਪਾਦਕਾਂ ਤੱਕ ਬਾਸਮਤੀ ਦੀ ਕਾਸਤਕਾਰੀ ਤਕਨੀਕਾਂ ਪਹੁੰਚਾਉਣ ਵਿੱਚ ਮਦਦ ਕਰਨਗੇ।ਫੈਸਲੇ ਅਨੁਸਾਰ ਚੁਣੇ ਪਿੰਡਾਂ ਵਿੱਚ ਸੁਪਰਵੀਜ਼ਨ ਲਈ 108 ਖੇਤੀਬਾੜੀ ਗ੍ਰੈਜ਼ੂਏਟਾਂ ਨੂੰ ਬਤੌਰ ਸੁਪਰਵਾਈਜ਼ਰ ਵੀ ਨਿਯੁਕਤ ਕੀਤਾ ਗਿਆ ਹੈ। ਉਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਬਾਸਮਤੀ ਹੇਠ ਰਕਬਾ ਵਧਾ ਕੇ ਮਿਆਰੀ ਬਾਸਮਤੀ ਪੈਦਾ ਕਰਨ ਲਈ ਸਮੂਹ ਅਧਿਕਾਰੀ ਕਰਮਚਾਰੀਆਂ ਨੂੰ ਟੀਚਿਆਂ ਦੀ ਵੰਡ ਕੀਤੀ ਜਾਵੇ ਅਤੇ ਅਗਲੇ 10 ਦਿਨਾਂ ਦੌਰਾਨ ਬਾਸਮਤੀ ਕਾਸ਼ਤਕਾਰਾਂ ਤੱਕ ਪਹੁੰਚ ਕਰਕੇ ਬੀਜ ਅਤੇ ਜੜਾਂ ਦੀ ਸੋਧ ਕਰਨ ਬਾਰੇ ਜਾਗਰੁਕ ਕੀਤਾ ਜਾਵੇ ਤਾਂ ਜੋ ਝੰਡਾ ਰੋਗ ਦੀ ਰੋਕਥਾਮ ਕੀਤੀ ਜਾ ਸਕੇ।
ਡਾ. ਕ੍ਰਿਪਾਲ ਸਿੰਘ ਨੇ ਜ਼ਿਲਾ ਗੁਰਦਾਸਪੁਰ ਵਿੱਚ ਮਿਆਰੀ ਬਾਸਮਤੀ ਪੈਦਾ ਕਰਨ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਸਮਤੀ ਦੀ ਕਾਸਤ ਕਰਨ ਵਾਲੇ 710 ਪਿੰਡਾਂ ਦੀ ਪਹਿਚਾਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਜ਼ਿਲਾ ਗੁਰਦਾਸਪੁਰ 44 ਹਜ਼ਾਰ ਰਕਬੇ ਵਿੱਚ ਬਾਸਮਤੀ ਦੀ ਕਾਸਤ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ 355 ਕਿਸਾਨ ਮਿੱਤਰ ਅਤੇ 33 ਸੁਪਵਾਈਜ਼ਰ ਨਿਯੁਕਤ ਕੀਤੇ ਗਏ ਜੋ ਫੀਲਡ ਸਟਾਫ ਨਾਲ ਪਿੰਡਾਂ ਵਿੱਚ ਬਾਸਮਤੀ ਦੀਆਂ ਕਾਸਤਕਾਰੀ ਤਕਨੀਕਾਂ ਪਹੁੰਚਾਉਣ ਵਿੱਚ ਮਦਦ ਕਰਨਗੇ।ਉਨਾਂ ਕਿਹਾ ਕਿ ਮਿਆਰੀ ਬਾਸਮਤੀ ਪੈਦਾਵਾਰ ਕਰਨ ਲਈ ਪਾਬੰਦੀਸ਼ੁਦਾ 10 ਕੀਟਨਾਸ਼ਕਾਂ ਦੀ ਵੇਚਣ ਤੇ ਲਗਾਈ ਪਾਬੰਦੀ ਬਾਰੇ ਸਮੂਹ ਡੀਲਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀਆਂ ਕਾਸ਼ਤਕਾਰੀ ਤਕਨੀਕਾਂ ਬਾਰੇ ਜਾਗਰੁਕ ਕਰਨ ਲਈ ਪਿੰਡ ਪੱਧਰ ਅਤੇ ਬਲਾਕ ਪੱਧਰ ਤੇ ਕਿਸਾਨ ਜਾਗਰੁਕ ਕੈਂਪ ਲਗਾਏ ਜਾ ਰਹੇ ਹਨ।ਉਨਾਂ ਦੱਸਿਆ ਕਿ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਤੱਕ ਪਹੁੰਚ ਕਰਨ ਲਈ ਜਾਗਰੁਕ ਕੈਂਪਾਂ ਤੋਂ ਇਲਾਵਾ ਸੋਸ਼ਲ ਅਤੇ ਪ੍ਰਿੰਟ ਮੀਡੀਆਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਯੂ ਟਿਊਬ ਚੈਨਲ “ਉੱਤਮ ਖੇਤੀ,ਪੰਜਾਬ ਅਤੇ ਵਟਸਐਪ ਸਮੂਹਾਂ ਤੋਂ ਇਲਾਵਾ ਮਹੀਨਾਵਾਰ ਡਿਜ਼ੀਟਲ ਮੈਗਜ਼ੀਨ ਰਾਹੀਂ ਵੀ ਮਿਆਰੀ ਬਾਸਮਤੀ ਪੈਦਾ ਕਰਨ ਲਈ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਬਾਸਮਤੀ ਵਿੱਚ ਝੰਡਾ ਰੋਗ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਬਾਸਮਤੀ ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਬੀਜ ਨੂੰ ਸੋਧਣ ਉਪਰੰਤ ਹੀ ਬੀਜੀ ਜਾਵੇ ਅਤੇ ਜੁਲਾਈ ਦੇ ਪਹਿਲੇ ਪੰਦਰਵਾੜੇ ਦੌਰਾਨ ਪਨੀਰੀ ਦੀਆਂ ਜੜਾਂ ਨੂੰ ਸੋਧ ਕੇ ਹੀ ਲਵਾਈ ਕੀਤੀ ਜਾਵੇ। ਮੀਟਿੰਗ ਉਪਰੰਤ ਡਾਇਰੈਕਟਰ ਖੇਤੀਬਾੜੀ,ਪੰਜਾਬ ਨੇ ਬਲਾਕ ਗੁਰਦਾਸਪੁਰ ਅਤੇ ਦੀਨਾਨਗਰ ਦੇ ਕੁਝ ਕਿਸਾਨਾਂ,ਕਿਸਾਨ ਮਿੱਤਰਾਂ ਅਤੇ ਸਰਪੰਚ ਸਹਿਬਾਨ ਨਾਲ ਟੈਲੀਫੂਨ ਤੇ ਗੱਲਬਾਤ ਕੀਤੀ ਗਈ ਅਤੇ ਮਿਆਰੀ ਬਾਸਮਤੀ ਪੈਦਾ ਕਰਨ ਲਈ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆ ਬਾਰੇ ਫੀਡਬੈਕ ਲਈ ਅਤੇ ਕਿਸਾਨਾਂ ਤੋਂ ਮਿਲੀ ਫੀਡਬੈਕ ਤੇ ਉਨਾਂ ਤਸੱਲੀ ਦਾ ਪ੍ਰਗਟਾਵਾ ਕੀਤਾ।